ਤਿਤਲੀ (ਆਖਰੀ ਕਿਸ਼ਤ) | title akhiri kishat

ਸੁਮਨ ਨੂੰ ਬਹਾਨੇ ਨਾਲ ਸਕੂਲ ਬੁਲਾਇਆ ਗਿਆ। ਨਾਲ ਹੀ ਦੀਪਕ ਨੂੰ ਤਾਕੀਦ ਕੀਤੀ ਗਈ ਕਿ ਉਸ ਨਾਲ ਫੋਨ ਤੇ ਇਸ ਬਾਰੇ ਕੋਈ ਗੱਲ ਨਾ ਕੀਤੀ ਜਾਵੇ। ਸੀਨੀਅਰ ਅਧਿਆਪਕ ਆਪ ਹੀ ਉਸ ਨਾਲ ਗੱਲ ਕਰ ਲਏਗੀ ।ਦੀਪਕ ਦੇ ਮਨ ਵਿੱਚ ਤਾਂ ਜਿਵੇਂ ਲੱਡੂ ਫੁੱਟ ਰਹੇ ਹੋਣ। ਅੱਜ ਉਹ ਨਵੀਂ ਕਮੀਜ਼ ਪੈਂਟ ਪਾ ਕੇ ਤਿਆਰ ਹੋਇਆ ਸੀ। ਬੂਟ ਵੀ ਬੜੇ ਲਿਸ਼ਕਵੇਂ ਪਾਏ ਸੀ ।ਛੇਵੀਂ ਦੇ ਇੰਚਾਰਜ ਮੈਡਮ ਵੀ ਉਸਦੀ ਛੋਟੀ ਭੈਣ ਕੁਸਮ ਦੀ ਪੜ੍ਹਾਈ ਸਬੰਧੀ ਗੱਲਬਾਤ ਕਰਨ ਲਈ ਸਟਾਫ ਰੂਮ ਵਿੱਚ ਆ ਗਏ। ਸੁਮਨ ਨੇ ਦੱਸਿਆ ਕਿ ਉਸਨੇ ਪਿੱਛਲੇ ਸਾਲ ਗਿਆਰਵੀਂ ਵਿੱਚ ਸਰਕਾਰੀ ਕਾਲਜ ,ਨਾਨ ਮੈਡੀਕਲ ਵਿੱਚ ਦਾਖਲਾ ਲਿਆ ਸੀ। ਭਵਿੱਖ ਦੇ ਕੀ ਪਲੈਨ ਹਨ,ਇਸਦੇ ਜਵਾਬ ਵਿੱਚ ਉਸਨੇ ਕਿਹਾ ,ਮੈਡਮ ਜੀ, ਮੈਂ ਬੀ-ਟੈਕ ਕਰਨਾ ਚਾਹੁੰਦੀ ਹਾਂ ।ਮੇਰੇ ਡੈਡੀ ਦਾ ਖਾਬ ਹੈ ਮੈਂ ਇੰਜੀਨੀਅਰ ਬਣਾ । ਇੰਨੇ ਨੂੰ ਪੰਜਾਬੀ ਵਾਲੇ ਮੈਡਮ ਨੇ ਬਹਾਨੇ ਨਾਲ ਦੀਪਕ ਨੂੰ ਆਵਾਜ਼ ਮਾਰ ਲਈ ਤੇ ਸਭ ਨੂੰ ਪਾਣੀ ਪਿਲਾਉਣ ਲਈ ਕਿਹਾ।ਇਸ ਗੱਲ ਦੀ ਸਭ ਨੂੰ ਹੈਰਾਨੀ ਹੋਈ ਕਿ ਸੁਮਨ ਨੇ ਦੀਪਕ ਵੱਲ ਇੱਕ ਨਜ਼ਰ ਵੀ ਨਹੀਂ ਦੇਖਿਆ ਜਿਵੇਂ ਉਸਨੂੰ ਜਾਣਦੀ ਹੀ ਨਾ ਹੋਵੇ। ਉਹ ਆਪਣੇ ਧਿਆਨ ਹੀ ਅਧਿਆਪਕ ਨਾਲ ਗੱਲਾਂ ਕਰਦੀ ਰਹੀ।ਮੈਡਮ ਤੋਂ ਰਿਹਾ ਨਾ ਗਿਆ ਆਖਰ ਉਹ ਬੋਲ ਹੀ ਪਏ ,ਬੇਟੇ, ਜੇ ਇੰਨੇ ਵੱਡੇ ਖਾਬ ਦੇਖੇ ਹਨ ਤਾਂ ਫਿਰ ਇਹ ਫੋਨ ਕਾਲ ਤੇ ਕੋਟ ਮੈਰਿਜ ਦਾ ਕੀ ਮਸਲਾ ਹੈ। ਸੁਮਨ ਦੇ ਤਾਂ ਜਿਵੇਂ ਹੋਸ਼ ਉੱਡ ਗਏ ਹੋਣ। ਉਸ ਨੂੰ ਸਮਝ ਨਾ ਆਇਆ ਕਿ ਮੈਡਮ ਕੀ ਕਹਿ ਰਹੇ ਹਨ। ਸਾਰੀ ਗੱਲ ਦੱਸਣ ਤੇ ਸੁਮਨ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ । ਉਹ ਕਹੇ ਮੈਡਮ ਜੀ ਮੈਂ ਤਾਂ ਇਸ ਭਾਜੀ ਨੂੰ ਜਾਣਦੀ ਵੀ ਨਹੀਂ ,ਮੈਂ ਕਿਉਂ ਫੋਨ ਕਰਨੇ ਇਹਨਾਂ ਨੂੰ।ਨਾਲੇ ਮੈਡਮ ਤੁਹਾਨੂੰ ਪਤਾ ਤਾਂ ਹੈ ਮੈਂ ਇਦਾਂ ਦੀ ਕੁੜੀ ਨਹੀਂ ਹਾਂ। ਮੈਡਮ ਨੂੰ ਗੱਲ ਸਮਝਦਿਆਂ ਦੇਰ ਨਾ ਲੱਗੀ ਕਿ ਜਰੂਰ ਸੁਮਨ ਨੂੰ ਬਦਨਾਮ ਕਰਨ ਲਈ ਕੋਈ ਉਸ ਦਾ ਨਾਂ ਵਰਤ ਰਿਹਾ ਹੈ ।ਦੀਪਕ ਨੇ ਵੀ ਕਿਹਾ ਕਿ ਜਿਸ ਦਾ ਫੋਨ ਆਉਂਦਾ ਹੈ ਉਸ ਦੀ ਆਵਾਜ਼ ਇਸ ਕੁੜੀ ਨਾਲ ਨਹੀਂ ਮਿਲਦੀ।ਸੁਮਨ ਨੂੰ ਸਮਝਾ ਬੁਝਾ ਕੇ ਘਰ ਭੇਜਿਆ ਗਿਆ ਕਿ ਤੂੰ ਫਿਕਰ ਨਾ ਕਰ ਅਸੀਂ ਦੇਖਦੇ ਹਾਂ ਕਿ ਆਖਰ ਇਹ ਸਭ ਕਰਨ ਪਿੱਛੇ ਕਿਸ ਦਾ ਹੱਥ ਹੈ। ਤੂੰ ਅਜੇ ਇਸ ਮਸਲੇ ਬਾਰੇ ਘਰ ਗੱਲ ਨਾ ਕਰੀਂ।
ਮੁੱਦਾ ਤਾਂ ਅਜੇ ਵੀ ਉਥੇ ਹੀ ਖੜਾ ਸੀ ਆਖਰ ਕੌਣ ਹੈ ਉਹ ਕੁੜੀ। ਦੀਪਕ ਨੂੰ ਸਾਫ਼ ਸਾਫ਼ ਕਹਿ ਦਿੱਤਾ ਗਿਆ ਕਿ ਇਹ ਕੁੜੀ ਜੋ ਵੀ ਹੈ ਇਹ ਤੇਰੇ ਨਾਲ ਟਾਈਮ ਪਾਸ ਕਰ ਰਹੀ ਹੈ ਤੇ ਪਿੰਡ ਦੀਆਂ ਸ਼ਰੀਫ ਕੁੜੀਆਂ ਨੂੰ ਬਦਨਾਮ ਕਰ ਰਹੀ ਹੈ। ਹੁਣ ਤੋਂ ਤੂੰ ਉਸਦਾ ਫੋਨ ਨਹੀਂ ਚੱਕਣਾ।ਅਗਲਾ ਇੱਕ ਹਫਤਾ ਉਸਦੇ ਛੁੱਟੀ ਤੋਂ ਬਾਅਦ ਫੋਨ ਆਉਂਦੇ ਰਹੇ ਪਰ ਦੀਪਕ ਨੇ ਉਸਦਾ ਫੋਨ ਨਾ ਸੁਣਿਆ।ਹਫਤੇ ਬਾਅਦ ਪੇਰੈਂਟਸ ਮੀਟਿੰਗ ਸੀ ਸੁਮਨ ਦੀ ਮੰਮੀ ਮੀਟਿੰਗ ਤੇ ਆਈ ਬੜੇ ਗੁੱਸੇ ਵਿੱਚ ਲੱਗ ਰਹੀ ਸੀ। ਉਸਦੀਆਂ ਨਜ਼ਰਾਂ ਜਿਵੇਂ ਕਿਸੇ ਨੂੰ ਲੱਭ ਰਹੀਆਂ ਹੋਣ।ਜਮਾਤ ਇੰਚਾਰਜ ਦੀ ਗੱਲ਼ ਵੱਲ ਉਸਦਾ ਕੋਈ ਧਿਆਨ ਨਹੀਂ ਸੀ।ਸਭ ਸਮਝ ਗਏ ਕਿ ਸੁਮਨ ਨੇ ਘਰ ਜਾ ਕੇ ਆਪਣੀ ਮਾਂ ਨਾਲ ਗੱਲ ਕਰ ਲਈ ਹੈ।ਹੁਣ ਬਸ ਪੰਗਾ ਪੈਣ ਹੀ ਵਾਲਾ ਹੈ।
ਇੰਨੇ ਨੂੰ ਹਾਜ਼ਰੀ ਰਜਿਸਟਰ ਚੱਕੀ ਲਿਆਉਂਦਾ ਦੀਪਕ ਛੇਵੀਂ ਕਲਾਸ ਅੱਗੋਂ ਲੰਘਣ ਲੱਗਾ ਤਾਂ ਕੁਸਮ ਦੀ ਮਾਂ ਨੇ ਦੇਖ ਲਿਆ। ਮੈਡਮ ਜੀ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਜਦ ਉਸਨੇ ਦੀਪਕ ਨੂੰ ਬਾਹੋਂ ਫੜ ਦੋ ਤਿੰਨ ਚਪੇੜਾਂ ਉਸਦੇ ਮੂੰਹ ਤੇ ਜੜ ਦਿੱਤੀਆਂ। ਉਸਦੀ ਦੂਸਰੀ ਗੱਲ ਸੁਣ ਕੇ ਮੈਡਮ ਸਿਰ ਫ਼ੜ ਕੇ ਕੁਰਸੀ ਤੇ ਬੈਠ ਗਏ,ਜਦੋਂ ਉਸ ਦਾ ਕਾਲਰ ਫੜ ਉਹ ਕਹਿ ਰਹੀ ਸੀ ,”ਤੂੰ ਮੇਰਾ ਫੋਨ ਕਿਉਂ ਨਹੀਂ ਚੱਕਦਾ, ਸਮਝਦਾ ਕੀ ਆ ਤੂੰ ਆਪਣੇ ਆਪ ਨੂੰ।” ਉਹ ਔਰਤ ਨੇ ਸਕੂਲ ਵਿੱਚ ਖੜੇ ਕਿਸੇ ਅਧਿਆਪਕ ਦੀ ਕੋਈ ਪਰਵਾਹ ਨਾ ਕੀਤੀ।ਸਾਰੇ ਅਧਿਆਪਕ ਜਿਵੇਂ ਬੁੱਤ ਬਣ ਖੜੇ ਸੀ। ਇਸ ਗੱਲ ਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਫੋਨ ਕਰਨ ਵਾਲੀ ਕੁੜੀ ਸੁਮਨ ਦੀ ਮਾਂ ਹੋ ਸਕਦੀ ਹੈ। ਉਹ ਔਰਤ ਲਗਾਤਾਰ ਬੋਲ ਰਹੀ ਸੀ, “ਹੁਣ ਕਰਾਂ ਤੈਨੂੰ ਬਦਨਾਮ ਸਾਰੇ ਪਿੰਡ ਵਿੱਚ ,ਮੈਨੂੰ ਵਿਆਹ ਦੇ ਲਾਰੇ ਲਾ ਕੇ ਹੁਣ ਤੂੰ ਮੇਰਾ ਫੋਨ ਨਹੀਂ ਚੱਕਦਾ,ਮੈਂ ਬੁਲਾਉਂਦੀ ਆ ਪੰਚਾਇਤ ਤੇਰੇ ਤੇ।” ਡਰਾਇੰਗ ਵਾਲੇ ਮੈਡਮ ਨੇ ਅੱਗੇ ਹੋ ਕੇ ਮਸੀਂ ਦੀਪਕ ਦਾ ਕਾਲਰ ਛੁਡਾਇਆ। ਇਹ ਤਾਂ ਦੀਪਕ ਸਾਰੀ ਕਹਾਣੀ ਪਹਿਲਾਂ ਹੀ ਦੱਸ ਚੁੱਕਾ ਸੀ ਤੇ ਅੱਜ ਸਾਰਾ ਸਟਾਫ ਉਸਦੇ ਨਾਲ ਖੜਾ ਸੀ। ਪਰ ਹੈਰਾਨੀ ਤਾਂ ਉਸ ਤਿੰਨ ਨਿਆਣਿਆਂ ਦੀ ਮਾਂ ਤੇ ਹੋ ਰਹੀ ਸੀ ਜੋ ਸਾਰੇ ਸਮਾਜ ਦੀ ਸੰਗ ਸ਼ਰਮ ਲਾਹ, ਪਤੀ ਦੀ ਮੁਹੱਬਤ ਕੀਲੀ ਟੰਗ, ਮਾਂ ਦੀ ਮਮਤਾ ਦਾ ਗਲ਼ਾ ਘੁੱਟ, ਦੀਪਕ ਨੂੰ ਕੋਟ ਮੈਰਿਜ ਕਰਾਉਣ ਲਈ ਉਕਸਾ ਰਹੀ ਸੀ। ਪਤੀ ਡੁਬਈ ਵਿੱਚ ਨੋਟ ਛਾਪਣ ਵਾਲੀ ਮਸ਼ੀਨ ਬਣਿਆ ਹੋਇਆ ਸੀ, ਇਸ ਸਾਲ ਕੋਠੀ ਪਾ ਕੇ ਦਿੱਤੀ ਸੀ ,ਤਿੰਨੇ ਧੀਆਂ ਪੜ੍ਹਾਈ ਵਿੱਚ ਅੱਵਲ ਆਉਂਦੀਆਂ ਸਨ। ਕਿਸੇ ਚੀਜ਼ ਦੀ ਕਮੀ ਨਹੀਂ ਸੀ…… ਫਿਰ ਵੀ !
ਇਸ ਸਾਰੇ ਮਸਲੇ ਵਿੱਚ ਜੋ ਪਿਛਲੇ 15 ਕੁ ਦਿਨਾਂ ਤੋਂ ਚੱਲ ਰਿਹਾ ਸੀ,ਅੰਗਰੇਜੀ ਵਾਲੇ ਮੈਡਮ ਜਿਨ੍ਹਾਂ ਦਾ ਪਿਛਲੇ ਸਾਲ ਤਲਾਕ ਹੋਇਆ ਸੀ, ਨੇ ਕਦੇ ਕੋਈ ਟਿੱਪਣੀ ਨਹੀਂ ਕੀਤੀ ਸੀ। ਅੱਜ ਦੇ ਇਸ ਵਰਤਾਰੇ ਤੋਂ ਬਾਅਦ ਮੈਡਮ ਇਕਦਮ ਬੋਲੇ,” ਉਹ ਦੀਪਕ, ਬੱਚਿਆ, ਬਚ ਗਿਆ ਤੂੰ ਤੇ….. ਹੁੰਦੀਆਂ ਨੇ ਕੁਝ ਔਰਤਾਂ ਨਾ ਉਹ ਧੀਆਂ ਹੁੰਦੀਆਂ ਨੇ, ਨਾ ਪਤਨੀਆਂ ਤੇ ਨਾ ਹੀ ਮਾਵਾਂ,ਉਹ ਤਾਂ ਬਸ ਤਿਤਲੀ ਦੀ ਫ਼ਿਤਰਤ ਦੀਆਂ ਹੁੰਦੀਆਂ ਨੇ, ਕਦੇ ਇਸ ਫੁੱਲ ਕਦੇ ਉਸ ਫੁੱਲ। ਖਿੜ ਖਿੜ ਹੱਸਦੀਆਂ ਹੋਈਆਂ, ਰੰਗ ਬਰੰਗੇ ਭੌਰਿਆਂ ਸੰਗ ਨੱਚਦੀਆਂ ਟੱਪਦੀਆਂ। ਕਦੀ ਇੱਕ ਫੁੱਲ ਦੀਆਂ ਨਹੀਂ ਹੋਈਆਂ ਇਹ ਤਿਤਲੀਆਂ। ਸ਼ੁਕਰ ਆ ਕਾਕੇ ਤੂੰ ਵਿਆਹਿਆ ਹੋਇਆ ਨਹੀਂ ਸੀ ਨਹੀਂ ਤਾਂ ਇਹਨਾਂ ਹਾਸੀਆਂ ਖੇਡੀਆਂ ਦੇ ਚੱਕਰ ਵਿੱਚ ਤੂੰ ਆਪਣਾ ਘਰ ਤਬਾਹ ਕਰ ਬੈਠਣਾ ਸੀ।” ਇਹ ਕਹਿ ਜਿਵੇਂ ਉਹਨਾਂ ਨੇ ਆਖਰੀ ਹਥੋੜਾ ਮਾਰਿਆ ਹੋਵੇ। ਅੱਜ ਉਹਨਾਂ ਦੀ ਗੱਲ ਸੁਣ ਇੰਜ ਲੱਗਿਆ ਜਿਵੇਂ ਉਹਨਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਵੀ ਅਜਿਹੀ ਹੀ ਕੋਈ ਤਿਤਲੀ ਜ਼ਹਿਰ ਘੋਲ ਗਈ ਹੋਵੇ।
ਅਮਨ ਰਘੂਬੀਰ ਸਿੰਘ
ਸ ਸ ਸ ਸ (ਕੋ ਐਡ ) ਹੁਸ਼ਿਆਰਪੁਰ

Leave a Reply

Your email address will not be published. Required fields are marked *