ਪਾਣੀ ਤੇ ਪਾਣੀ ਦਾ ਫ਼ਰਕ | paani te paani da farak

ਵੱਡੇ ਘਰ ਆਲਿਆਂ ਤੇ ਨੰਬਰਦਾਰ ਸਾਹਿਬ ਸਿੰਘ ਦੇ ਘਰ ਮੂਹਰੇ ਬਣੀ ਚੋਰਸ ਡਿੱਗੀ ਤੋਂ ਮੇਰੀ ਮਾਂ ਕੋਈ ਵੀਹ ਵੀਹ ਘੜੇ ਪਾਣੀ ਭਰ ਕੇ ਲਿਆਉਂਦੀ। ਵੈਸੇ ਤਾਂ ਘੁਮਿਆਰੇ ਪਿੰਡ ਇੱਕ ਡਿੱਗੀ ਹੋਰ ਵੀ ਸੀ ਗੁਰੁਦ੍ਵਾਰੇ ਕੋਲ ਗੋਲ ਡਿੱਗੀ। ਕਈ ਵਾਰੀ ਮਹਿਰੇ ਯ ਝਿਊਰ ਵੀ ਘਰੇ ਪਾਣੀ ਪਾ ਜਾਂਦੇ। ਚੋਰਸ ਡਿੱਗੀ ਵਿੱਚ ਕੋਈ ਪੰਦਰਾਂ ਪੌੜ੍ਹੀਆਂ ਬਣੀਆ ਸੀ। ਜਦੋਂ ਡਿੱਗੀ ਵਿੱਚ ਪਾਣੀ ਘੱਟ ਹੁੰਦਾ ਤਾਂ ਉਹ ਪੌੜੀਆਂ ਉਤਰ ਕੇ ਪਾਣੀ ਦਾ ਘੜਾ ਭਰਨਾ ਪੈਂਦਾ। ਵੈਸੇ ਘੜੇ ਨੂੰ ਅਸੀਂ ਤੋੜਾ ਆਖਦੇ ਸੀ। ਡਿੱਗੀ ਵਿੱਚ ਪਾਣੀ ਕੱਸੀ ਦਾ ਆਉਂਦਾ ਸੀ ਜੋ ਹਫਤੇ ਵਿੱਚ ਇੱਕ ਖਾਲ ਰਾਹੀਂ ਕੁਝ ਕੁ ਘੰਟੇ। ਖੁੱਲੀ ਡਿੱਗੀ ਵਿਚ ਦਰੱਖਤਾਂ ਦੇ ਪੱਤੇ ,ਮਿੱਟੀ ਘੱਟਾ, ਸੁਕੇ ਡੱਕੇ ਨਾ ਜਾਣੇ ਕੀ ਕੁਝ ਡਿਗਦਾ। ਪੋਣੇ ਨਾਲ਼ ਪੁਣ ਕੇ ਮੇਰੀ ਮਾਂ ਘੜਾ ਭਰਦੀ। ਓਹੀ ਪਾਣੀ ਅਸੀਂ ਪੀਂਦੇ। ਘੜੇ ਦਾ ਪਾਣੀ ਹੀ ਅੰਮ੍ਰਿਤ ਹੁੰਦਾ ਸੀ ਸਾਡੇ ਲਈ। ਨਾ ਬਰਫ ਨਾ ਫ੍ਰਿਜ ।ਕਦੇ ਕਦੇ ਦੂਰ ਦੂਰ ਲੱਗੇ ਜ਼ਮੀਨੀ ਨਲਕਿਆਂ ਨੂੰ ਗੇੜ ਕੇ ਪਾਣੀ ਦੇ ਘੜੇ ਮੇਰੀ ਮਾਂ ਲਿਆਉਂਦੀ। ਬਹੁਤ ਔਖੈ ਲਗਦਾ ਨਲਕਾ ਗੇੜਨਾ। ਫਿਰ ਜਦੋ ਵਾਟਰ ਵਰਕਸ ਬਣਿਆ ਤਾਂ ਲਗਿਆ ਸਾਰੀ ਜੱਨਤ ਪਿੰਡ ਆ ਗਈ। ਘਰ ਦੇ ਬਾਹਰ ਲੱਗੀ ਟੂਟੀ ਤੋਂ ਫਿਰ ਉਹ ਟੂਟੀ ਵੀ ਘਰੇ ਲੱਗ ਗਈ।ਜਵਾਂ ਨੇੜੇ। ਫਿਰ ਰਬੜ ਦੀ ਪਾਈਪ ਨਾਲ ਘੜੇ ਭਰਦੇ। ਸ਼ਹਿਰ ਆਗੈ। ਪਾਣੀ ਫ੍ਰਿਜ ਦਾ ਪੀਂਦੇ। ਫਿਰ ਰੌਲਾ ਪੈ ਗਿਆ। ਵਾਟਰ ਵਰਕਸ ਦਾ ਪਾਣੀ ਸਾਫ਼ ਨਹੀਂ। ਲੋਕ ਐਕਵਾਗਾਰਡ ਲਵਾਉਣ ਲੱਗੇ। ਫਿਰ ਉਹ ਵੀ ਫੇਲ। ਆਰ ਓ ਦਾ ਰਿਵਾਜ ਆ ਗਿਆ। ਸਸਤੇ ਮਹਿੰਗੇ ਤੇ ਹੋਰ ਮਹਿੰਗੇ। ਅਖੇ ਦੇਸੀ ਨਾ ਲਵਾਓ। ਹੇਮਾ ਮਾਲਣੀ ਵਾਲਾ ਕੇਂਟ ਲਵਾਓ। 16ਹਜ਼ਾਰ ਦਾ। ਬਿਮਾਰ ਪਹਿਲਾ ਵੀ ਹੁੰਦੇ ਸੀ ਕੱਚੀ ਡਿਗੀ ਦਾ ਪਾਣੀ ਪੀ ਕੇ। ਬਿਮਾਰ ਹੁਣ ਵੀ ਹੁੰਦੇ ਹਾਂ ਕੇਂਟ ਵਾਲਾ ਤੇ ਬਿਸਲੇਰੀ ਪੀ ਕੇ। ਪਹਿਲਾਂ ਵੈਦ ਦੀਆਂ ਦੋ ਪੁੜੀਆ ਨਾਲ ਠੀਕ ਹੋ ਜਾਂਦੇ ਸੀ। ਹੁਣ ਡਾਕਟਰ 250 ਤਾਂ ਫ਼ੀਸ ਹੀ ਲੈਂਦਾ ਹੈ। ਦਵਾਈਆਂ ਦੇ ਵੱਖਰੇ। ਸਰੀਰ ਫਿਰ ਵੀ ਢਿੱਲਾ ਰਹਿੰਦਾ ਹੈ। ਹੋਟਲ ਚ ਜਾ ਕੇ ਬਾਰਾਂ ਰੁਪਏ ਵਾਲੀ ਪੈਪਸੀ ਕਦੇ ਪੀਤੀ ਨਹੀਂ ਸੀ ਹੁਣ ਵੀਹ ਵਾਲੀ ਬਿਸਲੇਰੀ ਦੀ ਬੋਤਲ ਝੱਟ ਪੀ ਲੈਂਦੇ ਹਾਂ।
ਯਾਰ ਸਮਝ ਨਹੀਂ ਆਉਂਦੀ ਏਹ੍ਹ ਕੰਪਨੀਆਂ ਵਾਲੇ ਸਾਡੀ ਹੱਕ ਹਲਾਲ ਦੀ ਕਮਾਈ ਨੂੰ ਕਿਓਂ ਸਾਡੀ ਜੇਬ ਵਿਚ ਟਿਕਣ ਨਹੀਂ ਦਿੰਦੇ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *