“ਰਮੇਸ਼, ਮੇਰੀ ਵਾਈਫ (ਤੇਰੀ ਅੰਟੀ ਆਖਣ ਦੀ ਬਜਾਇ ਅੰਕਲ ਹਮੇਸ਼ਾ ਮੇਰੀ ਵਾਈਫ ਕਹਿਕੇ ਹੀ ਗੱਲ ਕਰਦੇ) ਕਈ ਦਿਨਾਂ ਤੋਂ ਸਟੀਰੀਓ ਲਿਆਉਣ ਬਾਰੇ ਕਹਿ ਰਹੀ ਸੀ। ਅਖੇ ਡਰਾਇੰਗ ਰੂਮ ਵਿੱਚ ਰੱਖਾਂਗੇ। ਮਿਊਜ਼ਿਕ ਭਜਨ ਸੁਣਿਆ ਕਰਾਂਗੇ।”
ਅੰਕਲ ਅੰਟੀ ਦੀ ਗੱਲ ਸੁਣਾਉਣ ਲੱਗੇ। ਸ੍ਰੀ ਯਸ਼ਪਾਲ ਅੰਕਲ ਸਿੰਚਾਈ ਵਿਭਾਗ ਵਿੱਚ ਐਸ ਡੀ ਓੰ ਸਨ ਅਤੇ ਅੰਟੀ ਸਰਕਾਰੀ ਸਕੂਲ ਵਿਚ ਹਿੰਦੀ ਟੀਚਰ। ਅੰਕਲ ਸੁਭਾਅ ਦੇ ਬਾਹਲੇ ਨਰਮ ਸਨ ਅੰਟੀ ਦਾ ਕਿਹਾ ਨਹੀਂ ਸੀ ਟਾਲਦੇ। ਭਾਵੇਂ ਅੰਕਲ ਨੂੰ ਪਤਾ ਸੀ ਕਿ ਇਹ ਸਟੀਰੀਓ ਅੰਟੀ ਦੀ ਕਿਸੇ ਕੁਲੀਗ ਨੇ ਲਿਆਂਦਾ ਹੋਵੇਗਾ ਤੇ ਅੰਟੀ ਨੂੰ ਰੀਸ ਆ ਗਈ। ਪਰ ਫਿਰ ਵੀ ਚੁੱਪ ਚਾਪ ਰਾਜੀ ਹੋ ਗਏ।
“ਮੈਂ ਬਜ਼ਾਰੋ 2200 ਰੁਪਏ ਦਾ ਫਲਿਪਸ ਕੰਪਨੀ ਦਾ ਸਟੀਰੀਓ ਲੈ ਆਇਆ। ਪਰ……. ।”
“ਪਰ ਤੇਰੀ ਅੰਟੀ ਦੇ ਪਸੰਦ ਨਹੀਂ ਆਇਆ। ਕਹਿਂਦੀ ਉਹ ਲੈਣਾ ਹੈ ਜੀ ਜਿਸ ਵਿੱਚ ਰੰਗ ਬਿਰੰਗੀਆਂ ਜਿਹੀਆਂ ਲਾਈਟਾਂ ਜਗਦੀਆਂ ਹੁੰਦੀਆਂ ਹਨ। ਵੱਡਾ ਸਾਰਾ ਹੁੰਦਾ ਹੈ।”
“ਮੈਂ ਸਮਝ ਗਿਆ। 2200 ਵਾਲਾ ਕੰਪਨੀ ਦਾ ਸਟੀਰੀਓ ਵਾਪਿਸ ਕਰਕੇ 600 ਰੁਪਏ ਵਾਲਾ ਟੋਨੀ ਟੋਨ ਦਾ ਦੇਸੀ ਸਟੀਰੀਓ ਲਿਆਂਦਾ। ਫਿਰ ਤੇਰੀ ਅੰਟੀ ਖੁਸ਼ ਹੋਗੀ। ਮੈਂ ਅੰਦਰੋਂ ਹੱਸਾਂ। ਪਰ ਇਹ ਖੁਸ਼ ਹੋਗੀ ਨਾਲੇ ਆਪਣੇ 1600 ਬਚ ਗਏ।”
ਮੈਨੂੰ ਵੀ ਹੈਰਾਨੀ ਹੋਈ। ਅੰਟੀ ਵੀ ਤਾਂ ਪੜ੍ਹੇ ਲਿਖੇ ਸਨ।
“ਬੇਟਾ ਔਰਤ ਆਪਣੀ ਪਗਾਉਣੀ ਚਾਹੁੰਦੀ ਹੈ। ਗੱਲ ਮਹਿੰਗੇ ਸਸਤੇ ਦੀ ਨਹੀਂ ਬਸ ਉਸਦੀ ਆਪਣੀ ਰੀਝ ਦੀ ਹੁੰਦੀ ਹੈ। ਉਸਦਾ ਕਹਿਣਾ ਮੰਨ ਲਵੋ। ਜਿਵੇ ਕਹੇ ਓਵੇਂ ਕਰੀ ਚੱਲੋ। ਜਨਾਨੀ ਖੁਸ਼ ਤਾਂ ਪੂਰੀ ਦੁਨੀਆ ਖੁਸ਼।” ਮੈਨੂੰ ਲੱਗਿਆ ਅੰਟੀ ਦੇ ਬਹਾਨੇ ਅੰਕਲ ਮੈਨੂੰ ਗੀਤਾ ਦਾ ਗਿਆਨ ਦੇ ਰਹੇ ਹੋਣ। ਭਾਵੇ ਇਹ ਘਟਨਾ 1994 ਦੀ ਹੈ ਪਰ ਅੱਜ ਵੀ ਸੱਚ ਲਗਦੀ ਹੈ। ਅੰਕਲ ਅੰਟੀ ਦੋਨੇ ਇਸ ਸੰਸਾਰ ਵਿੱਚ ਨਹੀਂ ਹਨ ਪਰ ਉਹਨਾਂ ਦਾ ਦਿੱਤਾ ਗਿਆਨ ਅਨਮੋਲ ਹੈ। ਬਹੁਤੇ ਵਾਰੀ ਆਪ ਹੀ ਉਸ ਸਿਖਿਆ ਨੂੰ ਭੁੱਲ ਜਾਂਦੇ ਹਾਂ ਫਿਰ ਪਛਤਾਉਂਦੇ ਹਾਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।