ਅੱਜਕਲ੍ਹ ਇੱਕ ਯ ਦੋ ਨਿਆਣੇ ਜੰਮਣ ਦਾ ਚਲਣ ਹੈ। ਪਹਿਲਾਂ ਇਹ ਸੂਈ ਦੱਸ ਬਾਰਾਂ ਦਾ ਅੰਕੜਾ ਆਮ ਹੀ ਪਾਰ ਕਰ ਜਾਂਦੀ ਸੀ। ਸਮੇਂ ਦੀ ਨਜ਼ਾਕਤ ਅਤੇ ਦੇਸ਼ ਦੀ ਜਨਸੰਖਿਆ 150 ਕਰੋੜ ਦੇ ਨਜ਼ਦੀਕ ਹੋਣ ਕਰਕੇ ਲੋਕ ਇੱਕ ਦੋ ਤੋਂ ਬਾਅਦ ਮਾਫ਼ੀ ਮੰਗਣ ਲੱਗ ਪਏ। ਪਰ ਫਿਰ ਵੀ ਉਹਨਾਂ ਦੀ ਵੱਡੀ ਮੁਸ਼ਕਿਲ ਬੱਚੇ ਦਾ ਨਾਮ ਰੱਖਣ ਦੀ ਹੀ ਹੈ। ਸਵਾਲ ਖੜ੍ਹਾ ਹੁੰਦਾ ਹੈ ਕਿ ਬੱਚੇ ਦਾ ਨਾਮ ਕੀ ਰੱਖੀਏ? ਪਹਿਲਾਂ ਬੱਚਿਆਂ ਦੇ ਨਾਮ ਰੱਖਣ ਦੀ ਕੋਈਂ ਸਮੱਸਿਆ ਨਹੀਂ ਸੀ ਹੁੰਦੀ । ਇਹ ਨਾਮ ਦੇਸੀ ਮਹੀਨਿਆਂ ਦੇ ਨਾਮ ਤੇ ਚੇਤ ਰਾਮ ਵਿਸਾਖੀ ਮਲ ਜੇਠਾ ਮਲ ਹਾੜੀ ਰਾਮ ਸਾਵਣ ਮਲ ਆਦਿ ਰੱਖੇ ਜਾਂਦੇ ਸਨ ਫਿਰ ਵਾਰਾਂ ਦੇ ਹਿਸਾਬ ਅਨੁਸਾਰ ਸੋਮ ਪ੍ਰਕਾਸ਼ ਮੰਗਲ ਚੰਦ ਬੁੱਧ ਰਾਮ ਯ ਫਿਰ ਦਰੱਖਤਾਂ ਦੇ ਨਾਮ ਤੇ ਕਿੱਕਰ ਸਿੰਘ ਟਹਿਲ ਸਿੰਘ ਦੇਵਤੇ ਅਤੇ ਗੁਰੂਆਂ ਦੇ ਨਾਮ ਤੇ ਰਾਮ ਚੰਦ ਕ੍ਰਿਸ਼ਨ ਕੁਮਾਰ ਸ਼ਿਵ ਜੀ ਮਹੇਸ਼ ਕੁਮਾਰ ਇੰਦਰ ਯ ਕਿਸੇ ਸ਼ਬਦ ਪਿੱਛੇ ਇੰਦਰ ਲਗਾਕੇ ਰੱਖੇ ਜਾਂਦੇ ਸਨ। ਰਾਮ ਚੰਦ ਭਗਵਾਨ ਦਾਸ ਗੋਬਿੰਦ ਨਾਨਕ ਚੰਦ ਕ੍ਰਿਸ਼ਨ ਕਾਹਨ ਕਨ੍ਹਈਆ ਵਗੈਰਾ। ਆਦਤਾਂ ਯ ਵਿਸ਼ੇਸ਼ਤਾਵਾਂ ਦੇ ਨਾਮ ਤੇ ਚਤਰ ਸਿੰਘ ਤੇਜ ਪਾਲ ਹੁਸ਼ਿਆਰ ਸਿੰਘ ਯ ਗੁਰਦੇਵ ਬਲਦੇਵ ਹਰਦੇਵ ਗੁਰਬਖਸ਼ ਗੁਰਮੇਹਰ ਮਨਜੀਤ ਜਗਜੀਤ ਵਗੈਰਾ। ਨਾਮਾਂ ਦੀ ਕੋਈਂ ਕਮੀ ਨਹੀਂ ਸੀ। ਕਿਸੇ ਦਾ ਨਾਮ ਮਿੱਠੂ ਸੀ ਕਿਸੇ ਦਾ ਤੋਤਾ। ਕੋਈਂ ਸੱਜਣ ਸੀ ਕੋਈਂ ਦਰਵੇਸ਼ ਦਾਨੀ ਦਾਨ ਕੋਈਂ ਹੀਰਾ ਕੋਈਂ ਲਾਲ ਕੋਈਂ ਕ੍ਰਿਸ਼ਨ ਕੋਈਂ ਮੁਰਾਰੀ ਤੇ ਕੋਈਂ ਬੰਸੀ ਸੀ ਤੇ ਕੋਈਂ ਭਜਨ। ਕੋਈਂ ਹਜ਼ਾਰੀ ਸੀ ਕੋਈਂ ਲੱਖੀ ਤੇ ਕੋਈਂ ਕਰੋੜੀ ਮੱਲ। ਕੋਈਂ ਗੋਰਾ ਕੋਈਂ ਕਾਲਾ ਵੀ ਸੀ ਲੱਖਾਂ ਨਾਮ ਸਨ। ਹਰ ਨਾਮ ਦਾ ਕੋਈਂ ਸਾਰਥਿਕ ਅਰਥ ਮਤਲਬ ਹੁੰਦਾ ਸੀ। ਹਰ ਕੋਈਂ ਆਪਣੇ ਨਾਮ ਤੇ ਫਖਰ ਮਹਿਸੂਸ ਕਰਦਾ ਸੀ। ਕੁੜੀਆਂ ਦੇ ਮਾਮਲੇ ਵਿੱਚ ਵੀ ਆਹੀ ਹਾਲ ਸੀ। ਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਓਹੀ ਨਾਮ ਮੁੰਡਿਆਂ ਦੇ ਹੁੰਦੇ ਹਨ ਤੇ ਓਹੀ ਕੁੜੀਆਂ ਦੇ। ਬਾਕੀ ਨਾਮ ਵੀ ਖਾਸ ਵਿਸ਼ੇਸ਼ਤਾ ਵਾਲੇ ਹੁੰਦੇ ਸਨ ਪੂਜਾ ਮਮਤਾ ਨੀਰੂ ਰੀਤੂ ਰੀਟਾ ਕਮਲੇਸ਼ ਕੈਲਾਸ਼ ਕਮਲ ਕੰਵਲ ਕੰਵਰ ਜੋਤੀ ਪਰਮ ਸੀਤਾ ਦ੍ਰੋਪਤੀ ਰਜਨੀ ਨਾਨਕੀ ਕੁਸ਼ਲਿਆ ਬਿਮਲਾ ਗੱਲ ਕੀ ਵਧੀਆ ਨਾਮ ਸਨ। ਕੰਚਨ ਕਿਰਨ ਰੂਪਾ ਪ੍ਰੀਤ ਕਿਹੜਾ ਕਿਹੜਾ ਨਾਮ ਲਿਖਾਂ। ਹਰ ਨਾਮ ਦਾ ਮਤਲਬ ਸੀ ਅਤੇ ਲਿਖਣ ਦਾ ਕੋਈਂ ਝੰਜਟ ਨਹੀਂ ਸੀ। ਮਤਲਬ ਕਿਵ਼ੇਂ ਲਿਖਣਾ ਹੈ ਸਪੈਲਿੰਗ ਨਹੀਂ ਪੁੱਛਣੇ ਪੈਂਦੇ ਸਨ।
ਅੱਜ ਇੱਕ ਬੱਚੇ ਦਾ ਨਾਮ ਰੱਖਣ ਲੱਗੇ ਮਾਪਿਆਂ ਦੀ ਭੰਬੀਰੀ ਘੁੰਮ ਜਾਂਦੀ ਹੈ। ਲੋਕ ਕੋਈਂ ਵਿਲੱਖਣ ਜਿਹਾ ਨਾਮ ਰੱਖਣਾ ਚਾਹੁੰਦੇ ਹਨ। ਅਮੂਮਨ ਇਹ੍ਹਨਾਂ ਨਾਮਾਂ ਦਾ ਕੋਈਂ ਸ਼ਾਬਦਿਕ ਅਰਥ ਨਹੀਂ ਹੁੰਦਾ। ਬਹੁਤੇ ਵਾਰੀ ਅਗਲੇ ਦੀ ਸਾਰੀ ਉਮਰ ਨਾਮ ਦੇ ਸਪੈਲਿੰਗ ਦੱਸਦੇ ਯ ਠੀਕ ਕਰਾਉਂਦੇ ਦੀ ਨਿਕਲ ਜਾਂਦੀ ਹੈ। ਬਹੁਤੇ ਨਾਮ ਤਾਂ ਸਹੀ ਪੁਕਾਰਨੇ ਵੀ ਔਖੇ ਹਨ। ਅਗਲਾ ਹੋਰ ਹੀ ਕੁਝ ਕਹਿਕੇ ਬੁਲਾਈ ਜਾਂਦਾ ਹੈ।ਅੱਜਕਲ੍ਹ ਸਾਰਾ ਸਿਸਟਮ ਆਨਲਾਈਨ ਹੈ। ਇੱਕ ਮਾਮੂਲੀ ਜਿਹੀ ਸਪੈਲਿੰਗ ਮਿਸਟੇਕ ਪੂਰਾ ਮਾਮਲਾ ਗੜਬੜ ਕਰ ਦਿੰਦੀ ਹੈ। ਜੀਤ ਵਿਚ ਡਬਲ ਈ ਅਤੇ ਆਈ ਨੇ ਬਹੁਤ ਮਸਲੇ ਉਲਝਾ ਰੱਖੇ ਹਨ। ਮੇਰਾ ਵਿਚਾਰ ਹੈ ਅੱਗੇ ਤੋਂ ਅਜਿਹੇ ਨਾਮਾਂ ਵਿੱਚ ਆਈ ਹੀ ਲਿਖਿਆ ਜਾਂਵੇ ਇਸ ਨਾਲ ਨਾਮ ਦਾ ਇੱਕ ਸ਼ਬਦ ਵੀ ਘਟੇਗਾ।
ਪੁਰਾਣੇ ਨਾਮ ਸੋਨਾ ਸਨ ਅੱਜ ਦੇ ਨਾਵਾਂ ਦੇ ਮੁਕਾਬਲੇ। ਹੁਣ ਲੋਕ ਤਿੰਨ ਅੱਖਰੀ ਨਾਮ ਨੂੰ ਦੋ ਅੱਖਰੀ ਲਿਖਣ ਲੱਗੇ ਹਨ। ਇਹ ਵੀ ਵਧੀਆ ਹੈ ਪਹਿਲਾਂ ਹਰ ਨਾਮ ਅਤੇ ਉਪ ਜਾਤੀ ਦੇ ਵਿਚਾਲੇ ਕੁਮਾਰ, ਲਾਲ, ਰਾਏ’ ਚੰਦ ਤੇ ਪ੍ਰਕਾਸ਼ ਵੀ ਲਿਖਿਆ ਜਾਂਦਾ ਸੀ। ਇਸ ਨਾਲ ਨਾਮ ਨੂੰ ਵਿਲੱਖਣ ਦਿੱਖ ਮਿਲਦੀ ਸੀ। ਹੁਣ ਤਾਂ ਬਹੁਤੇ ਲੋਕ ਆਪਣੇ ਨਾਮ ਨਾਲ ਸਿੰਘ ਅਤੇ ਕੌਰ ਵੀ ਵਰਤੋਂ ਕਰਨੋ ਹੱਟ ਗਏ ਇਹ ਵੀ ਗਲਤ ਰੁਝਾਨ ਹੈ। ਲੋੜ ਵੇਲੇ ਇਹ੍ਹਨਾਂ ਨੂੰ ਸਿੰਘ ਲਾਉਣਾ ਯਾਦ ਆ ਜਾਂਦਾ ਹੈ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਰਦਾਰ ਭਗਵੰਤ ਸਿੰਘ ਮਾਨ ਬਣ ਗਿਆ ਤੇ ਗੁਰਦਾਸ ਮਾਨ ਤੇ ਹੋਰ ਬਹੁਤੇ ਸਿੰਘ ਸ਼ਬਦ ਤੋਂ ਕਿਨਾਰਾ ਕਰ ਗਏ। ਇਹ ਗਲਤ ਰੀਤ ਹੈ। ਮੁੱਕਦੀ ਗੱਲ ਇਹ ਹੈ ਕਿ ਕਹਿੰਦੇ ਹਨ ਨਾਮ ਵਿੱਚ ਕੀ ਰੱਖਿਆ ਹੈ। ਪਰ ਪੁਰਾਣੇ ਨਾਮ ਸਾਡਾ ਵਿਰਸਾ ਹਨ। ਇਹ ਨਾਮ ਰੱਖਣੇ ਸ਼ੁਰੂ ਕਰਨੇ ਚਾਹੀਦੇ ਹਨ। ਜਿਵੇਂ ਅਸੀਂ ਮੇਰੀ ਵੱਡੀ ਪੋਤੀ ਦਾ ਨਾਮ ਸੌਗਾਤ/ਸੁਖਮਨੀ ਤੇ ਛੋਟੀ ਦਾ ਰੌਣਕ ਰੱਖਿਆ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ