ਸਵੇਰੇ ਸਵੇਰੇ ਹੀ ਵੱਜੀ ਜਾਂਦੈ, ਪਤਾ ਨੀ ਕੌਣ ਨਿਰਣੇ ਕਾਲਜੇ ਹੀ ਫੋਨ ਚੱਕ ਕੇ ਬਹਿ ਜਾਂਦਾ ,ਵੀ ਬੰਦਾ ਰੱਬ ਦਾ ਨਾਂ ਹੀ ਲੈ ਲਵੇ ਦੋ ਘੜੀ , ਬੁੜ ਬੁੜ ਕਰਦੀ ਗੁਰੀ ਦੀ ਮਾਂ ਨੇ ਫੋਨ ਚੁੱਕਿਆ “ਹੈਲੋ ਜੀ , ਮੈਂ ਸਕੂਲ ਦਾ ਮਾਸਟਰ ਬੋਲਦਾਂ ਗੁਰੀ ਘਰੇ ਹੀ ਆ ? ਮੇਰੀ ਗੱਲ ਕਰਵਾ ਦਿਓ ” ਹਾਂ ਸਰ ਘਰੇ ਹੀ ਆ , ਵੇ ਗੁਰੀ ਤੇਰੇ ਸਰ ਦਾ ਫੋਨ ਆ ,ਗੱਲ ਕਰ ਲਾ, ਇਹ ਮਾਸਟਰਾਂ ਨੂੰ ਵੀ ਟੇਕ ਨੀ ਕਿਤੇ !
ਹਾਂ ਜੀ ਸਰ , ਸਤਿ ਸ੍ਰੀ ਆਕਾਲ! ਗੁਰੀ ਨੇ ਅਧਿਆਪਕ ਨੂੰ ਆਦਰ ਦਾ ਛਿੱਟਾ ਮਾਰਿਆ! ਅੱਗੋਂ ਮਾਸਟਰ ਜੀ ਬੋਲੇ ! ” ਗੁਰੀ ਮੇਰੀ ਗੱਲ ਸੁਣ ਧਿਆਨ ਨਾਲ , ਅੱਜ ਯੋਗ ਦਿਵਸ ਆ , ਓਪਰੋ ਹੁਕਮ ਆਏ ਨੇ ਦੋ ਵਜ਼ੇ ਤੋਂ ਪਹਿਲਾਂ ਯੋਗ ਕਰਦੇ ਹੋਏ ਬੱਚਿਆਂ ਦੀਆਂ ਫੋਟੋਆਂ ਭੇਜੋ ” ਤੂੰ ਆਪਣੀ ਫੋਟੋ ਵੀ ਭੇਜ ਤੇ ਤੁਹਾਡੇ ਪਿੰਡ ਵਾਲੇ ਸੱਤੀ ,ਗਗਨੇ ਤੇ ਵਿੰਦਰੀ ਨੂੰ ਵੀ ਮੇਰਾ ਸਨੇਹਾ ਲਗਾ ਕੇ ਆ ” ਉਹਨਾਂ ਦੇ ਘਰਾਂ ਚ ਫੋਨ ਨੀ ਚੁੱਕਿਆ ਕਿਸੇ ਨੇ ! ਇਕ ਗੱਲ ਹੋਰ ਉਹਨਾਂ ਕੋਲ ਟੱਚ ਫੋਨ ਵੀ ਹੈਨੀ , ਤੂੰ ਉਹਨਾਂ ਨੂੰ ਆਪਣੇ ਘਰ ਹੀ ਬੁਲਾ ਲਈ ਇੱਥੇ ਖਿੱਚ ਕੇ ਭੇਜ ਦਿਓ ” ਬਹੁਤ ਜ਼ਰੂਰੀ ਕੰਮ ਹੈ ਏ ! ਜਾ ਪੁੱਤ ਹੁਣੇ ਜਾ “!
ਗੁਰੀ ਫੋਨ ਕੱਟਦੇ ਸਾਰ ਸਾਈਕਲ ਚੱਕ ਕੇ ਪਿੰਡ ਦੀ ਫਿਰਨੀ ਵੱਲ ਨੂੰ ਹੋ ਤੁਰਿਆ , ਦੋ ਘਰਾਂ ਨੂੰ ਜਿੰਦੇ ਲੱਗੇ ਸਨ ਤੇ ਕੇਵਲ ਵਿੰਦਰੀ ਦਾ ਪਿਉ ਹੀ ਘਰੇ ਮਿਲਿਆ! ਗੁਰੀ ਨੇ ਮਾਸਟਰ ਦੇ ਫੋਨ ਵਾਲੀ ਗੱਲ ਦੱਸਣ ਤੇ ਉਹ ਔਖਾ ਭਾਰਾ ਹੁੰਦਾ ਬੋਲਿਆ, “ਮਾਸਟਰ ਤਾਂ ਵਿਹਲੇ ਨੇ , ਸਾਨੂੰ ਹਜ਼ਾਰ ਸਿਆਪੇ ਨੇ ,ਸਾਡੇ ਕੋਲ ਨੀ ਟਾਇਮ ਇਹਨਾਂ ਵਿਹਲੇ ਕੰਮਾਂ ਨੂੰ ” ਜਵਾਕ ਤਾਂ ਖੇਤਾਂ ਵੱਲ ਗਏ ਨੇ ! ਘਰ ਵਾਪਿਸ ਆ ਕੇ ਗੁਰੀ ਨੇ ਸਰ ਨੂੰ ਫੋਨ ਕਰ ਕੇ ਸਾਰੀ ਗੱਲ ਦੱਸੀ ਤੇ ਪੜਿਆ ਲਿਖਿਆ ਸ਼ਹਿਰੀ ਮਾਸਟਰ ਫੋਨ ਕੱਟਦਿਆਂ ਹੀ ਮਨ ਹੀ ਮਨ ਕੋਸਣ ਲੱਗਿਆ ” ਇਹ ਪਿੰਡਾਂ ਵਾਲੇ ਸਮਝਦੇ ਹੀ ਨਹੀਂ , ਇਹਨਾਂ ਨੂੰ ਸਕੂਲ ਦੇ ਕੰਮ ਜ਼ਰੂਰੀ ਹੀ ਨਹੀਂ ਲੱਗਦੇ , ਯੋਗ ਭਲਾ ਕੋਈ ਮਾੜੀ ਚੀਜ਼ ਏ ,ਸਿਹਤ ਲਈ ਕਿੰਨਾਂ ਜ਼ਰੂਰੀ ਆ! ” ਦੁਪਹਿਰ ਬਾਰਾਂ ਕੁ ਵਜ਼ੇ ਤੱਕ ਕੁਝ ਹੋਰ ਬੱਚਿਆਂ ਨੂੰ ਫੋਨ ਕਰਨ ਤੋਂ ਬਾਅਦ ਮਾਸਟਰ ਸਾਹਿਬ ਨੇ ਇਕ ਵਾਰ ਸੱਤੀ ਦੇ ਪਿਉ ਨੂੰ ਦੁਬਾਰਾ ਫੋਨ ਕੀਤਾ ਵੀ ਨਹੀਂ ਤਾਂ ਉਪਰੋਂ ਝਿੜਕਾਂ ਖਾਣੀਆਂ ਪੈਣਗੀਆਂ” !
ਹੈਲੋ ਤੋਂ ਅੱਗੇ ਵਧਦਿਆਂ ਮਾਸਟਰ ਨੇ ਸੱਤੀ ਨਾਲ ਗੱਲ ਕਰਵਾਉਣ ਦੀ ਤਾਕੀਦ ਕਰਦਿਆਂ ਸਾਰੀ ਕਹਾਣੀ ਬੜੇ ਰੋਬ ਨਾਲ ਸੱਤੀ ਅੱਗੇ ਦੁਹਰਾਈ! ਯੋਗ ਬਹੁਤ ਜ਼ਰੂਰੀ ਏ !
ਅੱਗੋਂ ਜ਼ਿੰਦਗੀ ਤੋਂ ਤਪੇ ,ਤੱਪਦੇ ਪਾਣੀ ਚ ਖੜ੍ਹੇ ,ਮੁੜ੍ਹਕੇ ਨਾਲ ਤਿੱਪ ਤਿੱਪ ਚਿਉਦੇ ਸੱਤੀ ਨੇ ਕਿਹਾ “ਸਰ ਜੀ ਯੋਗ ਸਿਹਤ ਲਈ ਜ਼ਰੂਰੀ, ਪਰ ਚੋਗ ਉਹਦੇ ਨਾਲੋਂ ਵੱਧ ਜਰੂਰੀ ਏ , ਜਿਉਦੇ ਰਹਿਣ ਲਈ! ਮੁਆਫ਼ ਕਰਨਾ, ਅੱਜ ਯੋਗ ਨਹੀਂ ਚੋਗ ਕਮਾ ਰਹੇ ਆ , ਛੁੱਟੀਆਂ ਦਾ ਲਾਹਾ ਲੈ ਕੇ ਝੋਨਾ ਲਾ ਰਹੇ ਆ , ਉਹ ਵੀ ਲਾਗਲੇ ਪਿੰਡ ਦੇ ਖੇਤਾਂ ਚ! ਜੇ ਇਹ ਵਿਚੋਂ ਛੱਡ ਕੇ ਥੋਡੇ ਵਾਲਾ ਯੋਗ ਖਿੱਚਵਾਉਣ ਪਿੰਡ ਤੁਰਗੇ, ਅਗਲੇ ਸਾਲ ਜੱਟ ਨੇ ਖੇਤ ਚ ਪੈਰ ਨੀ ਧਰਨ ਦੇਣਾ ” ਸਾਡਾ ਚੋਗ ਰੁਲਜੂ ਤੇ ਬੰਦਾ ਯੋਗ ਬਿਨਾ ਰਹਿ ਸਕਦੈਂ,ਚੋਗ ਬਿਨਾ ਨਹੀਂ” !
ਬੱਚੇ ਤੋਂ ਤਲਖ਼ ਹਕੀਕਤ ਸੁਣਦਿਆਂ ਬਿਨਾਂ ਕੁਝ ਕਹੇ ਸਰ ਨੇ ਫੋਨ ਕੱਟ ਦਿੱਤਾ ਤੇ ਇਹ ਸੋਚਦਾ ਹੋਇਆ ਝਿੜਕਾਂ ਲਈ ਤਿਆਰ ਹੋ ਗਿਆ ਕਿ “ਇਹ ਪ੍ਰੋਗਰਾਮ ਉਲੀਕਣ ਵਾਲੇ ਸੁਪਨਮਈ ਤੇ ਉਪਰਲੇ ਦਫ਼ਤਰ ਪਤਾ ਨੀ ਕਦੋਂ ਆਪਣੀਆਂ ਖਿੜਕੀਆਂ ਖੋਲ੍ਹ ਇਸ ਚੋਗ ਤੋਂ ਯੋਗ ਤੱਕ ਦੀਆਂ ਕੰਡੇਦਾਰ ਰਾਹਵਾਂ ਨੂੰ ਦੇਖਣ ਗੇ !!
ਸੁਖਜੀਤ ਕੌਰ ਚੀਮਾਂ