ਪੰਜਾਬ ਦੇ ਕਾਲੇ ਦੋਰ ਦੀਆਂ ਕਥਾ ਕਹਾਣੀਆਂ ਅਸੀ ਅਕਸਰ ਨਿੱਤ ਅਖਬਾਰਾਂ ਚ ਪੜ੍ਹਦੇ ਹਾਂ। ਹੁਣ ਤਾਂ ਕਈ ਪੁਰਾਣੇ ਤੇ ਸੇਵਾਮੁਕਤ ਆਪਣੇ ਦੋਰ ਦੀਆਂ ਚੰਗੀਆਂ ਮੰਦੀਆਂ ਘਟਨਾਵਾਂ ਨੂੰ ਕਿਸੇ ਕਜਲਮ ਦੇ ਰੂਪ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਬਨਾਉਂਦੇ ਹਨ। ਲੋਕਾਂ ਨਾਲ ਵੀ ਬਹੁਤ ਧੱਕਾ ਹੋਇਆ ਉਸ ਦੋਰ ਵਿੱਚ ਤੇ ਪੁਲਿਸ ਨੇ ਵੀ ਬਹੁਤ ਚੰਮ ਦੀਆਂ ਚਲਾਈਆਂ। ਕਈ ਥਾਂ ਤੇ ਪੁਲਿਸ ਮੁਲਾਜਮਾਂ ਨਾਲ ਵੀ ਅਣਹੋਣੀ ਹੋਈ। ਇਹੀ ਤਾਂ ਕਾਲਾ ਦੋਰ ਸੀ। ਇੱਕ ਸੰਤਾਪ ਸੀ ਜੋ ਪੰਜਾਬ ਵਾਸੀਆਂ ਨੇ ਭੋਗਿਆ। ਬਹੁਤ ਸਾਰੇ ਨੋਜਵਾਨਾਂ ਨੂੰ ਗੋਲੀ ਦਾ ਨਿਸਾਨਾ ਬਣਾਇਆ ਗਿਆ ਚਾਹੇ ਉਹ ਪੁਲਿਸ ਮੁਕਾਬਲੇ ਦੇ ਰੂਪ ਵਿੱਚ ਸੀ ਜਾਂ ਅਖੋਤੀ ਖਾੜਕੂਆਂ ਦੇ ਨਾਂ ਤੇ। ਚਾਹੇ ਛੁਰੀ ਖਰਬੂਜੇ ਤੇ ਵੱਜੀ ਜਾਂ ਖਰਬੂਜਾ ਛੁਰੀ ਤੇ ਨੁਕਸਾਨ ਖਰਬੂਜੇ ਦਾ ਹੀ ਹੋਇਆ।
ਇਹ ਉਹਨਾ ਦਿਨਾਂ ਦੀ ਗੱਲ ਹੈ ਜਦੋ ਕਿਸੇ ਵਾਰਦਾਤ ਤੋਂ ਬਾਦ ਪ੍ਰਸਾਸਨ ਦੁਆਰਾ ਆਮ ਲੋਕਾਂ ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਸਨ। ਸੱਪ ਦੇ ਜਾਣ ਪਿੱਛੋ ਲਕੀਰ ਪਿੱਟਣ ਦਾ ਰਿਵਾਜ ਬਦਸਤੂਰ ਜਾਰੀ ਸੀ। ਤੇ ਭੋਲੇ ਭਾਲੇ ਲੋਕ ਫੱਸ ਜਾਂਦੇ ਸਨ ਤੇ ਪੁਲਿਸ ਦੇ ਛੋਟੇ ਮੁਲਾਜਿਮਾਂ ਦਾ ਤੋਰੀ ਫੁਲਕਾ ਚੱਲ ਜਾਂਦਾ ਸੀ। ਗੱਡੀਆਂ ਦੇ ਕਾਗਜ ਪੱਤਰ, ਪੁਲਿਸ ਨਾਕੇ, ਦੂਹਰੀਆਂ ਸਵਾਰੀਆਂ ਆਮ ਜਨਤਾ ਤਾਂ ਫਸੀ ਸਮਝੋ। ਉਸ ਦੋਰ ਵਿੱਚ ਖਾਕੀ ਤਾਂ ਰੱਬ ਹੀ ਹੁੰਦੀ ਸੀ ਤੇ ਬਿਨਾ ਵਕੀਲ, ਦਲੀਲ ਤੇ ਅਪੀਲ ਦੇ ਹੀ ਕਾਰਵਾਈ ਚਲਦੀ ਸੀ। ਹਾਂ ਪੈਸੇ ਦੇ ਪਹੀਏ ਜਰੂਰ ਚਲਦੇ ਸਨ।
ਉਸ ਦਿਨ ਮੇਰੇ ਦਾਦਾ ਜੀ ਦਾ ਸੰਦੇਸ ਮਿਲਿਆ ਕਿ ਉਹਨਾਂ ਦੀ ਸੇਹਤ ਠੀਕ ਨਹੀ ਹੈ। ਉਸ ਸਮੇ ਉਹ ਆਪਣੇ ਜੱਦੀ ਪਿੰਡ ਘੁਮਿਆਰੇ ਰਹਿੰਦੇ ਸੀ। ਤੇ ਅਸੀ ਮੰਡੀ ਡੱਬਵਾਲੀ ਰਹਿੰਦੇ ਸਾਂ। ਸੱਤ ਕੁ ਕਿਲੋਮੀਟਰ ਤੇ ਸਾਡੇ ਸਹਿਰ ਤੇ ਪਿੰਡ ਦਰਮਿਆਨ ਪੰਜਾਬ ਹਰਿਆਣੇ ਦੀ ਹੱਦ ਸੀ। ਮੇਰੇ ਪਾਪਾ ਜੀ ਨੇ ਮੇਰੇ ਦਾਦਾ ਜੀ ਦਾ ਪਤਾ ਲੈਣ ਦੀ ਸਲਾਹ ਬਣਾਈ ਨਾਲ ਮੇਰੇ ਫੁੱਫੜ ਜੀ ਸ੍ਰੀ ਬਲਦੇਵ ਸਿੰਘ ਨੇ ਵੀ ਨਾਲ ਜਾਣਾ ਸੀ। ਮੈਂ ਵੀ ਨਾਲ ਜਾਣ ਦੀ ਜਿੱਦ ਕੀਤੀ ।ਉਸ ਸਮੇਂ ਸਾਡੇ ਕੋਲ ਇਨਫੀਲਡ ਮੋਟਰ ਸਾਇਕਲ ਹੁੰਦਾ ਸੀ। ਤੇ ਅਸੀ ਤਿੰਨੇ ਪਿੰਡ ਨੂੰ ਦਾਦਾ ਜੀ ਦਾ ਪਤਾ ਲੈਣ ਲਈ ਚੱਲ ਪਏ।ਅਜੇ ਗੁਰਨਾਨਕ ਕਾਲਜ ਕੋਲੇ ਪਹੁੰਚੇ ਸੀ ਕਿ ਨਾਕਾ ਲਾਈ ਖੜ੍ਹੇ ਪੁਲਿਸ ਮੁਲਾਜਮਾਂ ਨੇ ਰੋਕ ਲਿਆ। ਤਿੰਨ ਸਵਾਰੀਆਂ ਬੈਠੀਆਂ ਵੇਖ ਕੇ ਉਹ ਸਾਨੂੰ ਪੁਲਿਸ ਚੋਂਕੀ ਲੈ ਗਏ।
ਅਸੀ ਕਸੂਰਵਾਰ ਸੀ। ਮੋਕੇ ਤੇ ਹਾਜਿਰ ਇੰਚਾਰਜ ਨੇ ਸਾੰਨੂ ਸਾਡੇ ਕੰਮ ਬਾਰੇ ਪੁਛਿਆ। ਤੇ ਜਦੋ ਮੇਰੇ ਪਾਪਾ ਜੀ ਨੇ ਦੱਸਿਆ ਕਿ ਉਹ ਹਰਿਆਣੇ ਵਿੱਚ ਫੀਲਡ ਕਾਨੂਨਗੋ ਹਨ ਤੇ ਇਹ (ਉਹਨਾ ਦਾ ਇਸਾਰਾ ਮੇਰੇ ਫੁਫੱੜ ਜੀ ਵੱਲ ਸੀ) ਬੀ ਡੀ ਪੀ ਓ ਦਫਤਰ ਲੰਬੀ ਵਿਖੇ ਪਟਵਾਰੀ ਹਨ ਤੇ ਮੇਰੇ ਬਾਰੇ ਦੱਸਿਆ ਕਿ ਇਹ ਕਾਕਾ ਬਾਦਲ ਸਕੂਲ ਵਿੱਚ ਸੁਪਰਡੈਂਟ ਹੈ। ਪੁਲਿਸ ਮੁਲਾਜਮ ਦੀਆਂ ਵਾਸਾ ਖਿੱਲ ਗਈਆਂ ਤੇ ਕਹਿੰਦਾ ਅੱਜ ਤਾਂ ਚੰਗੇ ਮੁਲਾਜਿਮ ਫਸੇ ਹਨ। ਸਾਡੀ ਤਿੰਨਾਂ ਦੀ ਜਾਮਾ ਤਲਾਸੀ ਲਈ ਗਈ ਤੇ ਜੇਬ ਵਿੱਚਲੇ ਪੈਸੇ, ਕਾਗਜ ਪੱਤਰ, ਸਾਡੀਆਂ ਘੜੀਆਂ ਤੇ ਪਾਪਾ ਜੀ ਦੇ ਪਾਇਆ ਸੋਨੇ ਦਾ ਕੜਾ ਲੈ ਲਿਆ। ਸਾਨੂੰ ਉਥੇ ਪਏ ਮੰਜੇ ਤੇ ਬੈਠਣ ਦਾ ਹੁਕਮ ਸੁਣਾਕੇ ਇਹ ਅਹਿਸਾਣ ਵੀ ਕਰ ਦਿੱਤਾ ਕਿ ਤੁਸੀ ਮੁਲਾਜਿਮ ਹੋ ਇਸ ਲਈ ਮੰਜੇ ਤੇ ਬਿਠਾ ਰਹੇ ਹਾਂ ਨਹੀ ਤਾਂ ਥੱਲੇ ਹੀ ਬਿਠਾਉਣਾ ਸੀ। ਉਸ ਦਿਨ ਸਨੀਵਾਰ ਸੀ ਤੇ ਉਹਨਾਂ ਮਤਾਬਿਕ ਹੁਣ ਸਾਨੂੰ ਸੋਮਵਾਰ ਨੰ ਹੀ ਜੱਜ ਦੇ ਪੇਸ ਕੀਤਾ ਜਾ ਸਕੇਗਾ ਤੇ ਸੋਮਵਾਰ ਤੋਂ ਪਹਿਲਾਂ ਜਮਾਨਤ ਮੁਸਕਿਲ ਸੀ ਤੇ ਦੋ ਦਿਨ ਸਾਨੂੰ ਪੁਲਿਸ ਹਿਰਾਸਤ ਵਿੱਚ ਹੀ ਰਹਿਣਾ ਪੈਣਾ ਸੀ।
ਅਸੀ ਘੰਟਾ ਕੁ ਮੰਜੇ ਤੇ ਬੈਠੇ ਰਹੇ ਤੇ ਬਾਦ ਸੰਦੇਸ ਭੇਜਣ ਦੀ ਕੋਸਿਸ ਕਰਦੇ ਰਹੇ ਪਰ ਕੋਈ ਜੁਗਾੜ ਨਾ ਬਣਿਆ । ਮੇਰਾ ਵਿਚਾਰ ਸੀ ਕਿ ਕਿਵੇ ਨਾ ਕਿਵੇ ਅੱਡੇ ਤੇ ਮੋਹਰੀ ਸੇਠ ਨੂੰ ਤੱਕ ਗੱਲ ਪਹੁੰਚਾਈ ਜਾਵੇ ਕਿਉਂਕਿ ਉਸ ਦੀ ਕਿਲਿਆਂਵਾਲੀ ਚੋਂਕੀ ਚ ਪੂਰੀ ਜਾਣ ਪਹਿਚਾਣ ਸੀ ਪਰ ਕੋਈ ਗੱਲ ਨਾ ਬਣੀ ਤੇ ਸੂਰਜ ਵੀ ਛਿੱਪਣ ਲਈ ਉਤਾਵਲਾ ਹੋ ਰਿਹਾ ਸੀ। ਤੇ ਸਾਡੇ ਤਿੰਨਾਂ ਦੇ ਮੱਥੇ ਤੇ ਚਿੰਤਾਂ ਸਾਫ ਝਲਕ ਰਹੀ ਸੀ ਤੇ ਇਹ ਚਿੰਤਾ ਗੂੜੀ ਹੁੰਦੀ ਜਾ ਰਹੀ ਸੀ। ਏਨੇ ਨੂੰ ਪਿੰਡ ਕੰਦੂ ਖੇੜੇ ਦਾ ਸਰਪੰਚ ਕਿਸੇ ਕੰਮ ਲਈ ਚੋਂਕੀ ਆ ਗਿਆ ਤੇ ਉਹ ਮੇਰੇ ਫੁੱਫੜ ਜੀ ਨੂੰ ਚੰਗੀ ਤਰਾਂ ਜਾਣਦਾ ਸੀ। ਉਸ ਨੇ ਜਦੋ ਸਾਡੀ ਹਾਲਤ ਦੇਖੀ ਤਾਂ ਉਹ ਚੋਕੀ ਇੰਚਾਰਜ ਤੇ ਗੁੱਸੇ ਹੋਇਆ। ਉਸ ਨੇ ਕਿਹਾ ਇਹ ਤਿੰਨੇ ਮੁਲਾਜਿਮ ਹਨ ਖਾੜਕੂ ਨਹੀ। ਕਿਉਂ ਤੁਸੀ ਆਮ ਜੰਤਾ ਨੂੰ ਤੰਗ ਕਰਦੇ ਹੋ।ਜੇ ਤੁਹਾਨੂੰ ਜਿਆਦਾ ਹੀ ਡਰ ਹੈ ਤਾਂ ਇਹਨਾਂ ਨੂੰ ਵਾਪਿਸ ਡੱਬਵਾਲੀ ਭੇਜ ਦਿਉ। ਸਰੀਫ ਨਾਗਰਿਕਾ ਨੂੰ ਤੰਗ ਕਰਨਾ ਠੀਕ ਨਹੀ। ਪਤਾ ਨਹੀ ਉਸ ਸਰਪੰਚ ਦਾ ਪੁਲਿਸ ਵਿੱਚ ਏਨਾ ਦਬਦਬਾ ਕਿਉਂ ਸੀ।ਉਸ ਅੱਗੇ ਕੋਈ ਪੁਲਿਸ ਵਾਲਾ ਨਹੀ ਸੀ ਬੋਲ ਰਿਹਾ। ਫਿਰ ਪੁਲਿਸ ਨੇ ਸਾਨੂੰ ਛੱਡ ਦਿੱਤਾ । ਉਸ ਸਰਪੰਚ ਦੀ ਬਦੋਲਤ ਸਾਡੇ ਜਮਾਂ ਪੈਸੇ ਜੋ ਦੋ ਹਜਾਰ ਦੇ ਕਰੀਬ ਸਨ ਤੇ ਬਾਕੀ ਸਮਾਨ ਸਾਨੂੰ ਵਾਪਿਸ ਮਿਲ ਗਿਆ। ਜਿਸਦੀ ਪੁਲਿਸ ਕੋਲੋ ਵਾਪਿਸੀ ਦੀ ਉਮੀਦ ਘੱਟ ਹੀ ਸੀ। ਫਿਰ ਅਸੀ ਵਾਪਿਸ ਹੀ ਘਰ ਆ ਗਏ। ਉਹ ਸਰਪੰਚ ਜੋ ਕਿਸੇ ਵੀ ਬਹਾਨੇ ਚੋਕੀ ਆਇਆ ਸਾਡੇ ਲਈ ਰੱਬ ਤੋਂ ਘੱਟ ਨਹੀ ਸੀ। ਨਹੀ ਤਾਂ ਕੀ ਹੁੰਦਾ ਹੁਣ ਤਾਂ ਸੋਚ ਕੇ ਹੀ ਡਰ ਆਉਂਦਾ ਹੈ।
ਰਮੇਸ ਸੇਠੀ ਬਾਦਲ
ਮੋ 98 766 27233