ਕੂਲਰ ਵਿਚਲੀ ਬੁੜੀ | cooler vichli budi

ਕਈ ਸਾਲ ਹੋਗੇ ਸਾਡੇ ਘਰ ਦੇ ਸਾਹਮਣੇ ਦੀ ਗਲੀ ਵਿੱਚ ਸਸਤਾ ਸਮਾਨ ਦੇਣ ਵਾਲੀ ਕੰਪਨੀ ਨੇ ਆਪਣਾ ਦਫਤਰ ਖੋਲ੍ਹਿਆ। ਲਗਭਗ ਇੱਕ ਚੋਥਾਈ ਕੀਮਤ ਜਮਾਂ ਕਰਵਾਕੇ ਉਹ ਪੰਦਰਾਂ ਦਿਨਾਂ ਬਾਅਦ ਮਾਲ ਦੀ ਸਪਲਾਈ ਦਿੰਦੇ ਸੀ। ਲੋਕਾਂ ਨੇ ਫਟਾਫਟ ਸਟੀਲ ਅਲਮਾਰੀ ਕੂਲਰ ਫਰਿਜ਼ ਡਬਲ ਬੈਡ ਤਖਤਪੋਸ਼ ਲਈ ਰਕਮ ਜਮਾਂ ਕਰਵਾਉਣੀ ਸ਼ੁਰੂ ਕਰ ਦਿੱਤੀ। ਪੰਦਰਾਂ ਦਿਨਾਂ ਬਾਅਦ ਉਹਨਾਂ ਨੇ ਚਾਰ ਹਜ਼ਾਰ ਵਾਲੀ ਅਲਮਾਰੀ ਇੱਕ ਹਜ਼ਾਰ ਵਿੱਚ ਤੇ ਪੰਜ ਹਜ਼ਾਰ ਵਾਲਾ ਕੂਲਰ ਕੋਈ ਸਾਢੇ ਬਾਰਾਂ ਸੋ ਵਿੱਚ ਦੇ ਦਿੱਤਾ। ਇਸੇ ਤਰਾਂ ਬਾਕੀ ਸਮਾਨ ਵੀ ਵੰਡਿਆ। ਪਹਿਲੀ ਪੰਦਰੀ ਤੇ ਉਹਨਾਂ ਨੇ ਬਹੁਤ ਸਾਰਾ ਸਮਾਨ ਦਿੱਤਾ। ਫਿਰ ਲੋਕਾਂ ਨੂੰ ਉਹਨਾਂ ਤੇ ਪੱਕਾ ਯਕੀਨ ਹੋ ਗਿਆ। ਹਜ਼ਾਰਾਂ ਲੋਕ ਆਪਣੇ ਪੈਸੇ ਧੜਾਧੜ ਜਮਾਂ ਕਰਾਉਣ ਲੱਗੇ। ਇਸੇ ਦੌਰਾਨ ਕਿਸੇ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਦਿਖਾਵੇ ਲਈ ਪੁਲਸ ਵੀ ਆਈ। ਓਹਨਾ ਨੇ ਆਪਣਾ ਸੇਲਜ ਟੈਕਸ ਨੰਬਰ ਦਿਖਾ ਦਿੱਤਾ। ਜੋ ਓਹਨਾ ਨੇ ਪੰਜਾਹ ਹਜ਼ਾਰ ਦੀ ਇੱਕਮੁਸਤ ਰਕਮ ਭਰ ਕੇ ਲਿਆ ਸੀ। ਪੁਲਸ ਉਪਰ ਤੱਕ ਹਿੱਸਾ ਦਿੱਤਾ ਸੀ ਇਹ ਬਿਨਾਂ ਕਿਸੇ ਡਰ ਦੇ ਕੰਮ ਕਰਨ ਲੱਗੇ। ਲੱਖਾਂ ਰੁਪਏ ਦੇ ਸਮਾਨ ਦੀ ਬੁਕਿੰਗ ਹੋਈ। ਇਸੇ ਦੌਰਾਨ ਉਹ ਕਿਸੇ ਨਾ ਕਿਸੇ ਨੂੰ ਇੱਕ ਅੱਧੀ ਵਸਤੂ ਬਿਨਾਂ ਵਾਰੀ ਤੋਂ ਵੀ ਦੇ ਦਿੰਦੇ। ਇਸ ਨਾਲ ਬੁਕਿੰਗ ਦੀ ਸਪੀਡ ਹੋਰ ਵੀ ਵੱਧ ਜਾਂਦੀ।
ਇੱਕ ਐਤਵਾਰ ਅਸੀਂ ਅਜੇ ਸੁੱਤੇ ਹੀ ਪਏ ਸੀ ਕਿ ਗਲੀ ਵਿੱਚ ਰੌਲਾ ਪੈ ਗਿਆ। ਅਖੇ ਕੰਪਨੀ ਵਾਲੇ ਰਾਤ ਨੂੰ ਭੱਜ ਗਏ। ਲੋਕਾਂ ਨੇ ਕੰਪਨੀ ਦੇ ਦਫਤਰ ਵਿੱਚ ਹਮਲਾ ਕਰ ਦਿੱਤਾ। ਜਿਸਦੇ ਜੋ ਸਮਾਨ ਹੱਥ ਆਇਆ ਉਹੀ ਲ਼ੈ ਕੇ ਭੱਜ ਗਿਆ। ਡਬਲ ਬੈਡ ਨੂੰ ਇੱਕ ਇੱਕ ਕਰਕੇ ਦੋ ਜਣੇ ਲ਼ੈ ਗਏ। ਉਥੇ ਪਏ ਇੱਕ ਕੂਲਰ ਦੇ ਪਲੜੇ ਤਿੰਨ ਬੰਦੇ ਅਲੱਗ ਅਲੱਗ ਲ਼ੈ ਗਏ। ਇੱਕ ਬੁੜੀ ਕੂਲਰ ਵਿਚ ਵੜ੍ਹਕੇ ਬੈਠ ਗਈ। ਪਰ ਦੂਸਰੇ ਲ਼ੋਕ ਬੁੜੀ ਸਣੇ ਹੀ ਕੂਲਰ ਚੁੱਕਕੇ ਆਪਣੇ ਘਰ ਲ਼ੈ ਗਏ। ਜਦੋ ਸਾਰਾ ਸਮਾਨ ਲੁੱਟਿਆ ਗਿਆ ਤਾਂ ਪਰੰਪਰਾ ਅਨੁਸਾਰ ਪੁਲਸ ਡੰਡਾ ਖੜਕਾਉਂਦੀ ਹੋਈ ਪਹੁੰਚ ਗਈ। ਆਉਣਸਾਰ ਪੁਲਸ ਨੇ ਲੋਕਾਂ ਨੂੰ ਖਦੇੜ ਦਿੱਤਾ। ਹੁਣ ਓਥੇ ਚੁੱਕਣ ਲਈ ਵੀ ਕੁਝ ਨਹੀਂ ਸੀ ਬਚਿਆ। ਫਿਰ ਕਈ ਦਿਨ ਉਸ ਕੰਪਨੀ ਦੀ ਤੇ ਲੁੱਟ ਦੀ ਚਰਚਾ ਚਲਦੀ ਰਹੀ।
ਉਂਜ ਸਾਡੀ ਇਹ ਫਿਤਰਤ ਹੈ ਕਿ ਅਸੀਂ ਸਸਤੇ ਮੁਫ਼ਤ ਅਤੇ ਦੁਗਣੇ ਕਰਨ ਦੇ ਲਾਲਚ ਵਿੱਚ ਸਭ ਕੁਝ ਜਾਣਦੇ ਹੋਏ ਵੀ ਜਲਦੀ ਫਸ ਜਾਂਦੇ ਹਾਂ। ਭਾਵੇ ਪਤਾ ਹੁੰਦਾ ਹੈ ਕਿ ਹੋਊ ਧੋਖਾ ਹੀ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *