ਅੱਜ ਤੋਂ ਕੋਈ ਪੰਜਾਹ ਸੱਠ ਸਾਲ ਪਹਿਲਾਂ ਜਦੋ ਪੀਣ ਵਾਲੇ ਪਾਣੀ ਦੀ ਕਿੱਲਤ ਹੁੰਦੀ ਸੀ। ਲੋਕ ਖੂਹ ਟੋਬਿਆਂ ਤੋਂ ਪਾਣੀ ਭਰਦੇ। ਔਰਤਾਂ ਵੀਹ ਵੀਹ ਘੜੇ ਪਾਣੀ ਦੇ ਭਰਕੇ ਲਿਆਉਂਦੀਆਂ। ਲੋਕ ਊਠਾਂ ਗੱਡਿਆਂ ਤੇ ਪਾਣੀ ਲਿਆਉਂਦੇ। ਘਰਾਂ ਵਿੱਚ ਝਿਉਰ ਪਾਣੀ ਪਾਉਣ ਆਉਂਦੇ। ਜਿੰਨਾਂ ਨੂੰ ਮਹਿਰੇ ਵੀ ਆਖਿਆ ਜਾਂਦਾ ਸੀ। ਕੁਝ ਲੋਕ ਮਸ਼ਕਾਂ ਨਾਲ ਪਾਣੀ ਭਰਦੇ। ਛੱਪੜਾਂ ਦੇ ਗੰਦੇ ਪਾਣੀ ਨੂੰ ਫਟਕਰੀ ਪਾ ਕੇ ਸਾਫ ਕੀਤਾ ਜਾਂਦਾ। ਪੋਣੀਆਂ ਨਾਲ ਪਾਣੀ ਸਾਫ ਕੀਤਾ ਜਾਂਦਾ। ਮੀਂਹ ਦਾ ਪਾਣੀ ਇੱਕਠਾ ਕੀਤਾ ਜਾਂਦਾ ਤੇ ਹੋਲੀ ਹੋਲੀ ਵਰਤਿਆ ਜਾਂਦਾ। ਕੱਦੇ ਨਹੀਂ ਸੁਣਿਆ ਸੀ ਕਿ ਪਾਣੀ ਪੀਣ ਨਾਲ ਇਨਫੈਕਸ਼ਨ ਹੋ ਗਈ। ਫਿਰ ਅਸੀਂ ਉਨਤੀ ਕਰ ਲਈ। ਵਿਕਾਸ ਕਰ ਲਿਆ। ਸ਼ਹਿਰਾਂ ਦੀ ਰੀਸੋ ਰੀਸ ਪਿੰਡਾਂ ਵਿੱਚ ਵਾਟਰ ਵਰਕਸ ਯਾਨੀ ਜਲ ਘਰ ਬਣ ਗਏ। ਸਾਫ ਤੇ ਸੁੱਧ ਪਾਣੀ ਟੂਟੀਆਂ ਰਾਹੀਂ ਘਰ ਘਰ ਪਹੁੰਚਣ ਲਗਿਆ। ਨਲਕੇ, ਬੰਬੀ, ਮੱਛੀ ਮੋਟਰ ਨਾਲ ਹੋਰ ਵੀ ਮੌਜਾਂ ਲੱਗ ਗਈਆਂ। ਵਾਟਰ ਵਰਕਸ ਦਾ ਪਾਣੀ ਸਾਡੇ ਲਈ ਨਿਆਮਤ ਸੀ। ਪੁੰਨਣ ਦਾ ਝੰਜਟ ਨਹੀਂ ਸੀ। ਫਿਰ ਘਰੇ ਆਉਂਦਾ ਸੀ। ਲਿਆਉਣ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ। ਟੂਟੀ ਤੋਂ ਰਬੜ ਦੀ ਪਾਈਪ ਲਗਾ ਕੇ ਪਾਣੀ ਨੂੰ ਆਸਾਨੀ ਨਾਲ ਘੜੇ ਤੱਕ ਬਗੀਚੀ ਤੱਕ ਇਥੋਂ ਤਕ ਕੇ ਬਾਇਕ ਕਾਰ ਧੋਣ ਲਈ ਅੱਗੇ ਲਿਜਾਇਆ ਜਾਣ ਲੱਗਾ। ਲੋਕਾਂ ਨੇ ਘਰੇ ਡਿਗੀਆਂ ਬਣਾ ਲਈਆਂ। ਤੇ ਫਿਰ ਛੱਤਾਂ ਤੇ ਵੱਡੇ ਵੱਡੇ ਟੈਂਕ ਬਣਾਉਣ ਦਾ ਚਲਣ ਆ ਗਿਆ ਜੋ ਅੱਜ ਵੀ ਜਾਰੀ ਹੈ।
ਫਿਰ ਵਾਟਰ ਵਰਕਸ ਦਾ ਪਾਣੀ ਦੂਸ਼ਿਤ ਹੋ ਗਿਆ। ਸੀਵਰ ਦਾ ਗੰਦਾ ਪਾਣੀ ਨਾਲ ਮਿਕਸ ਹੋਣ ਲੱਗਿਆ। ਪਾਣੀ ਵਿੱਚ ਸ਼ੋਰਾ ਆਮ ਗੱਲ ਹੋ ਗਈ। ਜਮੀਨ ਦਾ ਪਾਣੀ ਵੀ ਦੂਸ਼ਿਤ ਹੋ ਗਿਆ। ਪੀਣ ਲਈ ਕੰਪਨੀਆਂ ਨੇ ਮਿਨਰਲ ਵਾਟਰ ਸ਼ੁਰੂ ਕਰ ਦਿੱਤਾ। ਬਿਸਲੇਰੀ ਪਾਣੀ ਤੋਂ ਬਾਦ ਹੋਰ ਕੰਪਨੀਆਂ ਬਜ਼ਾਰ ਵਿੱਚ ਆਈਆਂ। ਫਿਰ ਪੀਣ ਵਾਲੇ ਸਾਫ ਪਾਣੀ ਦੀਆਂ ਕੇਨੀਆਂ ਘਰ ਘਰ ਦੁਕਾਨ ਦੁਕਾਨ ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ।
ਅੱਜ ਕੱਲ ਇਹ ਪਾਣੀ ਦਾ ਵੀ ਧੰਦਾ ਚੱਲ ਪਿਆ। ਕਰੋੜਾਂ ਦਾ ਪਾਣੀ ਵਿਕਣਾ ਸ਼ੁਰੂ ਹੋ ਗਿਆ। ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ।ਵਰਗੇ ਸੰਦੇਸ਼ ਦੀ ਅਸੀਂ ਕਦਰ ਨਾ ਕੀਤੀ।
ਹੁਣ ਅੱਜ ਕੱਲ ਦੇ ਕੇਨੀਆਂ ਵਾਲੇ ਝਿਉਰਾਂ ਕੋਲੋ ਲੈ ਕੇ ਫਿਰ ਤੋਂ ਪਾਣੀ ਪੀਣ ਲੱਗ ਪਏ। ਮੁੜ ਅਸੀਂ ਉਸੇ ਯੁੱਗ ਵਿੱਚ ਪਹੁੰਚ ਗਏ। ਪੀਣ ਵਾਲੇ ਪਾਣੀ ਤੋਂ ਚੱਲਿਆ ਸਾਡਾ ਵਿਕਾਸ ਪੀਣ ਵਾਲੇ ਪਾਣੀ ਤੇ ਅਟਕ ਗਿਆ।
ਰਮੇਸ਼ ਸੇਠੀ ਬਾਦਲ
98766 27233