ਸੇਵਾ ਮੁਕਤੀ ਤੋਂ ਸਾਰਾ ਦਿਨ ਕੋਈ ਕੰਮ ਨਹੀਂ ਹੁੰਦਾ ਕਰਨ ਨੂੰ। ਜੋ ਹੁੰਦਾ ਹੈ ਉਹ ਕੰਮ ਕਰ ਨਹੀਂ ਹੁੰਦਾ। ਆਦਤ ਜੋ ਪੈ ਗਈ ਵੇਹਲੀਆਂ ਖਾਣ ਦੀ। ਸਵੇਰੇ ਮੰਜਾ ਛੱਡਣ ਵਿੱਚ ਅਕਸਰ ਲੇਟ ਹੋ ਜਾਈਦਾ ਹੈ। ਕਿਉਂਕਿ ਰਾਤ ਨੂੰ ਦੇਰੀ ਨਾਲ ਸੌਂਦਾ ਹਾਂ। ਫਿਰ ਰਫ਼ਾ ਹਾਜਤ ਤੋਂ ਬਾਦ ਸ਼ੇਵ ਤੇ ਫਿਰ ਇਸ਼ਨਾਨ । ਬਿਨਾਂ ਨ੍ਹਾਤੇ ਕੁਝ ਖਾਣ ਪੀਣ ਦੀ ਆਦਤ ਨਹੀਂ ਹੈ। ਫਿਰ ਇੱਕ ਕੱਪ ਦੁੱਧ ਨਾਲ ਕੁਝ ਕੁ ਬਿਸਕੁਟ। ਆਹੀ ਨਾਸ਼ਤਾ ਹੈ ਤੇ ਦੋ ਢਾਈ ਵਜੇ ਤਿੰਨ ਫੁਲਕੇ ਉਹ ਵੀ ਆਚਾਰ ਯ ਚਟਨੀ ਨਾਲ ਕਿਉਂਕਿ ਸਬਜ਼ੀ ਦਾ ਸਵਾਦ ਮਨਪਸੰਦ ਨਹੀਂ ਹੁੰਦਾ। ਤੇ ਫਿਰ ਆਰ ਓ ਬੀ ਤੱਕ #ਵੈਗਨ_ਆਰ ਤੇ #ਵਿਸਕੀ ਨੂੰ ਘੁੰਮਾਉਣਾ। ਇਸ ਕੰਮ ਲਈ ਮੇਰੇ ਨਾਲ ਮੇਰੀ ਬੇਗਮ ਵੀ ਹੁੰਦੀ ਹੈ। ਫਿਰ ਦਿਨ ਭਰ ਫਬ ਨੂੰ ਦੇ ਰਗੜੇ ਤੇ ਰਗੜਾ। ਜਿਵੇ ਨਿਹੰਗ ਭੰਗ ਘੋਟਦੇ ਹਨ। ਸਾਰੀ ਦਿਹਾੜੀ ਅੰਗੂਠਾ ਚਲਦਾ ਰਹਿੰਦਾ ਹੈ। ਅੱਖਾਂ ਹਰ ਲਿਖਤ ਨੂੰ ਪੜ੍ਹਦੀਆਂ ਵਿਚਾਰਦੀਆਂ ਤੇ ਟਿਪਣੀ ਕਰਦੀਆਂ ਨਹੀਂ ਥੱਕਦੀਆਂ। ਉਂਜ ਵੀ ਕਿਸੇ ਨਾ ਕਿਸੇ ਭਗਤ ਯ ਚਮਚੇ ਨਾਲ ਸਿੰਗ ਫਸੇ ਹੀ ਰਹਿੰਦੇ ਹਨ। ਇਸੇ ਕਸ਼ਮਕਸ਼ ਵਿੱਚ ਇੱਕ ਦਿਨ ਪੂਰਾ ਹੋਣ ਲੱਗਦਾ ਹੈ। ਸ਼ਾਮੀ ਪੰਜ ਛੇ ਵਜੇ ਕਿਸੇ ਚੇਹਰੇ ਦਾ ਕੌਫੀ ਤੇ ਇੰਤਜ਼ਾਰ ਹੁੰਦਾ ਹੈ। ਜੇ ਕੋਈ ਆ ਜਾਵੇ ਤਾਂ ਠੀਕ ਨਹੀਂ ਤਾਂ ਕੈਂਸਲ ਤਾਂ ਹੈ ਹੀ। ਸਮੇਂ ਸਮੇਂ ਤੇ ਪੋਤੀ ਨੂੰ ਨਿਹਾਰ ਕੇ ਮਨ ਨੂੰ ਸਕੂਨ ਜਿਹਾ ਲੈ ਲਾਈਦਾ ਦਾ। ਰਹੀ ਗੱਲ ਬੇਗਮ ਦੀ ਭਾਵੇ ਉਹ ਵੀ ਮੇਰੇ ਵਾਂਗੂ ਸੇਵਾਮੁਕਤ ਹੀ ਹੈ। ਪਰ ਉਸਨੂੰ ਆਰਾਮ ਕਿੱਥੇ? ਉਸਦੀ ਦਿਹਾੜੀ ਤਾਂ ਕੰਮ ਵਾਲੀਆਂ ਨੂੰ ਆਦੇਸ਼ ਤੇ ਨਿਰਦੇਸ਼ ਦਿੰਦੇ ਹੀ ਲੰਘ ਜਾਂਦੀ ਹੈ। ਕਦੇ ਸਫਾਈ ਵਾਲੀ ਰਾਮੀ, ਕਦੇ ਕੁੱਕ ਸੋਨੀ, ਕਦੇ ਕਪੜੇ ਧੋਣਵਾਲੀ ਵੀਣਾ ਤੇ ਕਦੇ ਭਾਂਡਿਆਂ ਵਾਲੀ ਜੰਜੂ। ਇਹਨਾਂ ਤੇ ਕਮਾਂਡ ਕਰਨੀ ਪ੍ਰਾਇਮਰੀ ਸਕੂਲ ਦੀ ਹੈਡਮਾਸਟਰਨੀ ਕਰਨ ਜਿੰਨਾ ਕੰਮ ਹੋ ਜਾਂਦਾ ਹੈ। ਅਜੇ ਦੁੱਧ ਵਾਲੇ ਦਾ ਹਿਸਾਬ, ਕਪੜੇ ਪ੍ਰੈਸ ਲਈ ਦੇਣੇ ਲੈਣੇ ਤੇ ਉਸਦਾ ਖਾਤਾ, ਸਬਜ਼ੀ ਦੇ ਠੇਲੇ ਵਾਲੇ ਤੋਂ ਸਮਾਨ ਲੈਣਾ ਤੇ ਕੂੜੇ ਵਾਲਿਆਂ ਨੂੰ ਕੂੜਾ ਪਾਉਣਾ ਯ ਓਹਨਾ ਦੀ ਚਾਹ ਦੀ ਮੰਗ ਪੂਰੀ ਕਰਨਾ। ਇਹ ਕੰਮ ਗਿਣਤੀ ਵਿਚ ਨਹੀਂ ਆਉਂਦੇ। ਉਂਜ ਮੈਡਮ ਸਾਰਾ ਦਿਨ ਵਹੇਲੀ ਹੀ ਹੁੰਦੀ ਹੈ। ਕਿਸੇ ਮੇਡ ਦਾ ਅਸਤੀਫਾ ਕਿਸੇ ਦੀ ਨਵੀਂ ਨਿਯੁਕਤੀ ਤੇ ਛੁੱਟੀ ਦੇ ਬਦਲਵੇਂ ਪ੍ਰਬੰਧ ਇਹ ਸਾਰੀ ਉਸਦੀ ਮੈਨੇਜਮੈਂਟ ਦਾ ਹਿੱਸਾ ਹੈ। ਸਾਰੀਆਂ ਕੰਮ ਵਾਲੀਆਂ ਲੱਗੀਆਂ ਹਨ। ਪਰ ਬਜ਼ਾਰੋ ਸਮਾਨ ਤਾਂ ਉਸਨੇ ਹੀ ਮੰਗਾਉਣਾ ਹੁੰਦਾ ਹੈ। ਕਦੇ ਸੌਂਫ ਖਤਮ ਕਦੇ ਅਜਵਾਇਣ ਨਹੀਂ ਹੈ ਕਦੇ ਰਾਈ ਮੁੱਕ ਜਾਂਦੀ ਹੈ। ਬਿਸਕੁਟ ਭੁਜੀਆ ਮੈਗੀ ਜਲਜੀਰਾ ਸਰਬਤ ਇਕੱਠੇ ਮੰਗਵਾਉਦੀ ਹੈ ਫਿਰ ਕਦੇ ਸੋਸ ਖਤਮ ਹੋ ਜਾਂਦੀ ਹੈ। ਹੋਰ ਤਾਂ ਹੋਰ ਦਵਾਈਆਂ ਦੇ ਪੱਤੇ ਪੂਰੇ ਨਹੀਂ ਹੁੰਦੇ ਸਾਰਾ ਮਹੀਨਾ। ਉਂਜ ਉਹ ਵੇਹਲੀ ਹੀ ਹੁੰਦੀ ਹੈ। ਪੋਤੀ ਵੀ ਦਾਦੀ ਦਾ ਬਹੁਤ ਹੇਜ ਕਰਦੀ ਹੈ। ਉਂਗਲ ਫੜ੍ਹਕੇ ਇਧਰ ਚੱਲ ਉਧਰ ਚੱਲ। ਮਜ਼ਾਲ ਹੈ ਸਾਰੇ ਦਿਨ ਵਿਚ ਨਹਾਉਣ ਦਾ ਸਮਾਂ ਮਿਲ ਜਾਵੇ। ਜਦੋ ਬਾਹਰ ਜਾਣ ਦਾ ਪ੍ਰੋਗਰਾਮ ਬਣਦਾ ਹੈ ਤਾਂ ਨਹਾਉਣਾ ਚੇਤਾ ਆ ਜਾਂਦਾ ਹੈ। ਫਿਰ ਬੰਦਾ ਸਾਰੀ ਦਿਹਾੜੀ ਕੁੱਤੇ ਭਕਾਈ ਕਰਕੇ ਵੀ ਦਸ ਮਿੰਟ ਫਬ ਨਾ ਵੇਖ ਸਕੇ ਤਾਂ ਕਾਹਦੀ ਜਿੰਦਗੀ। ਇਹ ਗੱਲ ਵੀ ਮਾੜੀ ਹੈ। ਆਖਿਰ ਰਾਤੀ ਗਿਆਰਾਂ ਬਾਰਾਂ ਵਜੇ ਮੋਬਾਈਲ ਫਰੋਲਣ ਦੀ ਫੁਰਸਤ ਮਿਲ ਹੀ ਜਾਂਦੀ ਹੈ ਉਸਨੂੰ। ਇਹ ਉਹ ਵੇਲਾ ਹੁੰਦਾ ਹੈ ਜਦੋ ਮੇਰੇ ਵਰਗਾ ਫਬ ਹਜ਼ਮ ਕਰਨ ਲਈ #ਸੈਰਾ_ਡੀ ਦੀ ਗੋਲੀ ਮੰਗਦਾ ਹੈ। ਫਿਰ ਇੱਥੇ ਫਬ ਯੂ ਟਿਊਬ ਵਹਟਸ ਐਪ ਛਣਕਾਂਟੇ ਪਾਉਂਦੇ ਹਨ।
ਇਸ ਤਰਾਂ ਮੇਰੇ ਵਰਗਾ ਬਜ਼ੁਰਗ ਜਿੰਦਗੀ ਦੇ ਇੱਕ ਦਿਨ ਦਾ ਲੁਤਫ਼ ਉਠਾਉਂਦਾ ਹੈ। ਪਰ ਇਹ ਔਰਤਾਂ (ਮੇਰੀ ਬੁੱਢੀ ਵਰਗੀਆਂ) ਕਦੇ ਵੇਹਲੀਆਂ ਨਹੀਂ ਹੁੰਦੀਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ