ਸੁੰਦਰਤਾ ਆਪਣੇ ਆਪ ਵਿੱਚ ਬੇਮਿਸਾਲ ਹੁੰਦੀ ਹੈ। ਮਨੁੱਖ ਸੁੰਦਰਤਾ ਦਾ ਦੀਵਾਨਾ ਹੈ। ਸੁੰਦਰਤਾ ਇੱਕ ਗਹਿਣਾ ਹੈ। ਹਰ ਕੋਈ ਸੁੰਦਰ ਹੋਣਾ ਲੋਚਦਾ ਹੈ । ਸੁੰਦਰ ਨੂੰ ਹੀ ਪਾਉਣਾ ਚਾਹੁੰਦਾ ਹੈ। ਜਦੋ ਕਿਸੇ ਚੋ ਚੋਣ ਕਰਨੀ ਹੋਵੇ ਸੁੰਦਰ ਨੂੰ ਹੀ ਚੁਣਦਾ ਹੈ। ਪ੍ਰੰਤੂ “ਆਲ ਦ ਗਲਿਟਰਸ ਇਜ ਨਾਟ ਗੋਲਡ।” ਹਰ ਚਮਕਣ ਵਾਲੀ ਵਸਤੂ ਸੋਨਾ ਨਹੀਂ ਹੁੰਦੀ।
ਮਨੁੱਖ ਦੇ ਮਾਮਲੇ ਵਿੱਚ ਸੁੰਦਰਤਾ ਦੋ ਤਰ੍ਹਾਂ ਦੀ ਹੁੰਦੀ ਹੈ। ਤਨ ਦੀ ਸੁੰਦਰਤਾ ਅਤੇ ਮਨ ਦੀ ਸੁੰਦਰਤਾ। ਤਨ ਦੀ ਸੁੰਦਰਤਾ ਦੂਰੋਂ ਨਜ਼ਰ ਆਉਂਦੀ ਹੈ। ਮਸਲਨ ਗੋਰਾ ਰੰਗ ਤਿੱਖਾ ਨੱਕ ਚੋੜਾ ਮੱਥਾ ਲੰਬੀ ਗਰਦਨ ਉੱਚਾ ਕਦ ਕਾਠ ਭਰਵਾਂ ਚੇਹਰਾ ਛੋਟੇ ਛੋਟੇ ਬੁੱਲ ਸਫੈਦ ਮੋਤੀਆਂ ਵਰਗੇ ਦੰਦ ਲਾਲ਼ ਜਿੱਭ ਮੋਟੀਆਂ ਅੱਖਾਂ ਕੋਮਲ ਹੱਥ ਲੰਬੀਆ ਉਂਗਲਾਂ ਸਾਫ ਤੇ ਛੋਟੇ ਪੈਰ। ਸਲਿਮ ਟਰਿਮ ਸਰੀਰ ਵਗੈਰਾ ਸੁੰਦਰਤਾ ਦੀਆਂ ਨਿਸ਼ਾਨੀਆਂ ਹਨ। ਇਹੀ ਮਾਪਡੰਡ ਹੈ। ਬਾਕੀ ਸਭ ਬੇਕਾਰ ਹੈ। ਪਰ ਹਰ ਮਾਂ ਨੂੰ ਆਪਣਾ ਬੱਚਾ ਸੋਹਣਾ ਲਗਦਾ ਹੈ। ਚਾਹੇ ਉਹ ਕਾਲਾ ਕਲੂਟਾ ਅੰਨਾ ਕਾਣਾ ਯ ਜਿਹੋ ਜਿਹਾ ਵੀ ਕਿਓੰ ਨਾ ਹੋਵੇ। ਇਹ ਵੀ ਅਸਲੀਅਤ ਹੈ। ਉਸਨੂੰ ਦੂਸਰਿਆਂ ਦੇ ਰਾਜ ਕੁਮਾਰਾਂ ਨਾਲੋਂ ਆਪਣਾ ਬੱਚਾ ਹੀ ਸਭ ਤੋਂ ਸੁੰਦਰ ਦਿਖਦਾ ਹੈ।
ਪਰ ਅਸਲ ਸੁੰਦਰਤਾ ਤਨ ਦੀ ਨਹੀਂ ਮਨ ਦੀ ਹੁੰਦੀ ਹੈ ਜੋ ਚਾਹੇ ਪ੍ਰਤੱਖ ਨਜ਼ਰ ਨਹੀਂ ਆਉਂਦੀ ਪਰ ਨੀਝ ਲਾਕੇ ਵੇਖਣ ਅਤੇ ਪਰਖਣ ਤੇ ਹੀ ਨਜ਼ਰ ਆਉਂਦੀ ਹੈ। ਇਨਸਾਨ ਦਾ ਕਰਮਸ਼ੀਲ ਮਿਹਨਤੀ ਸਹਿਣਸ਼ੀਲ ਸਚਾਈ ਪਸੰਦ ਮਿਲਣਸਾਰ ਮਿੱਠ ਬੋਲਣਾ ਅਦਬੀ ਹੋਣਾ ਹੀ ਉਸਦੇ ਅਸਲ ਗਹਿਣੇ ਹਨ। ਜੋ ਆਪਣੇ ਕੰਮ ਕਾਜ ਵਿੱਚ ਨਿਪੁੰਨ ਨਾ ਹੋਵੇ ਮੀਆਂ ਮਿੱਠੂ ਗੱਪੀ ਫੁਕਰਾ ਹੋਵੇ। ਇਹ ਮਨੁੱਖੀ ਅਵਗੁਣ ਹਨ। ਇਹ੍ਹਨਾਂ ਤੋਂ ਦੂਰ ਰਹਿਣ ਵਾਲਾ ਹੀ ਅਸਲੀ ਸੁੰਦਰ ਹੈ। ਆਮ ਕਰਕੇ ਪੁਰਾਣੀਆਂ ਔਰਤਾਂ ਕਹਿ ਦਿੰਦੀਆਂ ਸੀ ਭਾਈ ਸਰੀਰ ਨਹੀਂ ਕਰਮ ਸੋਹਣੇ ਹੋਣੇ ਚਾਹੀਦੇ ਹਨ। ਨਸੀਬ ਚੰਗੇ ਹੋਣੇ ਚਾਹੀਦੇ ਹਨ। ਦੇਹਿ ਸੁੰਦਰ ਨਹੀਂ ਭਾਗ ਚੰਗੇ ਹੋਣੇ ਚਾਹੀਦੇ ਹਨ।
ਇਸ ਲਈ ਸਾਨੂੰ ਸੁੰਦਰਤਾ ਦੇ ਪੈਮਾਨੇ ਨੂੰ ਬਦਲਣ ਦੀ ਜਰੂਰਤ ਹੈ। ਸਰੀਰ ਦਾ ਸੁੰਦਰ ਹੋਣਾ ਗਲਤ ਨਹੀਂ ਪਰ ਨਾਲ ਮਨ ਦਾ ਸੁੰਦਰ ਹੋਣਾ ਲਾਜਿਮੀ ਹੈ। ਵਾਸਤਵ ਵਿਚ ਸਾਨੂੰ ਮਨ ਦੇ ਸੁੰਦਰ ਮਨੁੱਖ ਦੀ ਕਦਰ ਕਰਨੀ ਚਾਹੀਦੀ ਹੈ। ਇਹੀ ਇਕ ਚੰਗਾ ਦਸਤੂਰ ਹੈ।
#ਰਮੇਸ਼ਸੇਠੀਬਾਦਲ