ਕਪੜੇ ਪਾਉਣਾ ਸਾਡੇ ਸਰੀਰ ਨੂੰ ਢੱਕਣ ਲਈ ਜਰੂਰੀ ਹੈ। ਧੋਤੇ ਤੇ ਸਾਫ ਕਪੜੇ ਸਾਡੀ ਸਫਾਈ ਦਾ ਅੰਗ ਹਨ ਤੇ ਨਵੇਂ ਕਪੜੇ ਸਾਡੀ ਖੁਸ਼ੀ ਦਾ ਪ੍ਰਤੀਕ ਹਨ। ਖੁਸ਼ੀ ਦੇ ਮੌਕੇ ਤੇ ਅਸੀਂ ਵਧੀਆ ਤੇ ਨਵੇਂ ਕਪੜੇ ਸਿਵਾਉਂਦੇ ਹਾਂ। ਨਵੇਂ ਕੱਪੜਿਆਂ ਵਿਚੋਂ ਹੀ ਸਾਡੀ ਖੁਸ਼ੀ ਝਲਕਦੀ ਹੈ।
ਫਰਬਰੀ 2012 ਵਿੱਚ ਮੇਰੀ ਮਾਂ ਮੈਨੂੰ ਸਦਾ ਲਈ ਛੱਡਕੇ ਤੁਰ ਗਈ। ਘਰ ਵਿਚ ਮੈਂ ਸਭ ਤੋਂ ਵੱਡਾ ਸੀ। ਮੇਰੇ ਤੋਂ ਮੇਰੀ ਵੱਡੀ ਭੈਣ ਦਾ ਬੋਝ ਵੀ ਮੇਰੀ ਮਾਂ ਦੇ ਜਾਣ ਤੋਂ ਤਿੰਨ ਦਿਨ ਪਹਿਲਾਂ ਹੀ ਮੇਰੇ ਤੇ ਪੈ ਗਿਆ ਸੀ। ਤੇਰਾਂ ਫਰਬਰੀ ਨੂੰ ਜੀਜਾ ਜੀ ਗਏ ਤੇ ਸੋਲਾਂ ਨੂੰ ਮੇਰੀ ਮਾਂ। ਭਾਵੇਂ ਤਿੰਨ ਪਰਿਵਾਰਾਂ ਨੂੰ ਸੰਭਾਲਣਾ ਹੌਸਲਾ ਦੇਣਾ ਮੇਰੇ ਵਰਗੇ ਜਜ਼ਬਾਤੀ ਬੰਦੇ ਦੇ ਵੱਸ ਦੇ ਵੱਸ ਦਾ ਰੋਗ ਨਹੀਂ ਸੀ। ਪਰ ਵੱਡਾ ਹੋਣ ਦੀ ਜਿੰਮੇਦਾਰੀ ਜਦੋ ਸਿਰ ਤੇ ਪੈ ਗਈ ਤਾਂ ਪਰਮਾਤਮਾ ਹੀ ਬਲ ਬਖਸ਼ਦਾ ਹੈ। ਮਨ ਨੇ ਖਿਆਲ ਦਿੱਤਾ ਕਿ ਹੁਣ ਤੇਰੀਆਂ ਨਵੇਂ ਕੱਪੜੇ ਪਾਉਣ ਵਾਲਿਆਂ ਖੁਸ਼ੀਆਂ ਖਤਮ ਹੋ ਗਈਆਂ। ਬਸ ਫਿਰ ਮੈਂ ਨਵੇਂ ਕਪੜੇ ਸਿਲਵਾਉਣੇ ਬੰਦ ਕਰ ਦਿੱਤੇ। ਭਾਵੇਂ ਆਮ ਪਾਉਣ ਨੂੰ ਕੱਪੜੇ ਵਾਧੂ ਸਨ। ਅੰਡਰ ਵੀਅਰ ਬਨੈਣਾ ਵੀ ਗੁਜ਼ਾਰੇ ਜੋਗੇ ਸਨ। ਇੱਕ ਸਾਲ ਆਰਾਮ ਨਾਲ ਬੀਤ ਗਿਆ। ਪਰ ਜਿੱਦ ਤੇ ਅੜੀ ਹੀ ਸੀ। ਮੈਂ ਤਿੰਨ ਸਾਲ ਇਸੇ ਤਰਾਂ ਲੰਘਾ ਦਿੱਤੇ। ਕਪੜੇ ਫੱਟਣੇ ਸ਼ੁਰੂ ਹੋ ਗਏ। ਵੱਡੀ ਭੈਣ ਸਦਮੇ ਤੋਂ ਬਾਹਰ ਆ ਗਈ। ਉਸਨੇ ਹੌਸਲਾ ਦੇਣਾ ਸ਼ੁਰੂ ਕਰ ਦਿੱਤਾ। ਮੈਨੂੰ ਉਸ ਵਿਚੋਂ ਮਾਂ ਦਾ ਅਕਸ ਨਜ਼ਰ ਆਉਣ ਲੱਗਿਆ। ਉਹ ਮੇਰਾ ਫਿਕਰ ਕਰਦੀ। ਹੌਸਲਾ ਦਿੰਦੀ। ਮੈਨੂੰ ਨਵੇਂ ਕਪੜੇ ਸਿਲਵਾਉਣ ਲਈ ਕਹਿਂਦੀ। ਪਰ ਮੇਰੀ ਜ਼ਿੱਦ ਸੀ ਤੇ ਮਨ ਦੀ ਪ੍ਰਤਿਗਿਆ ਸੀ। ਚੌਥੇ ਸਾਲ ਦੌਰਾਨ ਤਾਂ ਬਨੈਣਾ ਵਿੱਚ ਵੱਡੇ ਵੱਡੇ ਮੋਰੇ ਹੋ ਗਏ। ਇਹੀ ਹਾਲ ਕੱਛਿਆਂ ਦਾ ਸੀ। ਕੱਪੜਿਆਂ ਵਿਚਲੇ ਮੋਰੇ ਮੈਨੂੰ ਪੁਰਾਣੇ ਬਿਹਾਰ ਦੀਆਂ ਟੁੱਟੀਆਂ ਸੜਕਾਂ ਦੀ ਯਾਦ ਦਿਵਾਉਂਦੇ। ਕਪੜਾ ਘੱਟ ਤੇ ਮੋਰੇ ਵੱਧ ਸਨ। ਭੀੜੀਆਂ ਹੋਈਆਂ ਪੈਂਟਾ ਖੁਲੀਆਂ ਕਰਵਾ ਕੇ ਪਾਉਣ ਲੱਗਿਆ। ਪਰ ਫਿਰ ਵੀ ਮੈਂ ਆਪਣੀ ਅੜੀ ਨਾ ਛੱਡੀ। ਪੰਜਵੇਂ ਸਾਲ ਦੇ ਸ਼ੁਰੂ ਵਿਚ ਸਰਸੇ ਤੋਂ ਭੈਣ ਮਿਲਣ ਆਈ। ਉਹ ਮੇਰੇ ਲਈ ਕਪੜਾ ਲਿਆਈ। ਫਿਰ ਮੈਂ ਅੰਡਰ ਵੀਅਰ ਸੰਵਾ ਲਏ। ਤੇ ਹੋਰ ਸੂਟ ਸਿਵਾਉਣ ਲਈ ਭੀ ਮਜਬੂਰ ਕੀਤਾ। ਉਸਦੇ ਜੋਰ ਪਾਉਣ ਤੇ ਮੈਂ ਇੱਕ ਦੋ ਸੂਟ ਵੀ ਸੰਵਾ ਲਏ। ਤੇ ਛੇ ਬਨੈਣਾ ਵੀ ਲ਼ੈ ਲਾਈਆਂ।
ਉਸੇ ਸਾਲ ਨਵੰਬਰ ਵਿੱਚ ਮੇਰੇ ਵੱਡੇ ਬੇਟੇ ਦਾ ਵਿਆਹ ਸੀ। ਫਿਰ ਕਪੜੇ ਸਿਵਾਉਣ ਵਾਲੀ ਧੁੱਕੀ ਕੱਢ ਦਿੱਤੀ। ਵਿਆਹ ਦਾ ਚਾਅ ਹੀ ਬਹੁਤ ਸੀ।
ਖੁਸ਼ੀ ਤੇ ਗਮੀ ਮਨਾਉਣ ਦੇ ਵੀ ਆਪਣੇ ਢੰਗ ਹੁੰਦੇ ਹਨ। ਇਹ ਵੀ ਜਿੰਦਗ਼ੀ ਦੇ ਨਿਖੜਵੇਂ ਪਲ ਹੁੰਦੇ ਹਨ।
ਊੰ ਗੱਲ ਆ ਇੱਕ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ