ਨੀ ਕਿੱਥੇ ਲਾ ਆਈ ਇੰਨੇ ਦਿਨ ? ਪਾਰਕ ਚ ਬੈਠੀ ਕਰੀਮ ਰੰਗ ਦੇ ਸੂਟ ਆਲੀ ਮਾਤਾ ਨੇ ਸੁਨਹਿਰੀ ਫਰੇਮ ਵਾਲੀਆਂ ਐਨਕਾਂ ਵਾਲੀ ਸੋਹਣੀ ਜਿਹੀ ਬੀਬੀ ਨੂੰ ਪੁਛਿਆ| ਭੈਣੇ ਮੈ ਤਾਂ ਆਪਣੀਆਂ ਧੀਆਂ ਕੋਲ ਕਨੇਡਾ ਗਈ ਸੀ| ਦੋ ਮਹੀਨੇ ਲਾ ਆਈ| ਹੁਣ ਸਾਲ ਸੋਖਾ ਲੰਘ ਜੂ| ਏਥੇ ਕੱਲੀ ਦਾ ਜੀ ਵੀ ਨਹੀ ਲੱਗਦਾ| ਰੱਬ ਨੇ ਮੁੰਡਾ ਦਿੱਤਾ ਹੁੰਦਾ ਤਾਂ ਬੁਢਾਪਾ ਸੋਖਾ ਕੱਟ ਲੈੱਦੀ| ਪਰ ਭਾਈ ਮੇਰੀਆਂ ਤਾਂ ਕੁੜੀਆਂ ਹੀ ਮੁੰਡਿਆਂ ਤੋ ਵੀ ਵੱਧ ਹਨ| ਸਵੇਰੇ ਸਾਮ ਫੋਨ ਕਰਦੀਆਂ ਹਨ| ਸੋਹਣੀ ਜਿਹੀ ਮਾਈ ਦਾ ਜਬਾਬ ਸੁਣ ਕੇ ਦੂਜੀਆਂ ਨੇ ਵੀ ਚੰਗਾ ਹੈ ਆਖਕੇ ਹੂੰਗਾਰਾ ਭਰਿਆ| ਭੈਣੇ ਸੋਡੇ ਸੁਣਾਓ| ਕੀ ਹਾਲ ਹੈ| ਕੋਈ ਨਵੀ ਤਾਜੀ | ਤੂੰ ਸੁਣਾ ਭੈਣੇ ਕੀ ਹਾਲ ਹੈ ਤੇਰੇ ਮੁੰਡੇ ਦਾ? ਕੁਝ ਸੁਧਰਿਆ ਕੇ ਓਹੀ ਰੰਡੀ ਰੋਣਾ ਚੱਲੀ ਜਾਂਦਾ ਹੈ? ਉਸਨੇ ਕਰੀਮ ਸੂਟ ਆਲੀ ਮਾਈ ਨੂੰ ਪੁਛਿਆ|
ਬਸ ਭੈਣੇ ਕੀ ਦੱਸਾਂ? ਮੁੰਡਾ ਨਸ਼ੇ ਨੇ ਖਾ ਲਿਆ ਤੇ ਨੂੰਹ ਉਂਜ ਕਪੱਤੀ ਹੈ| ਬਸ ਓਹੀ ਕਾਟੋ ਕਲੇਸ. ਰਹਿੰਦਾ ਹੈ| ਜਿੱਦੇ ਮੈਨੂੰ ਕਿਰਾਇਆ ਮਿਲੂ ਕੋਠੀ ਦਾ ਉਸ ਦਿਨ ਤਾਂ ਮਾਂ ਜੀ ਮਾਂ ਜੀ ਕਰੂ| ਫਿਰ ਬਹਾਨੇ ਜਿਹੇ ਨਾਲ ਪੈਸੇ ਲੈਂਕੇ ਸਾਰਾ ਮਹੀਨਾ ਕੁੱਤੇ ਲਕਾਉੱਦੀ ਹੈ| ਬਸ ਵਾਗੁਰੂ ਵਾਗਰੂ ਕਰਕੇ ਟੈਮ ਪਾਸ ਕਰੀਦਾ ਹੈ| ਨਾ ਕਦੇ ਪੁਛੇ ਮਾਤਾ ਤੇਰਾ ਕੀ ਦੁੱਖਦਾ ਹੈ | ਰੋਟੀ ਖਾ ਲਈ ਕੇ ਨਹੀ ? ਪਕਾ ਕੇ ਰੱਖ ਦਿੰਦੀ ਹੈ ਜਦੋ ਕਾਲਜਾ ਡੁੱਬਦਾ ਹੈ ਮੈ ਆਪੇ ਕੱਢ ਕੇ ਖਾ ਲੈੱਦੀ ਹਾਂ| ਚੱਲ ਮਾਲਿਕਾ ਜਿਵੇ ਤੇਰੀ ਮਰਜੀ| ਕਹਿਕੇ ਮਾਈ ਨੇ ਸੱਜੇ ਹੱਥ ਦੀ ਤਲੀ ਨਾਲ ਅੱਖਾਂ ਚ ਆਇਆ ਪਾਣੀ ਪੂੰਝਿਆ|
ਨੀ ਨੰਜਾ ਨੰਬਰ ਆਲੀ ਨਹੀ ਆਈ ਅੱਜ ? ਠੀਕ ਤਾਂ ਹੈ ਉਹ? ਆਉਂਦੀ ਵੀ ਹੈ ਕਿ ਛੱਡ ਗਈ ਆਉਣਾ? ਮੈਨੂੰ ਤਾਂ ਕਨੇਡਾ ਬੈਠੀ ਨੂੰ ਵੀ ਓਹਦਾ ਸੰਸਾ ਲੱਗਿਆ ਰਿਹਾ| ਭੈਣ ਜੀ ਭੈਣ ਜੀ ਕਰਦੀ ਰਹਿੰਦੀ ਹੈ| ਮੈ ਤਾਂ ਉਥੇ ਬੈਠੀ ਨੇ ਵੀ ਇੱਕ ਦਿਨ ਓਹਦਾ ਫੂਨ ਮਿਲਾਇਆ| ਪਰ ਉਸਨੇ ਚੁੱਕਿਆ ਨਹੀ| ਤੇ ਫਿਰ ਮੈ ਉਸ ਦੀ ਕੁੜੀ ਨੂੰ ਫੂਨ ਤੇ ਹੀ ਪੁਛਿਆ| ਓਦੋ ਤਾਂ ਭਾਈ ਠੀਕ ਸੀ| ਅਜੇ ਉਹ ਦੱਸ ਹੀ ਰਹੀ ਸੀ ਕਿ ਨਾਲ ਦੀ ਬੋਲੀ ਲੈ ਓੁਹ ਆਗੀ ਤੇਰੀ ਨੰਜਾ ਨੰਬਰ ਵਾਲੀ ਸਕੀ | ਤੇ ਸਾਰੀਆਂ ਉਧਰ ਝਾਕਣ ਲੱਗ ਪਈਆਂ|
ਕਈ ਦਿਨਾਂ ਦੀ ਕੋਈ ਕਹਾਣੀ ਨਹੀ ਸੀ ਲਿਖੀ ਮੈਂ | ਤੇ ਮੇਰੇ ਅੰਦਰ ਕਹਾਣੀ ਆਲਾ ਕੀੜਾ ਡੰਗ ਮਾਰ ਰਿਹਾ ਸੀ| ਘਰੇ ਵੀ ਕੋਈ ਕੰਮ ਨਹੀ ਸੀ | ਵਿਹਲੇ ਬੈਠੇ ਐਵੇ ਲੜਾਂਗੇ ਹੀ| ਸੋਚ ਕੇ ਮੈ ਅੱਜ ਸਾਮੀ ਘਰੋ ਨਿੱਕਲ ਕੇ ਮਾਡਲ ਟਾਊਣ ਵਾਲੇ ਪਾਰਕ ਚ ਆ ਗਿਆ ਸੀ| ਸੋਚਿਆ ਛੋਟਾ ਜਿਹਾ ਪਾਰਕ ਹੈ | ਲਗਭਗ ਸੁੰਨਸਾਨ ਜਿਹਾ ਹੀ ਹੁੰਦਾ ਹੈ| ਬਹੁਤੀ ਕਾਂਵਾਂਰੋਲੀ ਜਿਹੀ ਨਹੀ ਹੁੰਦੀ| ਸਾਂਤ ਚਿੱਤ ਹੋ ਕੇ ਕਿਸੇ ਕਹਾਣੀ ਬਾਰੇ ਸੋਚਾਂਗੇ| ਪਰ ਇੱਥੇ ਤਾਂ ਆਹ ਵਿਹਲੜ ਮਾਈਆਂ ਨੇ ਆਪਣਾ ਮਜਮਾਂ ਲਾਇਆ ਹੋਇਆ ਸੀ| ਅਖੇ ਜਦੋ ਘਰੇ ਚੈਨ ਨਾ ਹੋਵੇ ਤਾਂ ਬਾਹਰ ਵੀ ਨਹੀ ਮਿਲਦਾ| ਕਿਹੜੀ ਕਹਾਣੀ, ਇਹਨਾ ਦੀ ਤਾਂ ਆਪਣੀ ਰਾਮ ਕਹਾਣੀ ਨਹੀ ਮੁਕਣੀ| ਇਹ ਚਾਰ ਹੀ ਵਾਧੂ ਸਨ ਤੇ ਹੁਣ ਪੰਜਵੀ ਹੋਰ ਆਉਦੀ ਪਈ ਹੈ ਸੋਟੀ ਜਿਹੀ ਲਈ| ਹੁਣ ਇਹ ਆਪਣੀ ਕਥਾ ਸੁਣਾਊਗੀ|
ਚਲ ਮਨਾ ਚੱਲ ਕਿਤੇ ਹੋਰ ਡੇਰੇ ਲਾਉਣੇ ਹਾਂ| ਉਠਣ ਹੀ ਲੱਗਾ ਸੀ ਕਿ ਉਹ ਨੰਜਾ ਨੰਬਰ ਵਾਲੀ ਵੀ ਆ ਗਈ ਤੇ ਸਾਰਿਆਂ ਨਾਲ ਰਾਮ ਰਾਮ ਫਿਰ ਸੁਰੂ ਹੋ ਗਈ| ਸੋਚਿਆ ਚੱਲ ਬੈਠਾ ਰਹਿ ਚੁੱਪ ਕਰਕੇ ਇੱੱਥੇ ਹੀ| ਸੁਣ ਇਹਨਾ ਬੁੜੀਆਂ ਦੇ ਦੁੱਖੜੇ|ਮੁੰਡਿਆਂ ਖੁੰਡਿਆਂ ਤੇ ਜਵਾਨ ਕੁੜੀਆਂ ਦੀਆਂ ਗੱਲਾਂ ਤਾਂ ਬਥੇਰੀਆਂ ਸੁਣਦਾ ਹੈ ਕੰਨ ਲਾ ਲਾ ਕੇ| ਅੱਜ ਇਹਨਾ ਦੀਆਂ ਵੀ ਸੁਣ| ਕਈ ਵਾਰੀ ਕਿਸੇ ਮੋਲ ਜਾ ਪਾਰਕ ਵਿੱਚ ਜਾਈਏ ਤਾਂ ਬਥੇਰੇ ਜੋੜੇ ਖੜੇ ਹੁੰਦੇ ਹਨ ਚੋਲ ਮੌਲ ਕਰਦੇ ਤੇ ਉਹਨਾ ਦੀਆਂ ਸੁਨਣ ਦਾ ਵੀ ਮਜਾ ਆਉਦਾ ਹੈ| ਪਰ ਅੱਜ ਇੱਥੋ ਦਾ ਚੁਗਲੀ ਪੁਰਾਣ ਵੀ ਕੋਈ ਘੱਟ ਮਜੇਦਾਰ ਨਹੀ ਸੀ| ਤੇ ਮੇਰੀ ਦਿਲਚਸਪੀ ਵੀ ਇਹਨਾ ਵਿੱਚ ਵੱਧ ਗਈ ਸੀ|
ਮਾਈ ਨੇ ਸੋਟੀ ਪਰੇ ਰੱਖ ਦਿੱਤੀ ਤੇ ਸਾਹੋ ਸਾਹ ਹੋਈ ਤੋ ਗੱਲ ਵੀ ਨਹੀ ਸੀ ਹੋ ਰਹੀ| ਪਰ ਐਨਕਾਂ ਵਾਲੀ ਨੁੰ ਦੇਖ ਕੇ ਮਾਈ ਦੇ ਚੇਹਰੇ ਤੇ ਰੋਣਕ ਜਿਹੀ ਆ ਗਈ ਤੇ ਉਹ ਬੈਠੀਆਂ ਬੈਠੀਆਂ ਹੀ ਘੁੱਟ ਕੇ ਮਿਲੀਆਂ | ਜਿਵੇ ਸਕੀਆਂ ਭੈਣਾਂ ਮੁਦਤਾਂ ਬਾਅਦ ਮਿਲੀਆਂ ਹੋਣ|
ਠੀਕ ਹੋ ਭੈਣ ਜੀ ਕਦੋ ਆਏ ਕਨੇਡੇ ਤੋਂ| ਕੁੜੀਆਂ ਤੇ ਜੁਆਕ ਠੀਕ ਸਨ ਸਾਰੇ? ਨੰਜਾ ਨੰਬਰ ਆਲੀ ਨੇ ਸਾਹ ਜਿਹਾ ਲੈ ਕੇ ਇੱਕਠੇ ਹੀ ਕਈ ਸਵਾਲ ਦਾਗ ਦਿੱਤੇ|
ਹਾਂ ਭੈਣੇ ਠੀਕ ਹਾਂ ਕਲ੍ਹ ਹੀ ਆਈ ਹਾਂ| ਤੇ ਮਖਿਆ ਸਾਰੀਆਂ ਸਹੇਲੀਆਂ ਨੂੰ ਮਿਲ ਆਵਾਂ | ਮੇਰਾ ਤਾਂ ਓਥੇ ਵੀ ਸੋਡੇ ਬਿਨਾ ਜੀ ਜਿਹਾ ਨਹੀ ਲੱਗਿਆਂ| ਕੁੜੀਆਂ ਕੰਮ ਤੇ ਚਲੀਆਂ ਜਾਂਦੀਆਂ ਸੀ ਤੇ ਮੈ ਕੱਲੀ ਹੀ ਹੁੰਦੀ ਸੀ ਸਾਰਾ ਦਿਨ| ਕੋਈ ਹਾਣ ਹੀ ਨਹੀ ਸੀ| ਹਾਣ ਨੂੰ ਹਾਣ ਹੀ ਪਿਆਰਾ ਹੁੰਦਾ ਹੈ| ਤੇ ਤੁਸੀ ਭੈਣ ਜੀ ਅੱਜ ਖਾਸਾ ਲੇਟ ਹੋ ਗਏ? ਕਨੇਡਾ ਵਾਲੀ ਨੇ ਬੜੇ ਸਲੀਕੇ ਜਿਹੇ ਨਾਲ ਨੰਜਾ ਨੰਬਰ ਵਾਲੀ ਨੂੰ ਪੁਛਿਆ|
ਕੀ ਦੱਸਾਂ ਭੈਣ ਜੀ ਨੂੰਹ ਜਦੋ ਦੀ ਰਟੈਰ ਹੋਈ ਹੈ ਘਰੇ ਘੱਟ ਹੀ ਟਿੱਕਦੀ ਹੈ| ਕਦੇ ਕੁੜੀ ਨੂੰ ਮਿਲਣ ਬੱਗਜੂ ਚੰਦੀਗੜ ਤੇ ਕਦੇ ਮੁੰਡੇ ਕੋਲ ਅੰਬਰਸਰ ਜਾ ਵੜਦੀ ਹੈ| ਫਿਰ ਰੋਟੀ ਟੁੱਕ ਵੀ ਤਾਂ ਕਰਨਾ ਹੋਇਆ| ਮੁੰਡਾ ਵੀ ਸ਼ੈਕਲ ਚੁੱਕ ਕੇ ਬਾਹਰ ਚਲਾ ਜਾਂਦਾ ਹੈ ਅਖੇ ਬੀਜੀ ਮੈ ਕੰਮ ਚੱਲਿਆਂ ਹਾਂ| ਕੋਠੀ ਸੁੰਨੀ ਛੱਡ ਕੇ ਆਇਆ ਨਹੀ ਜਾਂਦਾ| ਬਸ ਕੱਲੀ ਹੀ ਹੁੰਦੀ ਹਾਂ ਸਾਰਾ ਦਿਨ| ਨਾ ਕਿਤੇ ਜਾਣਾ ਨਾ ਕੋਈ ਆਵੇ| ਉਸ ਨੇ ਆਪਣਾ ਦੁਖੜਾ ਰੋਇਆ| ਭੈਣ ਜੀ ਸੋਡੇ ਤਾਂ ਸੁਖ ਨਾਲ ਚਾਰ ਮੁੰਡੇ ਹਨ ਤੇ ਚਾਰੇ ਹੀ ਘਰੋਂ ਚੰਗੇ ਹਨ| ਮਹੀਨਾ ਮਹੀਨਾ ਲਾ ਆਇਆ ਕਰ| ਤੂੰ ਤਾਂ ਐਵੇ ਹੀ ਇੱਥੇ ਬੱਝੀ ਬੈਠੀ ਹੈ| ਕਦੇ ਕੁੜੀ ਕੋਲੇ ਮਿਲ ਆਇਆ ਕਰ ਚਾਰ ਦਿਨ| ਕਨੇਡਾ ਵਾਲੀ ਦੇ ਨਾਲ ਬੈਠੀ ਸੁਕੜ ਜਿਹੀ ਮਾਤਾ ਨੇ ਸਿੱਧੀ ਗੱਲ ਠਾਹ ਮਾਰੀ|
ਨਹੀ ਭੈਣੇ ਐਵੇ ਕਹਿਣ ਦੀਆਂ ਗੱਲਾਂ ਹਨ| ਕੋਈ ਨਹੀ ਚਾਰ ਦਿਨ ਰੱਖਦਾ ਆਵਦੇ ਕੋਲ| ਹਰ ਇੱਕ ਦੀ ਆਪਣੀ ਕਬੀਲਦਾਰੀ ਹੈ| ਕਦੇ ਕਿਸੇ ਨੇ ਸੁਲ੍ਹਾ ਨਹੀ ਮਾਰੀ ਕਿ ਬੀਜੀ ਚਾਰ ਦਿਨ ਸਾਡੇ ਕੋਲ ਵੀ ਰਹਿ ਜਾਉ| ਬਸ ਆਪਣੇ ਜੁਆਕ ਤੇ ਆਪਣੀਆਂ ਘਰਵਾਲੀਆਂ ਹੀ ਦਿੱਸਦੀਆਂ ਹਨ|ਜਦੋ ਇਹ ਨਹੀ ਪੁਛਦੇ ਤਾਂ ਜਵਾਈ ਨੂੰ ਕੀ ਆਖਾ | ਉਹ ਕਿਹੜਾ ਭਲਾਮਾਨਸ. ਹੈ| ਅੱਗ ਦੀ ਨਾਲ ਹੈ ਪੂਰਾ | ਉਹ ਤਾਂ ਘਰੇ ਮਿਲਣ ਗਿਆਂ ਨੁੰ ਸਿੱਧਾ ਨਹੀ ਬੋਲਦਾ| ਵੱਡੇ ਛੋਟੇ ਦੀ ਭੋਰਾ ਸੰਗ ਨਹੀ ਕਰਦਾ| ਤੇ ਕਲੇਸ ਤੋ ਡਰਦੀ ਕੁੜੀ ਵੀ ਚੁੱਪ ਕਰ ਜਾਂਦੀ ਹੈ| ਪਹਿਲਾ ਪਹਿਲਾਂ ਤਾਂ ਮੈ ਮਹੀਨਾ ਮਹੀਨਾ ਧੀ ਕੋਲੇ ਲਾ ਆਉਂਦੀ ਸੀ| ਪਰ ਕਈ ਸਾਲਾਂ ਦਾ ਹੁਣ ਜਵਾਈ ਵੀ ਤੀਂਗੜਿਆ ਹੈ| ਕੁੜੀ ਨਾਲ ਵੀ ਕਲੇਸ ਕਰਦਾ ਹੈ| ਮੇਰੇ ਜਾਣ ਤੇ ਤਾਂ ਹੋਰ ਝੱਜੂ ਪਾਊ| ਜਦੋ ਢਿੱਡ ਦੇ ਜੰਮੇ ਹੀ ਮੂੰਹ ਫੇਰ ਗਏ ਤਾਂ ਮੈ ਬਿਗਾਨੇ ਪੁੱਤ ਨੁੰ ਕੀ ਦੋਸ. ਦੇਵਾਂ| ਮੈ ਤਾਂ ਦੁਖੀ ਹਾਂ ਹੀ ਧੀ ਨੂੰ ਕਾਹਣੂ ਦੁੱਖੀ ਕਰਨਾ|ਪਰ ਕਹਿੰਦੇ ਇੱਕ ਪਾਸੇ ਤਾਂ ਪਈ ਪਈ ਰੋਟੀ ਵੀ ਸੜ੍ਹ ਜਾਂਦੀ ਹੈ|ਕੋਈ ਜਾਣ ਨੁੰ ਥਾਂ ਹੁੰਦੀ ਤਾਂ ਮੇਰਾ ਵੀ ਪਾਸਾ ਥੱਲਿਆ ਜਾਂਦਾ| ਉਸ ਦਾ ਬੋਲਣਾ ਅਜੇ ਜਾਰੀ ਸੀ |
ਚਲੋ ਨੀ ਆਪਾਂ ਇੱਕ ਗੇੜਾ ਤਾਂ ਲਾ ਹੀ ਆਈਏ ਇਹ ਗੱਲਾਂ ਤਾਂ ਮੁਕਣੀਆਂ ਨਹੀ ਜਿੰਨੀ ਦੇਰ ਜਿਉਂਦੀਆਂ ਹਾਂ| ਉਹ ਸੁਕੜ ਜਿਹੀ ਜਨਾਨੀ ਬੋਲੀ ਤੇ ਚਾਰੇ ਪੰਜੇ ਉਠ ਕੇ ਪਾਰਕ ਦਾ ਗੇੜਾ ਲਾਉਣ ਚਲੀਆਂ ਗਈਆਂ| ਤੇ ਮੈਨੂੰ ਵੀ ਲੱਗਿਆ ਮੇਰੇ ਕਹਾਣੀ ਆਲੇ ਕੀੜੇ ਨੂੰ ਅੱਜ ਦੀ ਖੁਰਾਕ ਮਿਲ ਗਈ ਹੈ |
ਰਮੇਸ਼ ਸੇਠੀ ਬਾਦਲ
ਮੋ 98 766 27 233