ਕੱਲ੍ਹ ਸਕੂਲ ਦਾ ਰਿਜ਼ਲਟ ਹੈ ਤੇ ਮੈਨੂੰ ਵੀ ਉਹ ਦਿਨ ਯਾਦ ਆ ਗਿਆ ਜਦੋਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ ।ਹਰ ਕੰਮ ਵਿੱਚ ਅੱਗੇ ਅੱਗੇ ਰਹਿਣ ਦੀ ਆਦਤ ਸੀ ।ਸਕੂਲ ਵਿੱਚ ਕੋਈ ਮੁਕਾਬਲਾ ਹੋਵੇ ਕੋਈ ਪ੍ਰੋਗਰਾਮ ਹੋਵੇ ,ਖੇਡਾਂ ਹੋਣ ਆਪਾਂ ਸਭ ਤੋਂ ਪਹਿਲਾਂ ਪਹੁੰਚ ਜਾਣਾ ।ਬੇਸ਼ੱਕ ਪੜ੍ਹਾਈ ਵਿੱਚ ਵੀ ਹੁਸ਼ਿਆਰ ਵਿਦਿਆਰਥੀਆਂ ਵਿੱਚ ਵੀ ਨਾਂ ਸੀ ਪਰ ਅਵੱਲ ਆਉਣ ਦਾ ਮੌਕਾ ਕਦੇ ਕਿਤੇ ਮਿਲਦਾ ਸੀ ਨਹੀਂ ਤਾਂ ਇਹ ਮੌਕਾ ਹਮੇਸ਼ਾ ਕਿਤਾਬ ਨਾਲ ਜੁੜੇ ਰਹਿਣ ਵਾਲੇ ਬੱਚੇ ਹੀ ਲੈ ਜਾਂਦੇ ਸੀ ਜਿੰਨਾਂ ਦਾ ਸੰਬੰਧ ਦੂਜੀਆਂ ਗਤੀਵਿਧੀਆਂ ਵੱਲ ਬੇਮਾਲੂਮਾ ਹੀ ਹੁੰਦਾ ਸੀ ।
ਮੈਂ ਉਂਦੋਂ ਪੰਜਵੀਂ ਜਮਾਤ ਵਿੱਚ ਸੀ।ਪਤਾ ਨਹੀਂ ਮੇਰੇ ਦਿਮਾਗ਼ ਵਿੱਚ ਪਹਿਲੀ ਪੁਜ਼ੀਸ਼ਨ ਲੈਣ ਦਾ ਫਤੂਰ ਕਿੱਥੋਂ ਚੜ੍ਹ ਗਿਆ ਜਦ ਕਿ ਮੇਰੀ ਸਹੇਲੀ ਅਮਨ ਹਮੇਸ਼ਾ ਫਸਟ ਆਉਂਦੀ ਸੀ ।ਉਸਦੇ ਮੰਮੀ ਸਾਡੇ ਸਕੂਲ ਹੀ ਅਧਿਆਪਕਾ ਸਨ ।ਉਹ ਹਮੇਸ਼ਾਂ ਉਸਨੂੰ ਪੜ੍ਹਨ ਲਈ ਕਹਿੰਦੇ ਰਹਿੰਦੇ ।ਉਹ ਸੱਚਮੁੱਚ ਬਹੁਤ ਹੁਸ਼ਿਆਰ ਸੀ ।ਮੰਮੀ ਤਾਂ ਮੇਰੇ ਵੀ ਸਰਕਾਰੀ ਅਧਿਆਪਕਾ ਸਨ ਪਰ ਉਹਨਾਂ ਦੀ ਪੋਸਟਿੰਗ ਗੋਇੰਦਵਾਲ ਸੀ ।
ਉਸ ਦਿਨ ਰਿਜ਼ਲਟ ਦਾ ਦਿਨ ਸੀ ਮੈਨੂੰ ਪੂਰਾ ਵਿਸ਼ਵਾਸ ਕਿ ਮੈਂ ਹੀ ਫਸਟ ਆਊਂ ।ਮੈਂ ਦੇਖਿਆ ਘਰਵਿੱਚ ਬੂੰਦੀ ਦਾ ਲਿਫ਼ਾਫ਼ਾ ਪਿਆ ਸੀ ਮੈਂ ਬਿਨਾਂ ਕਿਸੇ ਨੂੰ ਪੁੱਛੇ ਦੱਸੇ ਉਹ ਲਿਫ਼ਾਫ਼ਾ ਬੈਗ ਵਿੱਚ ਪਾ ਸਕੂਲ ਲੈ ਗਈ ।ਸਕੂਲ ਜਾ ਕੇ ਸਾਰੀਆਂ ਸਹੇਲੀਆਂ ਨੂੰ ਦਿਖਾਇਆ ਤੇ ਕਿਹਾ ਜਦੋਂ ਮੈਂ ਫਸਟ ਆਊਂ ਜ਼ੋਰ ਜ਼ੋਰ ਨਾਲ ਤਾੜੀਆਂ ਮਾਰਿਓ ਮੈਂ ਤੁਹਾਨੂੰ ਬੂੰਦੀ ਦਊ ।ਉਦੋਂ ਪਿੰਡਾਂ ਦੇ ਨਿਆਣਿਆਂ ਲਈ ਬੂੰਦੀ ਹੀ ਬੜੀ ਵੱਡੀ ਸੌਗਾਤ ਹੁੰਦੀ ਸੀ।ਸਾਰੀਆਂ ਮੇਰੇ ਆਲੇ ਦੁਆਲੇ ਫਿਰਨ ।
ਵਿੱਚੋਂ ਇੱਕ ਨੇ ਅਮਨ ਨੂੰ ਜਾ ਕਿ ਦੱਸ ਦਿੱਤਾ ਕਿ ਰੂਪਾਂ ਕਹਿੰਦੀ ਇਸ ਵਾਰ ਓਹੋ ਫਸਟ ਆਊ ਉਹ ਤਾਂ ਬੂੰਦੀ ਵੀ ਲੈ ਕੇ ਆਈ ਏ ।ਉਸਦੀ ਗੱਲ ਸੁਣ ਅਮਨ ਕਹਿਣ ਲੱਗੀ ਕੋਈ ਨਾ ਜੇ ਮੈਂ ਫਸਟ ਆਈ ਤਾਂ ਸਭ ਨੂੰ ਲੱਡੂ ਖਵਾਊਂ ।ਜਦੋਂ ਇਸ ਗੱਲ ਦਾ ਪਤਾ ਦੂਜੀਆਂ ਨੂੰ ਲੱਗਾ ਤਾਂ ਅੱਧੀਆਂ ਤਾਂ ਉਦੋਂ ਹੀ ਅਮਨ ਵੱਲ ਖਿਸਕ ਗਈਆਂ ।ਵੈਸੇ ਵੀ ਉਹਨਾਂ ਨੂੰ ਪਤਾ ਸੀ ਸਾਰਾ ਦਿਨ ਕਿਤਾਬਾਂ ਨੂੰ ਮੱਥਾ ਮਾਰਨ ਵਾਲੀ ਨੂੰ ਪਛਾੜਨਾ ਕਿਹੜਾ ਸੌਖਾ ਪਿਆ ਉਤੋਂ ਬੂੰਦੀ ਦੀ ਬਜਾਏ ਲੱਡੂ ਮਿਲਣੇ।
ਫਿਰ ਜਦੋਂ ਮੈਡਮ ਜੀ ਨੇ ਰਿਜ਼ਲਟ ਸੁਣਾਇਆ ਤਾਂ ਇਸ ਵਾਰੀ ਵੀ ਫਿਰ ਅਮਨ ਹੀ ਫਸਟ । ਸਾਰੀਆਂ ਕਦੇ ਮੇਰੇ ਮੂੰਹ ਵੱਲ ਦੇਖਣ ਤੇ ਕਦੇ ਮੇਰੇ ਹੱਥ ਵਿੱਚ ਫੜੇ ਬੂੰਦੀ ਦੇ ਲਿਫ਼ਾਫ਼ੇ ਵੱਲ ।
ਮੈਨੂੰ ਏਨੀ ਸ਼ਰਮ ਆਵੇ ਕਿ ਸਮਝ ਨਾ ਲੱਗੇ ਹੁਣ ਕਰਾਂ ਤੇ ਕੀ ਕਰਾਂ ।ਬਸ ਫਿਰ ਕੀ ਸੀ ਹੱਥ ਵਿੱਚ ਬੂੰਦੀ ਦਾ ਫੜਿਆ ਲਿਫ਼ਾਫ਼ਾ ਖੋਲ੍ਹਿਆ ਤੇ ਪੂਰੇ ਗੁੱਸੇ ਵਿੱਚ ਸਾਰੀ ਬੂੰਦੀ ਗਰਾਊਂਡ ਵਿੱਚ ਖਿਲਾਰ ਦਿੱਤੀ ।ਵਿਚਾਰੀ ਬੂੰਦੀ ਮਿੱਟੀ ਵਿੱਚ ਮਿੱਟੀ ਹੋ ਗਈ ।ਸਾਰੀਆਂ ਸਹੇਲੀਆਂ ਸਾਰੇ ਰਾਹ ਗਾਲ੍ਹਾਂ ਕੱਢਦੀਆਂ ਆਈਆਂ ਕਿ ਜੇ ਫਸਟ ਨਹੀਂ ਵੀ ਆਈ ਸੀ ਤਾਂ ਕੀ ਆਖਰ ਆ ਗਈ ਸੀ ਸੈਕਿੰਡ ਤਾਂ ਹੈਗੀ ਸੀ ਐਵੇਂ ਸਾਰੀ ਬੂੰਦੀ ਬਰਬਾਦ ਕਰ ਦਿੱਤੀ😀😀😀
ਰੁਪਿੰਦਰ ਕੌਰ ਸੰਧੂ
ਅੰਮ੍ਰਿਤਸਰ ਸਾਹਿਬ।