ਰਾਤੀ ਮੀਂਹ ਪਿਆ..ਸੁਵੇਰੇ ਸੈਰ ਤੇ ਗਿਆ ਅਣਜਾਣ ਮੁਹੱਲੇ ਦੀ ਅਣਜਾਣ ਪਾਰਕ ਵਿੱਚ ਬੈਠ ਗਿਆ..ਸਾਮਣੇ ਇੱਕ ਗੋਰੀ ਗਿੱਲੇ ਬੇਂਚ ਤੇ ਟਾਕੀ ਫੇਰ ਰਹੀ ਸੀ..ਮੈਨੂੰ ਆਖਣ ਲੱਗੀ ਇਥੇ ਸੁੱਕੇ ਤੇ ਆ ਜਾ..ਓਥੇ ਗਿੱਲਾ ਹੋ ਜਾਵੇਂਗਾ..ਦੱਸਣ ਲੱਗੀ ਇਥੇ ਹੋਰ ਘੜੀ ਨੂੰ ਮੇਰੇ ਦੋਹਤੇ ਦੋਹਤੀਆਂ ਖੇਡਣ ਆ ਜਾਣਾ..ਓਹਨਾ ਲਈ ਤਿਆਰੀ ਕਰਦੀ ਆਂ..ਗਿੱਲੀ ਥਾਂ ਤੇ ਆਪ ਹੈ ਬਹਿੰਦੀ..ਮਾਣਕ ਦਾ ਮਾਂ ਵਾਲਾ ਗੀਤ ਚੇਤੇ ਆ ਗਿਆ..
ਇੱਕ ਮਿੱਤਰ ਪਿਆਰਾ..ਅਖ਼ੇ ਅੱਜ ਨਿੱਕੀ ਧੀ ਨੂੰ ਕੁਝ ਖੁਆ ਕੇ ਲਿਆਉਣਾ..ਪਹਿਲੀ ਇੰਟਰਵਿਊ ਕਲੀਅਰ ਹੋਈ..ਆਖਿਆ ਇਹ ਕਾਹਦੀ ਇੰਟਰਵਿਊ ਹੋਈ..ਬਿਨਾ ਪੈਸਿਆਂ ਦੀ ਵੋਲੇਂਟੀਰ ਕੰਮ ਦੀ..ਏਨੀ ਛੋਟੀ ਪ੍ਰਾਪਤੀ ਦਾ ਕਾਹਦਾ ਜਸ਼ਨ?
ਆਖਣ ਲੱਗਾ ਜਦੋਂ ਪਹਿਲੀ ਵੇਰ ਆਪ ਤੁਰਨਾ ਸਿੱਖੀ..ਮੈਂ ਓਦੋਂ ਵੀ ਇੰਝ ਹੀ ਕੀਤਾ ਸੀ..ਜੇ ਏਨਾ ਆਖ ਬੈਠ ਜਾਂਦਾ ਕੇ ਤੁਰਨਾ ਜਰੂਰ ਸਿੱਖੀ ਪਰ ਲਾਂਘ ਛੋਟੀ ਪੱਟੀ ਤਾਂ ਉਸਨੇ ਮਸੋਸ ਕੇ ਰਹਿ ਜਾਣਾ ਸੀ..!
ਕਈਆਂ ਦੀ ਸਾਰੀ ਜਿੰਦਗੀ ਔਲਾਦ ਦੀਆਂ ਨਿੱਕੀਆਂ ਵੱਡੀਆਂ ਉਲਾਂਹਗਾ ਕੱਛਦਿਆਂ ਹੀ ਨਿੱਕਲ ਜਾਂਦੀ..ਔਲਾਦ ਵੀ ਅੱਗੋਂ ਮੋਹ ਤੇ ਕਰਦੀ ਪਰ ਬੱਧਾ-ਰੁੱਧਾ ਜਿਹਾ..ਫੇਰ ਇੱਕ ਦਿਨ ਐਸੀ ਲੰਮੀ ਛਾਲ ਵੱਜਦੀ ਕੇ ਆਲ੍ਹਣੇ ਚੋਂ ਉਡਾਰੀ ਮਾਰਨ ਲੱਗੇ ਦੱਸ ਕੇ ਵੀ ਨੀ ਜਾਂਦੇ!
ਹਰ ਵੇਲੇ ਨਿੱਕੇ ਨਿੱਕੇ ਚਾਵਾਂ ਮਲਾਰਾਂ ਨੂੰ ਖੁਦ ਆਪਣੀ ਅਤੇ ਦੂਜਿਆਂ ਦੀ ਝੋਲੀ ਵਿਚ ਭਰੀ ਜਾਣਾ ਹੀ ਜੀਵਨ ਹੈ!
ਹਰਪ੍ਰੀਤ ਸੀ ਜਵੰਦਾ