ਪਾਪਾ ਦਿਵਸ | papa diwas

ਗੱਲ 1972-73 ਦੇ ਲਾਗੇ ਦੀ ਹੈ। ਸਾਡੇ ਸਕੂਲ ਵਿਚ ਇੱਕ ਹਿੰਦੀ ਦੇ ਮਾਸਟਰ ਜੀ ਹੁੰਦੇ ਸਨ ਪਿੰਡ ਲੇਲਿਆਂ ਵਾਲੀ (ਬਠਿੰਡਾ) ਤੋ। ਤੇ ਸ਼ਾਇਦ ਓਹ ਪੰਡਿਤ ਸਨ। ਇੱਕ ਦਿਨ ਪਿੰਡੋ ਥੋੜਾ ਲੇਟ ਆਏ ਤੇ ਆ ਕੇ ਮੈਨੂੰ ਕਹਿੰਦੇ ਸੇਠੀ ਜਾ ਘਰੋ ਚਾਰ ਫੁਲਕੇ ਬਣਵਾ ਲਿਆ। ਤੇ ਮੈ ਘਰੇ ਚਲਾ ਗਿਆ। ਘਰੇ ਗਿਆ ਤਾਂ ਮੇਰੀ ਮਾਤਾ ਜੀ ਘਰ ਨਹੀ ਸਨ। ਓਹ ਕਿਸੇ ਮਰਗ ਵਾਲੇ ਘਰੇ ਗਏ ਹੋਏ ਸਨ। ਹੁਣ ਮਾਸਟਰ ਜੀ ਨੇ ਰੋਟੀ ਦਾ ਆਖਿਆ ਤੇ ਰੋਟੀ ਬਣਾਉਣ ਵਾਲਾ ਘਰੇ ਕੋਈ ਨਾ। ਮੇਰੀ ਇੱਜਤ ਦਾ ਸਵਾਲ ਸੀ। ਮੇਰੇ ਪਾਪਾ ਜੀ ਅਖਬਾਰ ਪੜ੍ਹ ਰਹੇ ਸਨ। ਓਹ ਹਿੰਦ ਸਮਾਚਾਰ ਉਰਦੂ ਪੜ੍ਹਦੇ ਹੁੰਦੇ ਸਨ। ਮੈ ਓਹਨਾ ਨੂੰ ਸਾਰੀ ਗੱਲ ਦੱਸੀ। ਕਹਿੰਦੇ ਫਿਕਰ ਨਾ ਕਰ। ਓਹਨਾ ਨੇ ਆਪ ਆਟਾ ਗੁੰਨਿਆ। ਆਲੂਆਂ ਦੀ ਸਬਜੀ ਬਣਾਈ ਤੇ ਵਿਚ ਵਾਹਵਾ ਸਾਰਾ ਦੇਸੀ ਘਿਓ ਪਾ ਦਿੱਤਾ। ਕਿਉਂਕਿ ਓਹਨਾ ਨੂੰ ਰੋਟੀ ਬਣਾਉਣੀ ਨਹੀ ਸੀ ਅਉਂਦੀ। ਇਸ ਲਈ ਤਿੰਨ ਚੁੰਡੇ ਪਰੋਂਠੇ ਬਣਾ ਦਿੱਤੇ ਸਾਰੇ। ਮੈਨੂੰ ਕਹਿੰਦੇ ਯਾਰ ਸਕੂਲ ਚ ਨਾ ਦੱਸੀ ਕਿ ਰੋਟੀ ਮੇਰੇ ਪਾਪਾ ਨੇ ਬਣਾਈ ਹੈ। ਮੈ ਸਕੂਲ ਰੋਟੀ ਲੈ ਗਿਆ ਤੇ ਮਾਸਟਰਾਂ ਨੇ ਖੁਸ਼ ਹੋਕੇ ਖਾਧੀ।
ਇਸ ਤਰਾਂ ਮੇਰੇ ਪਾਪਾ ਨੇ ਮੇਰੀ ਇਜੱਤ ਰਖੀ। ਸਲਾਮ ਪਾਪਾ ਜੀ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *