ਸਰਸੇ ਆਰ ਸੀ ਹੋਟਲ ਦੀ ਜਗ੍ਹਾ ਦੇ ਨੇੜੇ ਹੀ ਇੱਕ ਰਾਧਾਸਵਾਮੀ ਵੈਸ਼ਨੂੰ ਢਾਬਾ ਹੁੰਦਾ ਸੀ। ਓਹਨਾ ਦੀ ਦਾਲ ਫਰਾਈ ਬਹੁਤ ਵਧੀਆ ਹੁੰਦੀ ਸੀ। ਸਵਾ ਰੁਪਏ ਦੀ ਦਾਲ ਫਰਾਈ ਤੇ ਪੰਝੀ ਪੈਸੇ ਦੀ ਰੋਟੀ। ਪਰ ਗਰੀਬ ਲੋਕ ਪੰਝੀ ਪੈਸੇ ਦੇ ਹਿਸਾਬ ਨਾਲ ਰੋਟੀ ਤੇ ਉਬਲੀ ਮੁਫ਼ਤ ਵਾਲੀ ਦਾਲ ਹੀ ਖਾਂਦੇ ਸਨ। ਉਹਨਾਂ ਦੇ ਸਵਾ ਰੁਪਏ ਦੀ ਠੰਡੀ ਖੀਰ ਦੀ ਪਲੇਟ ਵੀ ਮਿਲਦੀ ਸੀ। ਖੀਰ ਨੂੰ ਵੇਚਣ ਲਈ ਹੀ ਉਹ ਆਮ ਗ੍ਰਾਹਕ ਨੂੰ ਰੋਟੀ ਤੋਂ ਬਾਦ ਗੁੜ ਖੰਡ ਯ ਸੌਂਫ ਨਹੀਂ ਸੀ ਦਿੰਦੇ। ਬਾਕੀ ਉਹਨਾਂ ਦਾ ਖਾਣਾ ਪੂਰਾ ਸੁੱਧ ਤੇ ਵੈਸ਼ਨੂੰ ਹੁੰਦਾ ਸੀ। ਸਰਦਾਰ ਜੀ ਆਪ ਗੱਲੇ ਤੇ ਬੈਠਦੇ ਤੇ ਖੁਦ ਹੀ ਮਿੱਠੀ ਲੱਸੀ ਵੀ ਬਣਾਉਂਦੇ। ਓਹਨਾ ਨੇ ਕੁਝ ਕੁ ਕਮਰੇ ਵੀ ਬਣਾਏ ਹੋਏ ਸਨ ਜੋ ਬਾਹਰੋਂ ਆਉਣ ਵਾਲੇ ਏਜੇਂਟਾਂ ਯ ਮੁਲਾਜਮਾਂ ਨੂੰ ਕਿਰਾਏ ਤੇ ਦਿੱਤੇ ਜਾਂਦੇ ਸਨ।
ਕੇਰਾਂ ਅਸੀਂ ਉਹਨਾਂ ਦੇ ਢਾਬੇ ਤੇ ਰੋਟੀ ਖਾ ਰਹੇ ਸੀ। ਨਾਲ ਦੇ ਟੇਬਲ ਤੇ ਬੈਠੇ ਗ੍ਰਾਹਕ ਨੂੰ ਵੇਟਰ ਨੇ ਹੋਰ ਰੋਟੀ ਪੁੱਛੀ। ਗ੍ਰਾਹਕ ਨੇ ਉਸ ਰੋਟੀ ਨੂੰ ਹੱਥ ਲਗਾਕੇ ਵਾਪਿਸ ਕਰ ਦਿੱਤੀ ਤੇ ਦੂਸਰੀ ਕਰਾਰੀ ਰੋਟੀ ਲੈ ਲਈ। ਪਰ ਵੇਟਰ ਨੇ ਪਹਿਲੀ ਰੋਟੀ ਵੀ ਉਸ ਦੀ ਪਲੇਟ ਵਿੱਚ ਰੱਖ ਦਿੱਤੀ। ਕਿਉਂਕਿ ਵੇਟਰ ਦੇ ਕਹਿਣ ਮੁਤਾਬਿਕ ਉਹ ਰੋਟੀ ਜੂਠੀ ਹੋ ਚੁੱਕੀ ਸੀ ਤੇ ਉਹ ਕਿਸੇ ਹੋਰ ਗ੍ਰਾਹਕ ਨੂੰ ਦੇਣ ਦੇ ਕੰਮ ਦੀ ਨਹੀਂ ਰਹੀ। ਇਸੇ ਗੱਲ ਨੂੰ ਲੈ ਕੇ ਦੋਨਾਂ ਵਿਚਕਾਰ ਝਗੜਾ ਹੋ ਗਿਆ। ਖੂਬ ਹੰਗਾਮਾ ਹੋਇਆ ਆਖਿਰ ਗ੍ਰਾਹਕ ਨੂੰ ਉਸ ਅਣ ਖਾਧੀ ਰੋਟੀ ਦੇ ਪੈਸੇ ਵੀ ਚੁਕਾਉਣੇ ਪਏ। ਕੁਝ ਗ੍ਰਾਹਕ ਉਸ ਪੀੜਤ ਗ੍ਰਾਹਕ ਦਾ ਪੱਖ ਲੈ ਰਹੇ ਸਨ ਤੇ ਕੁਝ ਵੇਟਰ ਨੂੰ ਸਹੀ ਠਹਿਰਾ ਰਹੇ ਸਨ। ਚਾਹੇ ਇਹ ਗੱਲ 42 ਸਾਲ ਪੁਰਾਣੀ ਹੈ ਮੈਂ ਅਜੇ ਤੱਕ ਆਪਣਾ ਪੱਖ ਨਹੀਂ ਸੋਚ ਸਕਿਆ। ਕਿ ਕੌਣ ਗਲਤ ਤੇ ਕੌਣ ਸਹੀ ਹੈ। ਮੈਂ ਅੱਜਤੱਕ ਉਸ ਮਾਮਲੇ ਵਿਚ ਦੁਵਿਧਾ ਵਿੱਚ ਹਾਂ।
ਊਂ ਗੱਲ ਆ ਇੱਕ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ