ਬੁੱਢਾ ਬੁੱਢੀ ਦੀ ਕਹਾਣੀ | budha budhi di kahani

#ਬੁੱਢੇ_ਬੁੱਢੀ_ਦੀ_ਕਹਾਣੀ
“ਗੁਡ ਮੋਰਨਿੰਗ।” ਜਿਸ ਦਿਨ ਬੁੱਢਾ ਪਹਿਲਾਂ ਉੱਠ ਜਾਵੇ ਉਹ ਬੁੱਢੀ ਨੂੰ ਕਹਿੰਦਾ ਹੈ। ਤੇ ਜਿਸ ਦਿਨ ਬੁੱਢੀ ਪਹਿਲਾਂ ਉੱਠ ਜਾਵੇ ਉਹ ਗਹਿਰੀ ਨੀਂਦ ਵਿੱਚ ਸੁੱਤੇ ਪਏ ਬੁੱਢੇ ਨੂੰ ਨਿਹਾਰਦੀ ਹੈ। ਤੇ ਬੁੱਲਾਂ ਤੇ ਮੁਸਕਾਹਟ ਲਿਆਕੇ, “ਕਾਹਨੂੰ ਉਠਾਉਣਾ ਹੈ।” ਸੋਚਕੇ, ਫਰੈਸ਼ ਹੋਣ ਚਲੀ ਜਾਂਦੀ ਹੈ। ਅਕਸਰ ਸਵੇਰੇ ਸਵੇਰੇ ਹੀ ਗੇਟ ਖੋਲ੍ਹਣ ਦੇ ਮੁੱਦੇ ਤੇ ਇਹਨਾਂ ਮਿੱਠੀ ਨੋਕ ਝੋਂਕ ਹੁੰਦੀ ਰਹਿੰਦੀ ਹੈ।
#ਮੈਂ_ਸਮਾਂ_ਹਾਂ। ਤੇ ਇੱਕ ਡਿਜੀਟਲ ਕਲੋਕ ਦੇ ਰੂਪ ਵਿੱਚ ਸਾਹਮਣੀ ਕੰਧ ਤੇ ਟੰਗਿਆ ਹੋਇਆ ਇਹ ਸਭ ਕੁਝ ਦੇਖਦਾ ਹਾਂ। ਵੱਡੇ ਸਾਰੇ ਘਰ ਵਿੱਚ ਬੁੱਢਾ ਬੁੱਢੀ ਅਕਸਰ ਇਕੱਲੇ ਹੀ ਹੁੰਦੇ ਹਨ। ਵੱਡਾ ਬੇਟਾ ਬੇਟੀ ਇਹਨਾਂ ਦੀ ਪੋਤੀ ਬਾਹਰ ਦੂਰ ਰਹਿੰਦੇ ਹਨ। ਤੇ ਛੋਟਾ ਬੇਟਾ ਬੇਟੀ ਲਾਗੇ ਹੀ ਸ਼ਹਿਰ ਵਿੱਚ। ਵੱਡੇ ਛੋਟੇ ਹਾਰ ਵਾਰ ਜਦੋਂ ਆਉਂਦੇ ਹਨ ਇਹਨਾਂ ਨੂੰ ਆਪਣੇ ਨਾਲ ਲਿਜਾਣ ਲਈ ਬਥੇਰਾ ਜੋਰ ਲਾਉਂਦੇ ਹਨ ਇਹ ਹਨ ਕਿ ਇੱਥੇ ਰਹਿਕੇ ਖੁਸ਼ ਹਨ। ਉਂਜ ਇਹ ਦੋਨਾਂ ਕੋਲੇ ਅਕਸਰ ਗੇੜੇ ਮਾਰਦੇ ਰਹਿੰਦੇ ਹਨ। ਉੱਥੇ ਵੀ ਮੈਂ ਇਹਨਾਂ ਦੇ ਕਮਰੇ ਦੀ ਕੰਧ ਤੇ ਟੰਗਿਆ ਬਿਰਾਜਮਾਨ ਹੁੰਦਾ ਹਾਂ ਤੇ ਸਭ ਕੁਝ ਵੇਖਦਾ ਹਾਂ। ਜਦੋ ਬੱਚੇ ਘਰੇ ਆਉਂਦੇ ਹਨ ਤਾਂ ਘਰ ਵਿੱਚ ਰੌਣਕ ਹੋ ਜਾਂਦੀ ਹੈ। ਸਭ ਚਹਿਕਣ ਲੱਗ ਜਾਂਦੇ ਹਨ।
ਬੁੱਢਾ ਅਕਸਰ ਘਰੇ ਵਹਿਲਾ ਹੁੰਦਾ ਹੈ ਯ ਵਹਿਲੇ ਕੰਮਾਂ ਵਿੱਚ ਹੁੰਦਾ ਹੈ। ਉਂਜ ਤੇ ਬੁੱਢੀ ਤੋਂ ਕੋਈ ਕੰਮ ਨਹੀਂ ਹੁੰਦਾ। ਪਰ ਓਹ ਸਾਰਾ ਦਿਨ ਆਪਣੀ ਕੁੱਕ, ਸਫ਼ਾਈਆਂ ਵਾਲੀ, ਕਪੜੇ ਧੋਣਵਾਲੀ ਅਤੇ ਗਲੀ ਵਿੱਚ ਆਉਂਦੇ ਕੂੜਾ ਚੁੱਕਣ ਵਾਲਿਆਂ ਦੀ ਖਾਤਿਰਦਾਰੀ ਵਿੱਚ ਹੀ ਲੱਗੀ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਕੁੱਕ ਨਾਲ ਬੈਠਕੇ ਗੱਲਾਂ ਮਾਰਦੀ ਹੈ ਤੇ ਉਸ ਨਾਲ ਹੀ ਚਾਹ ਪੀਂਦੀ ਹੈ। ਬਾਕੀਆਂ ਦਾ ਚਾਹ ਠੰਡਾ ਉਹ ਖੁਦ ਬਣਾਉਂਦੀ ਹੈ। ਬੁੱਢੀ ਬੁੱਢੇ ਲਈ ਸਵੇਰੇ ਸ਼ਾਮ ਤਿੰਨ ਰੋਟੀਆਂ ਆਪ ਪਕਾਉਂਦੀ ਹੈ। ਕਿਉਂਕਿ ਬੁੱਢਾ ਨਖਰੇ ਵਾਲਾ ਹੈ ਕਿਸੇ ਦੇ ਹੱਥ ਦੀ ਪੱਕੀ ਰੋਟੀ ਨਹੀਂ ਖਾਂਦਾ। ਬੁੱਢੀ ਘਰ ਵਿੱਚ ਰੱਖੇ ਕਾਲੇ ਰੰਗ ਦੇ ਦਰਵੇਸ਼ ਦੀ ਖੂਬ ਸੇਵਾ ਕਰਦੀ ਹੈ। ਉਸਨੂੰ ਦੋ ਟਾਈਮ ਹੱਥੀ ਖਵਾਉਂਦੀ ਹੈ ਖੁਦ ਨ੍ਹਾਉਂਦੀ ਹੈ ਤੇ ਦੋ ਟਾਈਮ ਖੁਦ ਹੀ ਬਾਹਰ ਲੈਕੇ ਜਾਂਦੀ ਹੈ। ਜੇ ਉਹ ਉਸ ਵੱਲ ਪੂਰਾ ਧਿਆਨ ਨਾ ਦੇਵੇ ਤਾਂ ਉਹ ਰੁੱਸ ਜਾਂਦਾ ਹੈ। ਅਤੇ ਇਹੀ ਹਾਲ ਬੁੱਢੇ ਦਾ ਹੈ।
ਉਂਜ ਸਾਰਾ ਦਿਨ ਬੁੱਢੇ ਤੇ ਬੁੱਢੀ ਦੀ ਨੋਕਝੋਕ ਚਲਦੀ ਰਹਿੰਦੀ ਹੈ। ਮੈਨੂੰ ਉਹ ਦੋਨੇ ਕਮਰੇ ਦੇ ਦਰਵਾਜੇ ਦੇ ਪੱਲੇ ਤੇ ਬੈਠੇ ਚਿੜਾ ਚਿੜੀ ਵਰਗੇ ਲੱਗਦੇ ਹਨ ਜੋ ਇੱਕ ਦੂਜੇ ਦੇ ਆਪਣੀ ਚੁੰਜ ਮਾਰਕੇ ਖੁਸ਼ ਹੁੰਦੇ ਹਨ। ਜਦੋਂ ਬੁੱਢੀ ਕੁਝ ਊਚਾ ਬੋਲਦੀ ਹੈ ਤਾਂ ਬੁੱਢਾ ਕਬੂਤਰ ਵਾੰਗੂ ਅੱਖਾਂ ਬੰਦ ਕਰ ਲੈਂਦਾ ਹੈ ਤੇ ਕਦੇ ਕਦੇ ਬਾਪੂ ਦੇ ਤਿੰਨ ਬੰਦਰਾਂ ਵਾੰਗੂ ਅੱਖ ਕੰਨ ਤੇ ਮੂੰਹ ਤੇ ਹੱਥ ਰੱਖ ਲੈਂਦਾ ਹੈ। ਬਹੁਤਾ ਸਮਾਂ ਬੁੱਢਾ ਬੁੱਢੀ ਘਰੇ ਇਕੱਠੇ ਹੀ ਰਹਿੰਦੇ ਹਨ ਤੇ ਬਾਹਰ ਵੀ ਇਕੱਠੇ ਜਾਂਦੇ ਹਨ। ਇਥੋਂ ਤੱਕ ਕੇ ਬੁੱਢਾ ਕਿਸੇ ਨੂੰ ਮਿਲਣ ਗਿਆ ਯ ਕਟਿੰਗ ਕਰਾਉਣ ਗਿਆ ਬੁੱਢੀ ਨੂੰ ਨਾਲ ਲਿਜਾਣਾ ਨਹੀਂ ਭੁੱਲਦਾ ਚਾਹੇ ਉਹ ਜੁਆਕਾਂ ਵਾੰਗੂ ਬਾਹਰ ਕਾਰ ਵਿੱਚ ਹੀ ਬੈਠੀ ਰਹੇ। ਬੁੱਢੇ ਬੁੱਢੀ ਦੇ ਪਤਾ ਨਹੀਂ ਕਿੰਨੇ ਗੁਣ ਮਿਲਦੇ ਹਨ ਇਹ ਤਾਂ ਯੰਤਰੀ ਵਾਲੇ ਪੰਡਿਤ ਨੂੰ ਪਤਾ ਹੋਵੇਗਾ ਪਰ ਆਦਤਾਂ ਬਹੁਤੀਆਂ ਇੱਕੋ ਜਿਹੀਆਂ ਹੀ ਹਨ। ਕਈ ਵਾਰੀ ਬੁੱਢਾ ਗੱਲਾਂ ਕਰਦਾ ਕਰਦਾ ਇਮੋਸ਼ਨਲ ਹੋ ਜਾਂਦਾ ਹੈ ਤੇ ਝੱਟ ਅੱਖਾਂ ਭਰ ਲੈਂਦਾ ਹੈ। ਫਿਰ ਬੁੱਢੀ ਬੁੱਢੇ ਨੂੰ ਪੂਰਾ ਹੌਸਲਾ ਦਿੰਦੀ ਹੈ। ਕਈ ਵਾਰੀ ਉਹ ਦੋਨੋ ਟੁੱਟ ਗਏ ਰਿਸ਼ਤਿਆਂ ਤੇ ਦੂਰ ਹੋ ਗਏ ਆਪਣਿਆਂ ਨੂੰ ਯਾਦ ਕਰਕੇ ਪ੍ਰੇਸ਼ਾਨ ਹੋ ਜਾਂਦੇ ਹਨ। “ਚਲੋ ਛੱਡੋ ਜੀ” ਕਹਿਕੇ ਬੁੱਢੀ ਬੁੱਢੇ ਨੂੰ ਧਰਵਾਸ ਤਾਂ ਦੇ ਦਿੰਦੀ ਹੈ ਪਰ ਉਸਦੀ ਅੰਦਰਲੀ ਟੀਸ ਉਸਦੇ ਚੇਹਰੇ ਤੇ ਸਾਫ ਝਲਕਦੀ ਹੈ। ਉਂਜ ਇਹ ਬੁੱਢਾ ਬੁੱਢੀ ਇੱਕ ਦੂਜੇ ਦੇ ਪੂਰਕ ਹਨ। ਕਦੇ ਕਦੇ ਸ਼ਾਮ ਨੂੰ ਜੁਆਕਾਂ ਵਾੰਗੂ ਚਟਪਟਾ ਖਾਣ ਨਿਕਲ ਜਾਂਦੇ ਹਨ। ਕਦੇ ਕਦੇ ਬੁੱਢਾ ਬੁੱਢੀ ਨੂੰ ਆਪਣੇ ਦਰਦ ਕਰਦੇ ਪੈਰ ਘੁੱਟਣ ਨੂੰ ਕਹਿੰਦਾ ਹੈ ਭਾਵੇਂ ਉਸਨੂੰ ਪਤਾ ਹੁੰਦਾ ਹੈ ਕਿ ਬੁੱਢੀ ਦੇ ਹੱਥਾਂ ਵਿੱਚ ਦਮ ਨਹੀਂ ਹੈ ਤੇ ਕਈ ਵਾਰੀ ਬੁੱਢੀ ਬੁੱਢੇ ਨੂੰ ਆਪਣੇ ਗੋਡੇ ਮੋਢੇ ਦਬਾਉਣ ਨੂੰ ਕਹਿ ਦਿੰਦੀ ਹੈ। ਤੇ ਦੋ ਮਿੰਟਾਂ ਬਾਅਦ ਉਹ “ਚੱਲ ਬਸ” ਕਹਿ ਦਿੰਦੇ ਹਨ। ਮੈਨੂੰ ਲਗਦਾ ਹੈ ਇਹ ਕੋਈ ਫਿਜਿਓਥੈਰੇਪੀ ਨਹੀਂ ਬਸ ਹੱਥਹੋਲਾ ਹੀ ਹੁੰਦਾ ਹੈ।
ਉਹ ਵਾਰੀ ਵਾਰੀ ਟਾਈਮ ਵੇਖਦੇ ਹਨ, ਦਿਨ ਵਾਰ ਯਾਦ ਕਰਦੇ ਹਨ, ਤਰੀਕ, ਮਹੀਨੇ ਤੇ ਸਾਲ ਚਿਤਾਰਦੇ ਹਨ।
ਰੱਬ ਦਾ ਦਿੱਤਾ ਉਹਨਾਂ ਕੋਲੇ ਸਭ ਕੁਝ ਹੈ ਦੁੱਧਪੁੱਤ, ਧਨਦੌਲਤ, ਰੁਤਬਾ, ਸ਼ੋਹਰਤ। ਸਬਰ ਵੀ ਹੈ। ਚੰਗੀ ਆਗਿਆਕਾਰੀ ਔਲਾਦ। ਹੋਰ ਬੰਦੇ ਨੂੰ ਕੀ ਚਾਹੀਦਾ ਹੈ। ਕਹਿੰਦੇ “ਬਸ ਇਕੱਠੇ ਹੀ ਰਹੀਏ ਇਸ ਲੋਕ ਚ ਵੀ ਤੇ ਅਗਲੇ…..।”
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *