ਇੱਕ ਦਿਨ ਸੋਲਾਂ ਨੰਬਰ ਆਲੀ ਆਪਣੀ ਕੋਠੀ ਅੱਗੇ ਖੜ੍ਹੀ ਪਾਲੇ ਨੂੰ ‘ਡੀਕ ਰਹੀ ਸੀ। ਓਹਨੂੰ ਟਮਾਟਰਾਂ ਦੀ ਸਮਝੋ ਐਮਰਜੈਂਸੀ ਸੀ। ਇੱਕ ਰੇਹੜੀ ਆਲਾ ਆਇਆ ਤਾਂ ਓਹਨੇ ਭਾਅ ਪੁੱਛ ਕੇ ਫਟਾਫਟ ਦੋ ਕਿੱਲੋ ਟਮਾਟਰ ਤੁਲਵਾ ਕੇ ਪੈਹੇ ਦੇਤੇ। ਓਹਦੇ ਕੋਲ ਗੋਭੀ ਵੀ ਵਧੀਆ ਪਈ ਸੀ। ਓਹਨੇ ਗੋਭੀ ਦਾ ਰੇਟ ਪੁੱਛਿਆ। ਵੀਹ ਰੁਪਏ ਕਿੱਲੋ ਰੇਟ ਬਣਾ ਓਹ ਗੋਭੀ ਦੇ ਫੁੱਲ ਛਾਂਟ ਕੇ ਤੱਕੜੀ ‘ਚ ਪਾਉਣ ਲੱਗੀ। ਓਸੇ ਵੇਲੇ ਪਾਲੇ ਦੀ ਰੇਹੜੀ ਆਗੀ। ਓਹਦੀ ਰੇੜੀ ਉੱਤੇ ਗੋਭੀ ਦਾ ਢੇਰ ਪਿਆ ਦੇਖ ਕੇ ਓਹਨੇ ਰੇਹੜੀ ਆਲੇ ਨੂੰ ਕਿਹਾ, “ਭਾਈ ਗੋਭੀ ਰਹਿਣ ਦੇ, ਪਾਲਾ ਆ ਗਿਆ… ਹੁਣ ਮੈਂ ਓਸੇ ਤੋਂ ਲੈ ਲਵਾਂਗੀ..।”
ਰੇਹੜੀ ਆਲੇ ਨੇ ਕਿਹਾ, “ਬੀਬੀ ਹੁਣ ਮੈਂ ਪੱਲੇ ‘ਚ ਪਾ ਲੇ, ਪਾਲੇ ਦੀ ਗੋਭੀ ਨੂੰ ਕੇਹੜਾ ਲੂਲਾਂ ਲੱਗੀਆਂ…”
“ਨਹੀਂ, ਨਹੀਂ… ਰਹਿਣ ਦੇ” ਏਨਾ ਆਂਹਦੀ ਓਹ ਫਟਾਫਟ ਪਾਲੇ ਦੀ ਰੇਹੜੀ ਅੱਲ ਚਲੀ ਗਈ। ਰੇਹੜੀ ਆਲਾ ਤੱਕੜੀ ਵਿੱਚ ਗੋਭੀ ਤੋਲਦਾ ਈ ਰਹਿ ਗਿਆ।
ਇੱਕ ਦਿਨ ਪਾਲਾ ਜਦੋਂ ਸਬਜ਼ੀ ਦੀ ਰੇੜੀ ਲੈ ਕੇ ਆਇਆ ਤਾਂ ਇੱਕ ਗਲੀ ਵਾਲਿਆਂ ਕਿਹਾ, “ਪਾਲੇ, ਓਸ ਗਲੀ ਚ ਅੱਜ ਇੱਕ ਮੌਤ ਹੋ ਗਈ ਏ… ਸਾਰੀ ਗਲੀ ਓਹਨਾਂ ਦੇ ਈ ਘਰ ਅੱਗੇ ਖੜ੍ਹੀ ਐ…।”
“ਕੀਹਦੀ ਆਂਟੀ… ਕੀਹਦੀ ਮੌਤ ਹੋਈ ਐ…?” ਪਾਲੇ ਨੇ ਹੈਰਾਨੀ ਨਾਲ ਪੁੱਛਿਆ।
“ਓਹ ਭਾਈ ਬਾਰਾਂ ਨੰਬਰ ਆਲਿਆਂ ਦੇ ਬੀਰੇ ਦੇ ਭਾਪੇ ਦੀ ਡੈੱਥ ਹੋਗੀ ਅੱਜ ਸਵੇਰੇ… ਕਹਿੰਦੇ ਦੌਰਾ ਪਿਆ… ਓਹ ਤਾਂ ਰੋਟੀ ਦਾ ਡੱਬਾ ਲੈ ਕੇ ਦਫ਼ਤਰ ਜਾਣ ਲੱਗਾ ਸੀ… ਬੱਸ ਆਂਹਦੇ ਡੱਬਾ ਹੱਥ ਚ ਈ ਰਹਿ ਗਿਆ ਫੜਿਆ ਫੜਾਇਆ…।”
ਪਾਲੇ ਨੇ ਰੇਹੜੀ ਇੱਕ ਪਾਸੇ ਲਾਈ। ਸਾਰੀ ਰੇੜੀ ਨੂੰ ਤਰਪਾਲ ਪਾ ਕੇ ਚੰਗੀ ਤਰ੍ਹਾਂ ਢਕ ਦਿੱਤਾ। ਓਹ ਹੌਲੀ ਹੌਲੀ ਗਲੀ ਦਾ ਮੋੜ ਮੁੜ ਕੇ ਬਾਰਾਂ ਨੰਬਰ ਅੱਲ ਤੁਰ ਪਿਆ।
ਓਹ ਬਾਰਾਂ ਨੰਬਰ ਆਲੇ ਹਰਿੰਦਰ ਸਿੰਘ ਅੰਕਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਹਰਿੰਦਰ ਅੰਕਲ ਓਹਨੂੰ ਬੜੇ ਪਿਆਰ ਨਾਲ ਬੁਲਾਉਂਦਾ ਹੁੰਦਾ ਸੀ। ਕਈ ਆਰ ਓਹਨੂੰ ਜ਼ਬਰਦਸਤੀ ਚਾਹ ਪਾਣੀ ਪਿਲਾ ਦਿੰਦਾ। ਪਾਲੇ ਦਾ ਏਸ ਸਾਰੀ ਗਲੀ ਵਿੱਚ ਬੜਾ ਆਦਰ ਮਾਣ ਹੁੰਦਾ ਸੀ। ਭਾਵੇਂ ਸਾਰੇ ਈ ਬਲਾਕ ਦੀਆਂ ਗਲੀਆਂ ਵਾਲੇ ਓਹਦਾ ਆਦਰ ਮਾਣ ਕਰਦੇ ਸਨ। ਪਰ ਏਸ ਗਲੀ ਵਾਲਿਆਂ ਨਾਲ ਤਾਂ ਓਹਦਾ ਨਾਤਾ ਜਿਵੇਂ ਧੁਰੋਂ ਈ ਲਿਖਿਆ ਹੋਵੇ।
ਹੁਣ ਪਾਲਾ ਸਾਰੇ ਲੋਕਾਂ ਵਿੱਚ ਬਾਰਾਂ ਨੰਬਰ ਮੂਹਰੇ ਖੜ੍ਹਾ ਸੀ। ਓਹਨੇ ਦੋਵੇਂ ਹੱਥ ਜੋੜ ਕੇ ਹੇਠਾਂ ਨੂੰ ਕੀਤੇ ਹੋਏ ਸਨ।
ਰੋਣ ਪਿੱਟਣ… ਕੀਰਨੇ… ਧਾਹਾਂ ਦੂਰ ਤੱਕ ਸੁਣ ਰਹੀਆਂ ਸਨ। ਮੁਹੱਲਾ ਸੋਗ ਵਿੱਚ ਡੁੱਬਾ ਹੋਇਆ ਸੀ।
ਇੱਕ ਬੀਬੀ ਨੇ ਪਾਲੇ ਦੇ ਲਾਗੇ ਹੋ ਕੇ ਹੌਲੀ ਦੇਣੀ ਜਿਵੇਂ ਕੰਨ ਚ ਪੁੱਛਿਆ ਹੋਵੇ, “ਪਾਲੇ ਸਬਜ਼ੀ ਲਿਆਂਦੀ ਐ…।”
ਪਾਲੇ ਨੇ ਪਲ ਦੀ ਪਲ ਓਸ ਬੀਬੀ ਵੱਲ ਦੇਖਿਆ, ਓਹ ਜਿਵੇਂ ‘ਨਹੀਂ’ ਕਹਿ ਰਿਹਾ ਹੋਵੇ। ਓਸ ਦੀਆਂ ਅੱਖਾਂ ਨਮ ਸਨ।
ਹੁਣ ਕਈ ਲੋਕ ਹਿੱਲਣ ਜੁੱਲਣ ਲੱਗੇ। ਗਿਆਰਾਂ ਨੰਬਰ ਆਲਿਆਂ ਦਾ ਲੜਕਾ ਆਪਣਾ ਸਕੂਟਰ ਸਟਾਟ ਕਰਕੇ ਚਲਾ ਗਿਆ। ਓਹ ਦਫ਼ਤਰੋਂ ਲੇਟ ਹੋ ਰਿਹਾ ਸੀ। ਏਸੇ ਤਰ੍ਹਾਂ ਇੱਕ ਔਰਤ ਕਾਰ ਲੈ ਕੇ ਚਲੀ ਗਈ। ਕਈ ਇਹ ਸਮਝਦੇ ਸਨ ਕਿ ਘਰ ਦਾ ਇੱਕ ਜੀਅ ਈ ਕਾਫ਼ੀ ਐ। ਘਰ ਦੀ ਨੁਮਾਇੰਦਗੀ ਈ ਹੋਣੀ ਚਾਹੀਦੀ ਐ।
ਰੋਣ ਧੋਣ, ਚੀਕ ਚਿਹਾੜੇ ਵਿੱਚ ਅਰਥੀ ਚੁੱਕੀ ਗਈ। ਅਰਥੀ ਪਿੱਛੇ ਮਜਲ ਹੌਲੀ ਹੌਲੀ ਤੁਰ ਰਹੀ ਸੀ। ਮਜਲ ਦੇ ਵਿਚਕਾਰ ਪਾਲਾ ਸਬਜ਼ੀ ਵਾਲਾ ਸਿਰ ਸੁੱਟੀ ਜਾ ਰਿਹਾ ਸੀ ਜਿਵੇਂ ਓਹਦਾ ਕੋਈ ਬਹੁਤ ਈ ਨੇੜਲਾ ਏਸ ਸੰਸਾਰ ਤੋਂ ਜਾ ਰਿਹਾ ਹੋਵੇ।
ਦੋ ਤਿੰਨ ਦਿਨਾਂ ਮਗਰੋਂ ਪਾਲੇ ਦਾ ਹੋਕਾ ਸੁਣਾਈ ਦਿੱਤਾ, “ਮਟਰ, ਗੋਭੀ, ਗਾਜਰ, ਮੂਲੀ, ਸਾਗਅਅਅ…।”
ਪਰ ਅੱਜ ਪਾਲੇ ਦਾ ਹੋਕਾ ਧੀਮਾ ਸੀ, ਮੱਧਮ… ਸੁਣਦਾ ਸੀ, ਨਹੀਂ ਵੀ ਸੀ ਸੁਣਦਾ।
ਹੌਲੀ ਹੌਲੀ ਮੁਹੱਲੇ ਦੀਆਂ ਔਰਤਾਂ ਰੇਹੜੀ ਦੁਆਲੇ ਇੱਕਠੀਆਂ ਹੋਣ ਲੱਗੀਆਂ। ਸਾਰੀਆਂ ਚੁੱਪ-ਚਾਪ ਅਤੇ ਗਹਿਰ ਗੰਭੀਰ। ਇੱਕ ਦੂਜੀ ਨਾਲ ਹੌਲੀ ਹੌਲੀ ਬੋਲਦੀਆਂ।
ਬਾਰਾਂ ਨੰਬਰ ਆਲੀ ਸਿਰ ’ਤੇ ਚਿੱਟੀ ਚੁੰਨੀ ਲਈ ਰੇਹੜੀ ਦੇ ਨੇੜੇ ਆਈ। ਓਸ ਦੀਆਂ ਅੱਖਾਂ ਥੱਕੀਆਂ ਥੱਕੀਆਂ ਸਨ। ਸਾਰੀਆਂ ਨੇ ਓਸ ਨੂੰ ਪਹਿਲੋਂ ਸਬਜ਼ੀ ਲੈਣ ਲਈ ਅੱਗੇ ਕੀਤਾ। ਹੁਣ ਓਹ ਹੌਲੀ ਹੌਲੀ ਅੱਧੇ ਜਿਹੇ ਮਨ ਨਾਲ ਮਟਰ ਛਾਂਟ ਰਹੀ ਸੀ। ਅੱਜ ਰੇਟ ਵੀ ਕਿਸੇ ਨੇ ਨੀ ਪੁੱਛਿਆ। ਏਸ ਮੁਹੱਲੇ ਦੇ ਕਈ ਮਰਦ ਵੀ ਹੌਲੀ ਹੌਲੀ ਘਰਾਂ ਵਿਚੋਂ ਬਾਹਰ ਆ ਰਹੇ ਸਨ।
ਬਾਰਾਂ ਨੰਬਰ ਵਾਲੀ ਨੇ ਸਬਜ਼ੀ ਦੇ ਸੌ ਰੁਪਏ ਪਾਲੇ ਵੱਲ ਵਧਾਏ। ਪਰ ਪਾਲੇ ਨੇ ਨਾ ਫੜੇ, ਓਹਦੇ ਬੁੱਲ ਫ਼ਰਕਣ ਲੱਗੇ, ਓਹਦੀ ਘਿੱਗੀ ਬੱਝ ਗਈ ਹੋਵੇ ਜਿਵੇਂ। ਪਾਲੇ ਦੀਆਂ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਵਹਿ ਤੁਰੇ…