ਮੇਰੇ ਦਾਦਾ ਜੀ ਸਾਡੇ ਸ਼ਰੀਕੇ ਦੀ ਫਰਮ #ਬੱਗੂਮੱਲ_ਕਰਤਾਰ_ਚੰਦ ਤੇ ਆੜ੍ਹਤ ਆਉਂਦੇ ਸਨ। ਖੇਤ ਦੀ ਫਸਲ ਤੇ ਹੱਟੀ ਤੇ ਖਰੀਦਿਆ ਨਰਮਾ ਕਪਾਹ ਇੱਥੇ ਹੀ ਵੇਚਦੇ ਸਨ। ਬਾਬਾ ਕਰਤਾਰ ਚੰਦ ਸੇਠੀ ਮੇਰੇ ਦਾਦਾ ਜੀ ਦੇ ਭਰਾਵਾਂ ਦੀ ਥਾਂ ਲਗਦਾ ਸੀ। ਆੜ੍ਹਤ ਦੇ ਨਾਲ ਉਹ ਪੰਸਾਰੀ ਵੀ ਸੀ। ਇਸ ਲਈ ਉਹ ਪਿੰਡ ਆਲੀ ਹੱਟੀ ਲਈ ਸਮਾਨ ਵੀ ਉਸੇ ਦੁਕਾਨ ਤੋਂ ਖਰੀਦਦੇ ਸਨ। ਪੁਰਾਣੇ ਬੁੜ੍ਹੇ ਸੁਭਾਅ ਦੇ ਰੁੱਖੇ ਤੇ ਚੀਪੜ ਹੁੰਦੇ ਸਨ।ਕਿਰਸੀ ਵੀ ਹੱਦੋਂ ਵੱਧ ਹੁੰਦੇ ਸਨ। ਫਿਰ ਬਾਬਾ ਕਰਤਾਰ ਚੰਦ ਤਾਂ ਸ਼ਹਿਰੀਆ ਵੀ ਸੀ। ਉਸਨੇ ਕਦੇ ਰੋਟੀ ਪਾਣੀ ਆਲੀ ਆੜ੍ਹਤ ਨਹੀਂ ਸੀ ਰੱਖੀ ਕਿਸੇ ਨਾਲ। ਚਾਹ ਦੀ ਸੁਲ੍ਹਾ ਵੀ ਕਦੇ ਸਾਲ ਛਿਮਾਹੀ ਮਗਰੋਂ ਹੀ ਮਾਰਦਾ ਸੀ। ਦਾਦਾ ਜੀ ਤੇ ਹੋਰ ਲੋਕ ਪਿੰਡੋਂ ਸੁਵੱਖਤੇ ਹੀ ਰੋਟੀ ਛੱਕਕੇ ਆਉਂਦੇ। ਤੇ ਪਿੰਡ ਜਾਕੇ ਹੀ ਦੁਪਹਿਰੀਆ ਕਰਦੇ। ਇਹ ਸ਼ਹਿਰੀਏ ਇੱਕ ਦੋ ਵਜੇ ਰੋਟੀ ਖਾਂਦੇ ਸਨ। ਇੱਕ ਦਿਨ ਬਾਬਾ ਕਰਤਾਰ ਚੰਦ ਮੇਰੇ ਦਾਦਾ ਜੀ ਦੇ ਨਾਲ ਆਏ ਟਾਂਗੇ ਵਾਲੇ ਨੂੰ ਰੋਟੀ ਦੀ ਸੁਲ੍ਹਾ ਮਾਰਨ ਦੀ ਗਲਤੀ ਕਰ ਬੈਠਾ।
“ਤੇਰੀ ਮਰਜ਼ੀ ਆ ਸੇਠਾ।” ਟਾਂਗੇ ਆਲੇ ਤੋਂ ਜਵਾਬ ਨਾਂ ਦੇ ਹੋਇਆ।
ਫਿਰ ਬਾਬਾ ਥਾਲੀ ਵਿੱਚ ਰੋਟੀ ਰੱਖ ਲਿਆਇਆ। ਬਾਬੇ ਕਰਤਾਰ ਚੰਦ ਦੀ ਦੁਕਾਨ ਤੇ ਘਰ ਇੱਕਠਾ ਹੀ ਸੀ। ਲੰਮੀ ਦੁਕਾਨ ਸੀ ਸੱਤ ਅੱਠ ਖਣ ਟੱਪਕੇ ਚੁੱਲ੍ਹਾ ਚੌਂਕਾ ਸੀ ਵਾਹਵਾ ਦੂਰ । ਬਾਬਾ ਕਾਪੀ ਦੇ ਕਾਗਜ ਵਰਗੀ ਇੱਕ ਰੋਟੀ ਲਿਆਇਆ ਕਰੇ ਤੇ ਆਉਂਦੇ ਨੂੰ ਟਾਂਗੇ ਵਾਲਾ ਦੋ ਗਰਾਹੀਆਂ ਵਿੱਚ ਰੋਟੀ ਦਾ ਭੋਗ ਪਾ ਦਿਆ ਕਰੇ। ਬਾਬੇ ਦੇ ਕੋਈ ਪੱਚੀ ਤੀਹ ਗੇੜੇ ਚੌਂਕੇ ਦੇ ਲੱਗ ਗਏ। ਪਰ ਟਾਂਗੇ ਵਾਲੇ ਦੇ ਮੂੰਹੋਂ “ਬਸ ਕਰੋ ਜੀ” ਸ਼ਬਦ ਦਾ ਉਚਾਰਨ ਨਾ ਹੋਇਆ। ਸਾਡੀ ਦਾਦੀ ਨੇ ਆਟੇ ਵਿੱਚ ਦੋ ਵਾਰੀ ਪਾਣੀ ਪਾਇਆ। ਸ਼ਬਜ਼ੀਵਾਲੀ ਪਤੀਲੀ ਦਾ ਥੱਲਾ ਕਦੋਂ ਦਾ ਨਜ਼ਰ ਆਉਣ ਲੱਗ ਪਿਆ ਸੀ।
“ਚਲ ਬਸ ਸੇਠਾ, ਘਰੇ ਜਾਕੇ ਦੁਪਹਿਰੀਆ ਵੀ ਕਰਨਾ ਹੈ।” ਕਹਿਕੇ ਟਾਂਗੇ ਵਾਲੇ ਨੇ ਅੱਧਾ ਗਿਲਾਸ ਪਾਣੀ ਪੀਕੇ ਥਾਲੀ ਵਿੱਚ ਹੀ ਹੱਥ ਧੋ ਦਿੱਤੇ।
“ਹਰਗੁਲਾਲਾ ਅਜੇ ਇਹ ਪਿੰਡ ਜਾਕੇ ਵੀ ਖਾਉ।” ਬਾਬੇ ਕਰਤਾਰ ਚੰਦ ਨੇ ਹੈਰਾਨੀ ਨਾਲ ਪੁੱਛਿਆ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ