17 ਸਤੰਬਰ ਦਾ ਦਿਨ ਮੇਰੀ ਜਿੰਦਗੀ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਵੀ ਇੱਕ ਪ੍ਰਕਾਰ ਦਾ ਜਨਮ ਦਿਨ ਹੀ ਹੈ। ਇਸ ਦਿਨ ਮੈਂ ਆਪਣੀ ਜਿੰਦਗੀ ਦੀ ਇੱਕ ਨਵੀਂ ਪਾਰੀ ਸ਼ੁਰੂ ਕੀਤੀ ਸੀ।
ਮੈਨੂੰ ਯਾਦ ਹੈ ਕਿ17 ਸਤੰਬਰ 1982 ਨੂੰ ਮੈਂ ਅਕਾਊਂਟਸ ਕਲਰਕ ਦੇ ਰੂਪ ਵਿੱਚ ਦਸਮੇਸ਼ ਗਰਲਜ਼ ਸੀਨੀ ਸਕੈਂਡ ਪਬਲਿਕ ਸਕੂਲ ਬਾਦਲ ਜੋਈਨ ਕਰਨ ਲਈ ਪਹੁੰਚਿਆ ਸੀ। ਕਮਰਸ ਗਰੈਜੂਏਸ਼ਨ ਕਰਨ ਤੋਂ ਬਾਦ ਇਹ ਮੇਰੀ ਪਹਿਲੀ ਹੀ ਨਿਯੁਕਤੀ ਸੀ। ਦਫ਼ਤਰ ਦੇ ਆਰਜ਼ੀ ਕਲਰਕ ਸ੍ਰੀ ਰਮੇਸ਼ ਗੁਪਤਾ ਨੇ ਮੈਨੂੰ ਜੋਈਨ ਕਰਵਾਇਆ। ਉਸੇ ਦਿਨ ਹੀ ਉਹ ਮੈਨੂੰ ਬਿਨਾਂ ਦੱਸੇ ਹੀ ਚਲਾ ਗਿਆ। ਮੇਰੇ ਨਾਲ ਉਸੇ ਦਿਨ ਸ੍ਰੀਮਤੀ ਅਜੀਤ ਕੌਰ ਕਪੂਰ ਨੇ ਵੀ ਨਰਸਰੀ ਟੀਚਰ ਵਜੋਂ ਜੋਈਨ ਕੀਤਾ ਸੀ। ਬਾਕੀ ਟੀਚਰਾਂ ਜੋ 16 09 82 ਦੀ ਇੰਟਰਵਿਊ ਵਿੱਚ ਚੁਣੀਆਂ ਗਈਆਂ ਸਨ ਨੇ ਬਾਦ ਵਿੱਚ ਜੋਈਨ ਕੀਤਾ।
ਨੌਕਰੀ ਬਾਰੇ ਮੇਰਾ ਇਹ ਪਹਿਲਾ ਤਜ਼ੁਰਬਾ ਸੀ। ਪਰ ਉਸ ਸਮੇ ਦੇ ਸਕੂਲ ਮੁਖੀ ਸਰਦਾਰ ਹਰਬੰਸ ਸਿੰਘ ਸੈਣੀ ਇੱਕ ਸੁਲਝੇ ਹੋਏ ਤਜੁਰਬੇਕਾਰ ਪ੍ਰਸ਼ਾਸ਼ਕ ਸਨ। ਜਿੰਨਾ ਨੇ ਇੱਕ ਨਵੇਂ ਵਹਿੜਕੇ ਵਾਂਗੂ ਮੈਨੂੰ ਹਾਲੀ ਕੱਢਿਆ। ਉਸ ਸਮੇ ਇਹ ਸੰਸਥਾ ਗਿਆਰਾਂ ਮਹੀਨਿਆਂ ਦੀ ਬਾਲੜੀ ਸੀ ਜਿਸ ਵਿਚ ਬੱਚਿਆਂ ਦੇ ਗਿਣਤੀ ਸੋ ਤੋਂ ਹੀ ਘੱਟ ਸੀ। ਸਮਾਂ ਆਪਣੀ ਚਾਲ ਚਲਦਾ ਰਿਹਾ ਤੇ ਸਕੂਲ ਦਿਨ ਪ੍ਰਤੀ ਦਿਨ ਉਨੱਤੀ ਦੀਆਂ ਸਿਖਰਾਂ ਨੂੰ ਛੂਹਦਾ ਗਿਆ। ਹੋਲੀ ਹੋਲੀ ਸਕੂਲ ਦਾ ਨਾਮ ਪੂਰੇ ਪੰਜਾਬ ਦੇ ਗਲਿਆਰਿਆਂ ਵਿੱਚ ਚਮਕਣ ਲੱਗਿਆ। ਸਕੂਲ ਮੁਖੀ ਇੱਕ ਪ੍ਰਬੰਧਕ, ਸਖਤ ਤੇ ਅਸੂਲਾਂ ਦੇ ਪਾਬੰਦ ਸੀ। ਸਕੂਲ ਵਿਚ ਕੋਈ ਬਾਹਰੀ ਦਖਲ ਅੰਦਾਜ਼ੀ ਨਹੀਂ ਸੀ। ਸਕੂਲ ਮੁਖੀ ਵਿਚ ਇੱਕ ਦਮ ਫੈਸਲਾ ਲੈਣ ਦੀ ਕਾਬਲੀਅਤ ਸੀ। ਉਸਦੇ ਆਪਣੇ ਅਸੂਲ ਸਨ ਤੇ ਉਸਨੇ ਅਸੂਲਾਂ ਨਾਲ ਕੋਈ ਸਮਝੌਤਾ ਨਹੀਂ ਸੀ ਕੀਤਾ। ਕੋਈ 21 22 ਸਾਲ ਮੈਂ ਉਹਨਾਂ ਦੀ ਰਹਿਨੁਮਾਈ ਚ ਕੰਮ ਕੀਤਾ। ਫਿਰ ਚੋਦਾਂ ਕ਼ੁ ਸਾਲ ਦੂਸਰੇ ਸਕੂਲ ਮੁਖੀ ਮੈਡਮ ਜਗਦੀਸ਼ ਕੌਰ ਸਿੱਧੂ ਨਾਲ ਵੀ ਕੰਮ ਕੀਤਾ। ਭਾਵੇ ਇਹ ਪਹਿਲਾਂ ਵਾਲੀ ਗੱਲ ਤਾਂ ਨਹੀਂ ਸੀ ਫਿਰ ਵੀ ਸਕੂਲ ਦੇ ਅਕਸ ਦੀ ਚਮਕ ਬਰਕਰਾਰ ਰਹੀ ਤੇ ਸਕੂਲ ਨੇ ਕਈ ਮੱਲਾਂ ਮਾਰੀਆਂ। ਕਈ ਨਵੀਆਂ ਪ੍ਰਾਪਤੀਆਂ ਨੂੰ ਅੰਜਾਮ ਦਿੱਤਾ। ਸਕੂਲ ਦੇ ਦਰਵਾਜੇ ਪੰਜਵੀ ਤੱਕ ਦੀ ਸਿੱਖਿਆ ਲਈ ਮੁੰਡਿਆਂ ਲਈ ਵੀ ਖੋਲ੍ਹ ਦਿੱਤੇ ਗਏ। ਨਵੀਆਂ ਇਮਾਰਤਾਂ ਤੇ ਇੱਕ ਨਵਾਂ ਵਿੰਗ ਬਣਾਇਆ ਗਿਆ। ਰਾਸ਼ਟਰੀ ਤੇ ਅੰਤਰਰਾਸ਼ਟਰੀ ਟੂਰ ਲਗਾਏ ਗਏ। ਦਿੱਲੀ ਦੀ ਗਣਤੰਤਰ ਦਿਵਸ ਪਰੇਡ ਵਿੱਚ ਵੀ ਸਕੂਲ ਦਾ ਨਾਮ ਚਮਕਿਆ। ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਹਾਸਿਲ ਹੋਇਆ। ਜਨਵਰੀ 2018 ਵਿੱਚ ਫਿਰ ਹਕੂਮਤ ਬਦਲ ਗਈ। ਸੱਤਾ ਸਕੂਲ ਦੇ ਇੱਕ ਸੀਨੀਅਰ ਮੈਂਬਰ ਹੱਥ ਆ ਗਈ। ਇਹ ਇੱਕ ਬਹੁਤ ਵੱਡੀ ਤਬਦੀਲੀ ਸੀ ਸਕੂਲ ਦੇ ਇਤਿਹਾਸ ਵਿਚ। ਇਸ ਤੋਂ ਬਾਦ ਸਕੂਲ ਦੀ ਕਾਰਜ ਪ੍ਰਣਾਲੀ ਵਿੱਚ ਕਈ ਤਰਾਂ ਦੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਖੌਤੀ ਤਰੱਕੀ ਦੇ ਨਵੇ ਰਸਤੇ ਖੁੱਲਣ ਲੱਗੇ। ਸਕੂਲ ਵਿੱਚ ਨਵੇਂ ਲੋਕਤੰਤਰ ਦਾ ਆਗਾਜ਼ ਹੋਇਆ। ਝੱਟਪੱਟ ਨਵੇਂ ਫੈਸਲੇ ਲਏ ਜਾਣ ਲੱਗੇ। ਨਵੇਂ ਸੁਧਾਰਾਂ ਵੱਲ ਕਦਮ ਪੁੱਟੇ ਜਾਣ ਲੱਗੇ। ਓਹਨਾ ਦੇ ਕਹਿਣ ਮੁਤਾਬਿਕ ਮਰ ਚੁੱਕਿਆ ਅਨੁਸ਼ਾਸਨ ਫਿਰ ਤੋਂ ਜਿੰਦਾ ਨਜ਼ਰ ਆਉਣ ਲੱਗਿਆ। ਘੱਟ ਗਿਣਤੀ ਦੀ ਸਰਕਾਰ ਹਰ ਕੋਈ ਇੱਕ ਦੂਜੇ ਨੂੰ ਅੱਖਾਂ ਦਿਖਾਉਣ ਲੱਗਿਆ। ਇਸੇ ਤਰਾਂ ਇੱਕ ਦੂਜੇ ਤੇ ਉਂਗਲੀਆਂ ਚੁੱਕਣ ਦਾ ਦੌਰ ਵੀ ਸ਼ੁਰੂ ਹੋਇਆ। ਹਾਕਮ ਨਾਲ ਦੋਸਤੀਆਂ ਦੀ ਕਦਰ ਪੈਣ ਲੱਗੀ। ਇੱਕ ਗੱਲ ਸਾਫ ਹੋ ਗਈ ਕਿ ਰਾਜ ਕਰਨ ਲਈ ਪੜ੍ਹੇ ਦੀ ਨਹੀਂ ਕੜ੍ਹੇ ਦੀ ਜਰੂਰਤ ਹੁੰਦੀ ਹੈ। ਪਰ ਪਰਮਾਤਮਾ ਦਾ ਸ਼ੁਕਰ ਇਹ ਹੋਇਆ ਕਿ ਇੱਥੇ ਆਕੇ ਮੇਰੀ ਉਮਰ ਦੀਆਂ ਘੰਟੀਆਂ ਖੜਕਣ ਲੱਗੀਆਂ। ਉਸੇ ਸਾਲ ਦੇ ਅਖੀਰ ਵਿਚ ਮੇਰੀ ਸੇਵਾਮੁਕਤੀ ਵਾਲਾ ਸਾਇਰਨ ਵੱਜਣ ਨੂੰ ਤਿਆਰ ਸੀ। ਭਾਵੇਂ ਬਹੁਤੇ ਸਾਥੀ ਤੇ ਸੰਸਥਾ ਮੁਖੀ ਮੈਨੂੰ ਭੇਜਣ ਲਈ ਤਿਆਰ ਨਹੀਂ ਸਨ। ਮੈਂ ਪੰਜ ਮਹੀਨਿਆਂ ਲਈ ਦੁਬਾਰਾ ਨਿਯੁਕਤੀ ਲਈ। ਪਰ ਹੁਣ ਨੌਕਰੀ ਵਿਚ ਉਹ ਮਜ਼ਾ ਨਹੀਂ ਸੀ। ਕਿਉਂਕਿ ਜ਼ਮੀਰ ਮਾਰਕੇ ਰਹਿਣਾ ਵੀ ਅਕਲਮੰਦੀ ਨਹੀਂ ਸੀ। ਸਕੂਲ ਦੇ ਚੇਅਰਮੈਨ ਸ੍ਰੀ ਐਮ ਆਰ ਅਰਵਿੰਦ ਜੀ ਨੇ ਮੇਰੇ ਸੇਵਾਮੁਕਤੀ ਵਾਲੇ ਕਾਗਜ਼ ਵਾਪਿਸ ਮੋੜ ਦਿੱਤੇ। ਅਤੇ ਮੈਨੂੰ ਦੋ ਸਾਲ ਦੀ ਐਕਸਟੈਂਸਨ ਤੇ ਲੋੜ ਅਨੁਸਾਰ ਛੁੱਟੀ ਤੇ ਇੱਕ ਸਹਾਇਕ ਦੇਣ ਦੀ ਲੁਭਾਵਨੀ ਪੇਸ਼ਕਸ਼ ਕੀਤੀ। ਪਰ ਮੇਰਾ ਪੋਤੀ ਦੀ ਸੰਭਾਲ ਲਈ ਨੋਇਡਾ ਜਾਣਾ ਜਰੂਰੀ ਸੀ। ਦੂਸਰਾ ਮੈਨੂੰ ਲੱਗਿਆ ਕਿ ਮੈਂ ਘਰੇ ਰਹਿਕੇ ਮਾਂ ਬੋਲੀ ਦੀ ਵਧੇਰੇ ਸੇਵਾ ਕਰ ਸਕਦਾ ਹਾਂ। ਮੈਂ ਆਪਣੀ ਇੱਛਾ ਮਾਨਯੋਗ ਚੇਅਰਮੈਨ ਜੀ ਕੋਲ ਪ੍ਰਗਟ ਕੀਤੀ ਤੇ ਉਹ ਖੁਸ਼ੀ ਖੁਸ਼ੀ ਮੰਨ ਗਏ। ਤੇ ਮੈਂ ਮਈ 2019 ਨੂੰ ਸੇਵਾਮੁਕਤੀ ਲੈ ਲਈ। ਇਸ ਪ੍ਰਕਾਰ 17 ਸਤੰਬਰ 1982 ਨੂੰ ਸ਼ੁਰੂ ਹੋਇਆ ਸਫ਼ਰ ਕੋਈ 37 ਸਾਲ ਮਗਰੋਂ ਖਤਮ ਹੋ ਗਿਆ।
37 ਸਾਲਾ ਸਫ਼ਰ ਦੀ ਫਿਲਮ ਅੱਖਾਂ ਮੂਹਰੇ ਘੁੰਮ ਜਾਂਦੀ ਹੈ।
ਜਿੰਦਗੀ ਦਾ ਬਹੁਤਾ ਸਮਾਂ ਬੇਹਤਰੀਨ ਸੰਗਤ ਵਿਚ ਗੁਜਾਰਿਆ। ਜਿਸ ਨੇ ਮੈਨੂੰ ਨਾਮ ਅਹੁਦਾ ਰੁਤਬਾ ਤੇ ਬਹੁਤ ਸਾਰੇ ਚੰਗੇ ਮਿੱਤਰ ਤੇ ਵਿਸ਼ਾਲ ਤਜ਼ੁਰਬਾ ਦਿੱਤਾ।
#ਰਮੇਸ਼ਸੇਠੀਬਾਦਲ