ਪਾਲਾ ਸਬਜ਼ੀ ਵਾਲਾ (ਭਾਗ 2/3) | pala sabji wala part 2

“ਜੇਹੜੇ ਦਾਰੂ ਪੀ ਕੇ ਦਸ ਗਿਆਰਾਂ ਵਜੇ ਹੋਟਲਾਂ ਢਾਬਿਆਂ ਉੱਤੇ ਰੋਟੀ ਖਾਣ ਜਾਂਦੇ ਨੇ, ਓਹ ਖਾਂਦੇ ਨੇ ਆਂਟੀ ਜੀ…।” ਪਾਲਾ ਬੜੇ ਵਿਸ਼ਵਾਸ ਨਾਲ ਕਹਿੰਦਾ।

“ਨਾਲੇ ਆਂਟੀ ਗੱਲ ਸੁਣੋ ਹੋਰ… ਜਦੋਂ ਤੁਹਾਡੇ ਬੱਚੇ ਬਾਹਰ ਡਿਨਰ ਕਰਨ ਨੂੰ ਜ਼ੋਰ ਲਾਉਣ ਨਾ ਤੁਹਾਨੂੰ… ਤਾਂ ਤੁਹੀਂ ਆਪ ਵੀ ਏਨ੍ਹਾਂ ਨੂੰ ਬੜੇ ਸੁਆਦ ਲਾ ਲਾ ਖਾਂਦੇ ਓ…।”

ਔਰਤਾਂ ਛਿੱਥੀਆਂ ਜਹੀਆਂ ਹੋ ਕੇ ਆਂਹਦੀਆਂ, “ਅੱਛਾ ਤਾਂ ਫੇਰ ਤੂੰ ਇਨ੍ਹਾਂ ਬਚੀਆਂ-ਖੁਚੀਆਂ ਨੂੰ ਹੋਟਲਾਂ-ਢਾਬਿਆਂ ਉੱਤੇ ਵੇਚ ਆਉਨਾ…।”

“ਹੋਰ ਕੀ ਕਰੀਏ ਆਂਟੀ… ਜਦ ਵਿਕਦੀਆਂ ਨੇ ਤਾਂ ਸੁੱਟਣੀਆਂ ਥੋੜ੍ਹਾ ਹੁੰਦੀਆਂ…।” ਪਾਲਾ ਭੋਲੇ ਭਾਅ ਕਹੀ ਜਾਂਦਾ। ਰੇਹੜੀ ਕੋਲ ਖੜ੍ਹੀਆਂ ਔਰਤਾਂ ਪਾਲੇ ਦੀਆਂ ਖਰੀਆਂ ਖਰੀਆਂ ਗੱਲਾਂ ਸੁਣ ਕੇ ਹੈਰਾਨ ਹੁੰਦੀਆਂ। ਓਹ ਸੋਚਦੀਆਂ, ‘‘ਇਹ ਵੀ ਕਿੰਨਾ ਭੋਲਾ ਏ… ਕੋਈ ਗੱਲ ਲੁਕੋਂਦਾ ਈ ਨੀ….।’’

ਪਰ ਮੁਹੱਲੇ ਦੀਆਂ ਇਨ੍ਹਾਂ ਔਰਤਾਂ ਅਤੇ ਓਹਨਾਂ ਦੇ ਪਤੀਆਂ ਚ ਬੋਲ-ਬੁਲਾਰਾ ਹੁੰਦਾ ਈ ਰਹਿੰਦਾ। ਆਦਮੀ ਆਪਣੀ ਪਤਨੀ ਨੂੰ ਕਹਿੰਦਾ, “ਭਲੀਏ ਮਾਣਸੇ… ਅੱਜ ਸ਼ੁੱਕਰਵਾਰ ਐ… ਆਪਣੇ ਨੇੜੇ ਕਿਸਾਨ ਮੰਡੀ ਲੱਗਣੀ ਐ… ਆਪਾਂ ਨੂੰ ਓਥੋਂ ਸਾਰਾ ਕੁੱਝ ਮਿਲਜੂ… ਨਾਲੇ ਸਸਤੀ ਨਾਲੇ ਚੰਗੀ…। ਹੁਣ ਪਾਲੇ ਤੋਂ ਸਬਜ਼ੀ ਨਾ ਲੈ…।”

ਪਰ ਪਤਨੀ ਭਲਾ ਕਿੱਥੇ ਗੱਲ ਸੁਣਦੀ ਸੀ। ਉਹ ਚੁੰਨੀ ਚੁੱਕ ਕੇ ਫਟਾਫਟ ਪਾਲੇ ਦੀ ਰੇਹੜੀ ਵੱਲ ਜਾਂਦਿਆਂ ਆਂਹਦੀ, “ਚੱਲ ਕੋਈ ਨੀ… ਜੇਹੜੀ ਏਹਦੇ ਕੋਲੋਂ ਮਿਲਜੂ ਓਹ ਨਾ ਲਵਾਂਗੇ ਓਥੋਂ…।”

ਕਈ ਵਾਰ ਪਤੀ ਨੇ ਕਹਿਣਾ, “ਦੇਖ ਓਹਦੇ ਕੋਲ ਹੁਣ ਸਬਜ਼ੀ ਨੀ ਬਚੀ… ਪਿਛਲੀ ਗਲੀ ਆਲਿਆਂ ਛਾਂਟ ਛਾਂਟ ਲੈ ਲੀ ਸਾਰੀ… ਦੱਸ ਭਲਾ ਏਹਦੇ ਕੋਲੋਂ ਹੁਣ ਕੀ ਛਾਂਟੇਂਗੀ… ਨਿਰੀ ਰਹਿੰਦ-ਖੂੰਹਦ ਵਿੱਚੋਂ…।”

“ਕੋਈ ਨੀ ਕੋਈ ਨੀ…।” ਇਹ ਕਹਿ ਕੇ ਅਗਲੀ ਅਹੁ ਜਾਂਦੀ, ਅਹੁ ਜਾਂਦੀ।

ਕਦੇ ਕਦੇ ਪਾਲਾ ਕਈ ਕਈ ਦਿਨ ਆਪਣੀ ਰੇਹੜੀ ਲੈ ਕੇ ਨਾ ਆਉਂਦਾ। ਔਰਤਾਂ ਓਹਨੂੰ ਡੀਕ-ਡੀਕ ਅਖ਼ੀਰ ਮੰਡੀ ਤੋਂ ਸਬਜ਼ੀ ਲਿਆਉਣ ਲਈ ਘਰਦਿਆਂ ਨੂੰ ਕਹਿੰਦੀਆਂ। ਪਰ ਘਰ ਆਲੇ ਜਿਵੇਂ ਸਾਰੇ ਆਕੜ ਜਾਂਦੇ। ਦਾਦੀ ਆਪਣੇ ਪੋਤੇ ਨੂੰ ਆਂਹਦੀ, “ਹਰਮਨ ਬੇਟੇ ਜਾ ਗੱਡੀ ਲੈਜਾ, ਮੰਡੀ ’ਚੋਂ ਸਬਜ਼ੀ ਲੈ ਆ… ਅੱਜ ਬੁੱਧਵਾਰ ਐ… ਓਥੇ ਸਬਜ਼ੀ ਮੰਡੀ ਲੱਗੀ ਹੋਊ…।”

“ਮੈਂ ਕਿਉਂ ਜਾਵਾਂ… ਪਾਲੇ ਤੋਂ ਲੈ ਲੋ ਸਬਜ਼ੀ ਬੇਬੇ। ਜਦੋਂ ਡੈਲੀ ਆਂਹਦੇ ਨੇ ਕਿ ਸਬਜ਼ੀ ਲਿਆਈਏ ਮੰਡੀਓਂ ਤਾਂ ਆਖ ਦਿੰਨੇ ਓ… ਰਹਿਣ ਦੋ… ਪਾਲੇ ਤੋਂ ਲੈਲਾਂਗੇ.. ਪਾਲਾ ਆਉਣ ਈ ਆਲਾ ਹੋਊ..।” ਪੋਤਾ ਕੜਾਕ ਦੇ ਕੇ ਜੁਆਬ ਦਿੰਦਾ।

ਜਦੋਂ ਕਈ ਦਿਨਾਂ ਮਗਰੋਂ ਪਾਲਾ ਆਉਂਦਾ ਤਾਂ ਮੁਹੱਲੇ ਦੀਆਂ ਔਰਤਾਂ ਲਾਂਭਾ ਦਿੰਦੀਆਂ, “ਵੇ ਪਾਲਿਆ ਅਸੀਂ ਤਾਂ ਸਬਜ਼ੀ ਨੀ ਬਣਾਈ ਕਈ ਦਿਨਾਂ ਤੋਂ। ਕਿੱਥੇ ਗੁੰਮ ਗਿਆ ਸੀ ਤੂੰ…।”

“ਮੈਂ ਕਿੱਥੇ ਗੁੰਮਣਾ ਸੀ ਬੀਬੀ… ਨੌ ਫੇਜ਼ ਚਾਰੀ ਅੰਬ ਵੇਚਣ ਗਿਆ ਸੀ…।” ਪਾਲਾ ਸਹਿਜ ਸੁਭਾਅ ਆਂਹਦਾ।

“ਅਸੀਂ ਵੀ ਤਾਂ ਲੈਣੇ ਸੀ ਚਾਰੀ ਅੰਬ… ਸਾਨੂੰ ਵੀ ਲਿਆ ਕੇ ਦੇ…।”

“ਬੀਬੀ ਕਿੰਨੇ ਦਿਨ ਮੈਂ ਐਧਰ ਈ ਵੇਚਦਾ ਰਿਹਾਂ… ਅੱਜ ਤਾਂ ਸਾਰੇ ਪਰਲੀਆਂ ਬੀਬੀਆਂ ਨੇ ਲੈਲੇ ਨੇ…।”

“ਤੂੰ ਘੰਟੀ ਮਾਰ ਦੇਣੀ ਸੀ ਮੈਨੂੰ… ਮੈਂ ਲੈ ਲੈਂਦੀ ਚਾਰੀ ਅੰਬ…।” ਅਗਲੀ ਅੱਗੋਂ ਕਹਿੰਦੀ।

ਪਾਲਾ ਏਸ ਦਾ ਕੋਈ ਜੁਆਬ ਨੀ ਸੀ ਦਿੰਦਾ। ਅਜਿਹੇ ਲਾਂਭਿਆਂ ਅਰਗੇ ਸੁਆਲ ਓਹਨੂੰ ਆਮ ਤੌਰ ਉੱਤੇ ਹੁੰਦੇ ਈ ਰਹਿੰਦੇ ਸਨ। ਪਰ ਓਹ ਤਾਂ ਬੱਸ ਆਪਣੇ ਕੰਮ ਨਾਲ ਮਤਲਬ ਰੱਖਦਾ।

ਕਈ ਆਰ ਸਬਜ਼ੀ ਮੰਡੀਓਂ ਆਦਮੀਆਂ ਨੇ ਸਬਜ਼ੀ ਲੈਣ ਜਾਣਾ ਤਾਂ ਓਹਨਾਂ ਨਾਲ ਸਾਗ, ਪਾਲਕ, ਮੇਥੀ ਵੀ ਚੁੱਕ ਲਿਆਉਣੀ। ਕਿਸੇ ਪੰਜ ਗੁੱਛੀਆਂ ਸਾਗ ਦੀਆਂ। ਕਿਸੇ ਸੱਤ ਜਾਂ ਅੱਠ। ਘਰ ਰੌਲਾ ਪੈ ਜਾਣਾ। ਔਰਤਾਂ ਸਾਗ ਬਣਾਉਣ ਤੇ ਮੱਕੀ ਦੀਆਂ ਰੋਟੀਆਂ ਪਕਾਉਣ ਤੋਂ ਕਣਤਾਉਣਾ। ਨਾ ਨੂੰਹਾਂ ਸਾਗ ਮੱਕੀ ਦੀ ਰੋਟੀ ਬਣਾਉਣ ਨੂੰ ਤਿਆਰ, ਨਾ ਧੀਆਂ। ਜੇ ਭਲਾ ਪਕਾਉਣੀਆਂ ਈ ਪੈ ਜਾਂਦੀਆਂ ਤਾਂ ਥੱਪ ਥੱਪ ਦੀ ਆਵਾਜ਼ ਸਾਰੀ ਕੋਠੀ ਵਿੱਚ ਸੁਣਦੀ। ਥੱਪ ਥੱਪ ਤੋਂ ਈ ਪਤਾ ਲੱਗਦਾ ਕਿ ਵਿਚਾਰੀ ਨੂੰ ਬੰਨ੍ਹੀ-ਰੁੰਨੀ ਨੂੰ ਰੋਟੀ ਪਕਾਉਣੀ ਦੁੱਭਰ ਹੋਈ ਪਈ ਐ।

ਸਾਗ ਵੀ ਮਸੀਂ ਬਣਦਾ ਸੀ। ਇਕ ਪੱਤਾ ਪੱਤਾ ਸਾਫ਼ ਕਰਕੇ ਚੀਰ ਦਿੰਦੀ। ਦੂਜੀ ਕੁੱਕਰ ਚ ਪਾ ਕੇ ਗੈਸ ਉੱਤੇ ਬਣਨਾ ਰੱਖਦੀ। ਤੀਜੀ ਦੀ ਡਿਊਟੀ ਆਲਣ ਪਾ ਕੇ ਘੋਟਣ ਦੀ ਹੁੰਦੀ ਤਾਂ ਕਿਤੇ ਜਾ ਕੇ ਸਾਗ ਮੱਕੀ ਦੀ ਰੋਟੀ ਖਾਣ ਨੂੰ ਮਿਲਦੀ। ਓਹ ਵੀ ਤੀਵੀਆਂ ਦੇ ਨੱਕ-ਬੁੱਲ੍ਹ ਮਾਰਨ ਪਿੱਛੋਂ।

ਪਰ ਜਦੋਂ ਕਦੇ ਪਾਲਾ ਸਾਗ, ਪਾਲਕ, ਮੇਥੀ, ਧਨੀਆਂ, ਮੂਲੀਆਂ ਦੀ ਰੇੜੀ ਭਰ ਕੇ ਲਿਆਉਂਦਾ ਤਾਂ ਗਲੀ ਦੀਆਂ ਔਰਤਾਂ ਖ਼ੁਸ਼ ਹੁੰਦੀਆਂ, “ਵਾਹ ਬਈ ਵਾਹ ਪਾਲੇ ਅੱਜ ਤਾਂ ਕਮਾਲ ਕਰਤੀ… ਸਾਗ ਲਿਆਇਐਂ…।” ਹੁਣ ਓਹ ਸਾਰੀਆਂ ਸਾਗ, ਪਾਲਕ ਦੀਆਂ ਪੰਜ ਪੰਜ ਸੱਤ ਸੱਤ ਗੁੱਛੀਆਂ ਲੈ ਲੈਂਦੀਆਂ। ਅੱਜ ਮੁਹੱਲੇ ਵਿੱਚ ਸਾਗ ਬਣਨ ਦੀ ਖ਼ੁਸ਼ਬੋ ਜਿਵੇਂ ਚਾਰੇ ਪਾਸੇ ਫੈਲੀ ਹੁੰਦੀ।

ਮਰਦ ਬਾਹਰੋਂ ਆਉਂਦੇ। ਓਹ ਹੱਸਦੇ। ਟਿੱਚਰਾਂ ਕਰਦੇ, “ਅੱਜ ਪਾਲਾ ਲਿਆਇਐ ਹੋਣੈ ਸਾਗ… ਤਾਹੀਂ ਬਿਨਾਂ ਰੌਲੇ ਰੱਪੇ ਤੋਂ ਸਾਗ ਬਣ ਰਿਹੈ…।”

“ਨਹੀਂ ਸਾਗ ਚੰਗਾ ਸੀ… ਸਾਰੀਆਂ ਨੇ ਲਿਆ ਏ…ਗੰਦਲਾਂ ਵਧੀਆ ਸੀ… ਐਨ ਸਾਫ਼ ਸੁਥਰੀਆਂ… ਬਿਲਕੁਲ ਵੀ ਗੰਦਾ ਪੱਤਾ ਨੀ ਨਿਕਲਿਆ ਵਿੱਚੋਂ…।”

ਕਈ ਆਰ ਮਰਦ ਜਦ ਪਾਲੇ ਦੀ ਰੇੜੀ ਕੋਲੋਂ ਲੰਘਦੇ ਤਾਂ ਓਹ ਹੱਸਦੇ ਹੱਸਦੇ ਆਂਹਦੇ, “ਪਾਲੇ ਯਾਰ, ਸਾਗ ਲਿਆਇਆ ਕਰ ਹਫ਼ਤੇ ਚ ਇੱਕ ਆਰੀ, ਸਾਗ ਤਾਂ ਖਾ ਲਿਆ ਕਰੀਏ…।”

“ਚੰਗਾ ਅੰਕਲ, ਲਿਆਇਆ ਕਰੂੰ..।” ਰੇਹੜੀ ਉੱਤੇ ਖੜ੍ਹੀਆਂ ਔਰਤਾਂ ਮੁਸਕੜੀਆਂ ਹੱਸਣ ਲਗਦੀਆਂ।

ਇੱਕ ਦਿਨ ਸੋਲਾਂ ਨੰਬਰ ਆਲੀ… (ਬਾਕੀ ਕੱਲ੍ਹ)

Leave a Reply

Your email address will not be published. Required fields are marked *