ਪਾਲਾ ਸਬਜ਼ੀ ਵਾਲਾ (ਭਾਗ 1/3) | paala sabji wala

“ਗੋਭੀ, ਮਟਰ, ਗਾਜਰਾਂ, ਸ਼ਮਗਲ, ਮੂਲੀਆਂ, ਟਮਾਟੇ ਭਾਈਅਅਅ…” “ਘੀਆ, ਪੇਠਾ, ਚੱਪਨ-ਕੱਦੂ, ਆਲੂ, ਗੰਢੇ…”

ਗਰਮੀਆਂ ਸਰਦੀਆਂ ਵਿੱਚ ਪਾਲਾ ਸਬਜ਼ੀ ਵਾਲਾ ਉੱਚੀ ਦੇਣੀ ਬੱਸ ਏਹੋ ਹੋਕਾ ਮਾਰਦਾ। ਉਹ ਕੋਈ ਵਿਸ਼ੇਸ਼ਣ ਲਾ ਕੇ ਜਾਂ ਆਵਾਜ਼ ਦਾ ਅੰਦਾਜ਼ ਬਦਲ ਕੇ, ਸੀਟੀ ਵਜਾ ਕੇ ਜਾਂ ਵਿੰਗੀ ਟੇਢੀ ਆਵਾਜ਼ ਬਣਾ ਕੇ ਹੋਕਾ ਨਾ ਮਾਰਦਾ ਜਿਵੇਂ ਆਮ ਤੌਰ ’ਤੇ ਹੋਰ ਸਬਜ਼ੀ ਦੀਆਂ ਰੇਹੜੀਆਂ ਵਾਲੇ ਕਰਦੇ ਹੁੰਦੇ ਸਨ। ਉਹ ਤਾਂ ਬੱਸ ਮੋਟੀ-ਠੁੱਲੀ, ਸਿੱਧੀ-ਸਾਦੀ ਆਵਾਜ਼ ਚ ਉੱਚੀ ਹੋਕਾ ਮਾਰਦਾ।

ਉਹ ਆਪ ਵੀ ਬੜਾ ਸਿੱਧਾ-ਸਾਦਾ ਬਿਨਾਂ ਵਲ-ਛਲ ਤੋਂ ਸੀ। ਖੁੱਲ੍ਹੀ ਜਹੀ ਕਮੀਜ਼, ਖੁੱਲ੍ਹਾ ਜਹਾ ਪਜਾਮਾ, ਪੈਰ ਚੱਪਲਾਂ ਜਾਂ ਸਰਦੀਆਂ ਵਿੱਚ ਬੜੀ ਹੱਦ ਕੋਈ ਸਾਧਾਰਨ ਜਿਹੇ ਬੂਟ। ਪੱਗ ਵੀ ਓਹਦੀ ਬੜੀ ਸਾਦੀ ਜਹੀ ਬੰਨ੍ਹੀ ਹੁੰਦੀ, ਗੋਲ-ਮਟੋਲ, ਲਾਪ੍ਰਵਾਹੀ ਜਿਹੀ ਨਾਲ। ਰੰਗ ਕਦੇ ਲਾਲ ਹੁੰਦਾ, ਕਦੇ ਨੀਲਾ ਤੇ ਕਦੇ ਸਫੈ਼ਦ।

ਪਾਲੇ ਦੀ ਆਵਾਜ਼ ਸੁਣ ਕੇ ਔਰਤਾਂ ਘਰਾਂ ਦੇ ਸਾਰੇ ਕੰਮ ਛੱਡ ਕੇ ਬਾਹਰ ਆ ਜਾਂਦੀਆਂ। ਓਹਦੀ ਰੇਹੜੀ ਦੇ ਆਲੇ-ਦੁਆਲੇ ਭੀੜ ਜੁੜ ਜਾਂਦੀ। ਨਵੀਆਂ ਵੌਹਟੀਆਂ ਬਜ਼ੁਰਗ ਇਸਤਰੀਆਂ ਦੇ ਪੈਰੀਂ ਹੱਥ ਲਾਉਂਦੀਆਂ। ਓਹ ਜੱਫੀ ਵਿੱਚ ਲੈ ਕੇ ਅਸੀਸਾਂ ਦਿੰਦੀਆਂ। ਮੁਹੱਲੇ ਦੀ ਕੁੜੀ ਨਮਸਕਾਰ, ਸਤਿ ਸ੍ਰੀ ਅਕਾਲ ਕਹਿੰਦੀ। ਪੁਰਾਣੇ ਸਮਿਆਂ ਵਿੱਚ ਜਿਵੇਂ ਪਿੰਡ ਦਾ ਖੂਹ ਔਰਤਾਂ ਦੇ ਮਿਲਣ ਦਾ ਸਬੱਬ ਹੁੰਦਾ ਸੀ। ਸਮਝੋ ਏਸੇ ਤਰ੍ਹਾਂ ਏਸ ਮੁਹੱਲੇ ਦੀਆਂ ਔਰਤਾਂ ਦੇ ਮਿਲਣ ਦਾ ਸਬੱਬ ਪਾਲੇ ਦੀ ਰੇਹੜੀ ਹੁੰਦੀ।

ਮੁਹੱਲੇ ਦੇ ਮਰਦਾਂ ਨੂੰ ਇਹ ਸਮਝ ਨੀ ਸੀ ਪੈਂਦੀ ਕਿ ਆਖ਼ਰ ਪਾਲੇ ਦੀ ਈ ਰੇਹੜੀ ਉੱਤੇ ਔਰਤਾਂ ਕਿਉਂ ਝੁਰਮਟ ਪਾ ਕੇ ਖੜ੍ਹ ਜਾਂਦੀਆਂ ਹਨ..? ਹੋਰ ਕਿਸੇ ਰੇਹੜੀ ਉੱਤੇ ਤਾਂ ਏਸ ਤਰ੍ਹਾਂ ਨੀ ਖੜ੍ਹਦੀਆਂ।

ਔਰਤਾਂ ਰੇਹੜੀ ਉੱਤੇ ਆ ਕੇ ਸਬਜ਼ੀ ਛਾਂਟਣ ਲੱਗ ਜਾਂਦੀਆਂ। ਹਰ ਇੱਕ ਦੀ ਕੋਸ਼ਿਸ਼ ਹੁੰਦੀ ਕਿ ਅਗਲੀ ਚੰਗੀ ਸਬਜ਼ੀ ਛਾਂਟੇ। ਪਾਲਾ ਵੀ ਕਿਸੇ ਨੂੰ ਸਬਜ਼ੀ ਛਾਂਟਣ ਤੋਂ ਨਹੀਂ ਸੀ ਰੋਕਦਾ। ਪਾਲਾ ਆਪ ਵੀ ਸਬਜ਼ੀ ਛਾਂਟਣ ਲੱਗ ਜਾਂਦਾ ਸੀ। ਹਰ ਇੱਕ ਔਰਤ ਨੂੰ ਏਸ ਤਰ੍ਹਾਂ ਲੱਗਦਾ ਸੀ ਜਿਵੇਂ ਸਬਜ਼ੀ ਦੀ ਰੇਹੜੀ ਓਹਦੀ ਆਪਣੀ ਈ ਹੁੰਦੀ ਐ।

ਔਰਤਾਂ ਘਰਾਂ ਵਿਚੋਂ ਨਿਕਲਦੀਆਂ, ਰੇਹੜੀ ਕੋਲ ਜਾ ਕੇ ਕਹਿੰਦੀਆਂ, “ਪਾਲੇ ਲਿਆਇਐਂ ਭਾਈ ਸਬਜ਼ੀ..! ਕਿਹੜੀ ਸਬਜ਼ੀ ਲਿਆਇਐਂ ਅੱਜ..?” ਓਹ ਤਾਂ ਬੱਸ ਸਭੈਕੀਂ ਪੁੱਛਦੀਆਂ। ਸਬਜ਼ੀ ਤਾਂ ਰੇਹੜ ਕੋਲ ਆਉਣ ਸਾਰ ਚੁਗਣ ਲੱਗ ਜਾਂਦੀਆਂ। ਨਾਲ ਨਾਲ ਮਲਕ ਮਲਕ ਰੇਟ ਵੀ ਪੁੱਛੀ ਜਾਂਦੀਆਂ।

“ਗੰਢੇ ਸੌ ਰੁਪਏ ਦੇ ਸੱਤ ਕਿੱਲੋ, ਟਮਾਟੇ ਪੱਚੀ ਰੁਪਏ, ਗੋਭੀ ਵੀਹ ਰੁਪਏ..।”

“ਤੇ ਮਟਰ ਕਿਵੇਂ ਲਾਏ ਪਾਲੇ..?”

“ਮਟਰ ਅੱਜ ਸੌ ਰੁਪਏ ਦੇ ਛੇ ਕਿੱਲੋ ਲੈਲੋ… ਰੇਟ ਤਾਂ ਵੈਹੇ ਵੀਹ ਰੁਪਈਆ ਆ..।”

“ਨਹੀਂ ਨਹੀਂ ਪਾਲੇ, ਸੌ ਦੇ ਸੱਤ ਕਿੱਲੋ ਲਾ… ਅਸੀਂ ਸਾਰੀਆਂ ਲੈਲਾਂਗੀਆਂ…।’’

“ਚਲੋ ਆਂਟੀ ਲੈਲੋ… ਸੱਤੇ ਲੈਲੋ..।” ਉਹ ਝੱਟ ਮੰਨ ਜਾਂਦਾ।

ਪਰ ਮੁਹੱਲੇ ਦੀਆਂ ਔਰਤਾਂ ਦੇ ਘਰਵਾਲੇ ਕਈ ਵਾਰ ਬਹੁਤ ਤੰਗ ਹੁੰਦੇ ਸਨ। ਓਹ ਸਵੇਰੇ ਸਵੇਰੇ ਦਫ਼ਤਰਾਂ ਨੂੰ ਜਾਣ ਲਈ ਤਿਆਰ ਹੁੰਦੇ ਤੇ ਅਗਲੀਆਂ ਪਾਲੇ ਦੀ ਆਵਾਜ਼ ਸੁਣ ਕੇ ਰੋਟੀ ਪਕਾਉਂਦੀਆਂ ਪਕਾਉਂਦੀਆਂ ਛੱਡ ਕੇ ਓਹਦੀ ਰੇਹੜੀ ਦੁਆਲੇ ਜੁੜਨ ਲੱਗ ਜਾਂਦੀਆਂ। ਅਗਲੇ ਕਲਪਦੇ ਈ ਰਹਿ ਜਾਂਦੇ। ਰੋਟੀ ਦੇ ਡੱਬਿਆਂ ਵਿੱਚ ਆਪ ਦਾਲ-ਸਬਜ਼ੀ ਪਾ ਕੇ ਤਿਆਰ ਕਰਦੇ।

ਕਈ ਵਾਰ ਪਾਲਾ ਮੁਹੱਲੇ ਦੀ ਦੂਜੀ ਨੁੱਕਰ ਉੱਤੇ ਪਹਿਲਾਂ ਚਲਿਆ ਜਾਂਦਾ। ਜਦ ਓਹ ਘੁੰਮ ਘੁੰਮਾ ਕੇ ਏਸ ਮੁਹੱਲੇ ਚ ਆਉਂਦਾ ਤਾਂ ਸਾਰੀਆਂ ਔਰਤਾਂ ਲਾਂਭਾ ਦੇਣ ਲਗਦੀਆਂ, “ਪਾਲੇ ਹੁਣ ਕੀ ਰਹਿ ਗਿਆ ਪਿੱਛੇ… ਬਚੀ-ਖੁਚੀ ਸਬਜ਼ੀ… ਚੰਗੀ ਚੰਗੀ ਤਾਂ ਓਧਰ ਦੇ ਆਇਐਂ… ਦੱਸ ਅਸੀਂ ਹੁਣ ਏਸ ਚੋਂ ਕੀ ਛਾਂਟੀਏ..?”

“ਕੀ ਕਰਾਂ ਬੀਬੀ… ਓਧਰ ਬੀਬੀਆਂ ਨੇ ਛਾਂਟਲੀ…”

“ਪਹਿਲਾਂ ਐਧਰ ਆਇਆ ਕਰ ਸਾਡੇ ਅੱਲ…।”

ਪਰ ਓਹ ਏਸ ਗੱਲ ਦਾ ਕੋਈ ਉੱਤਰ ਨੀ ਸੀ ਦਿੰਦਾ। ਓਹਨੂੰ ਪਤਾ ਸੀ ਕਿ ਹਰ ਗਲੀ ਵਿੱਚ ਈ ਏਹ ਗੱਲ ਸਾਰੀਆਂ ਓਹਨੂੰ ਆਂਹਦੀਆਂ ਸਨ।

ਫੇਰ ਵੀ ਓਹ ਬਚੀਆਂ-ਖੁਚੀਆਂ ਸਬਜ਼ੀਆਂ ਵਿਚੋਂ ਛਾਂਟ ਰਹੀਆਂ ਹੁੰਦੀਆਂ। ਕੋਈ ਟਮਾਟਰ ਛਾਂਟ ਰਹੀ ਹੁੰਦੀ, ਕੋਈ ਗੰਢੇ ਤੇ ਕੋਈ ਆਲੂ।

ਜਦੋਂ ਪਿੱਛੇ ਜਮਾ ਈ ਭੋਰ-ਚੋਰ ਬਚ ਜਾਂਦਾ ਤਾਂ ਔਰਤਾਂ ਪੁੱਛਦੀਆਂ, “ਪਾਲੇ ਇਸ ਭੋਰੇ-ਚੂਰੇ ਦਾ ਕੀ ਕਰੇਂਗਾ..? ਏਹਨੂੰ ਸੁੱਟਦੇਂਗਾ..?”

“ਕਿਉਂ ਬੀਬੀ ਸੁੱਟਣਾ ਕਿਉਂ ਐ..? ਏਹ ਵੀ ਕਿਸੇ ਨੇ ਲੈ ਲੈਣਾ..।”

“ਕੌਣ ਲਊ ਵੇ ਪਾਲੇ ਏਸ ਰਹਿੰਦ-ਖੂੰਹਦ ਨੂੰ… ਕੇਹੜਾ ਖਾਊ ਏਹਨੂੰ..?” ਔਰਤਾਂ ਹੱਸਣ ਲਗਦੀਆਂ

“ਬੀਬੀ ਜੀ… ਲੈਣਗੇ ਨਹੀਂ… ਖਾਣਗੇ… ਚਟਕਾਰੇ ਮਾਰ ਮਾਰ ਖਾਣਗੇ ਏਨ੍ਹਾਂ ਨੂੰ…।”

“ਕੌਣ ਖਾਣਗੇ ਵੇ..!”

“ਜੇਹੜੇ ਦਾਰੂ ਪੀ ਕੇ… (ਬਾਕੀ ਕੱਲ੍ਹ)

Leave a Reply

Your email address will not be published. Required fields are marked *