ਗਿੱਦੜ ਤੇ ਜੱਟ | giddarh te jatt

ਇੱਕ ਵਾਰ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਮਸਾਂ ਹੀ ਉਸ ਕੋਲ ਇੱਕ ਏਕੜ ਜ਼ਮੀਨ ਸੀ। ਉਸ ਕੋਲ ਖੇਤੀ ਕਰਨ ਲਈ ਸੰਦ ਵੀ ਨਹੀਂ ਸਨ।ਇਸ ਲਈ ਉਹ ਆਪਣੇ ਖੇਤ ਵਿੱਚ ਸਬਜ਼ੀ ਬੀਜਦਾ ਤੇ ਸ਼ਹਿਰ ਵਿੱਚ ਵੇਚ ਆਉਂਦਾ। ਉਹ ਵਿਚਾਰਾ ਕਿਸਾਨ ਇਸੇ ਤਰ੍ਹਾਂ ਆਪਣਾ ਗੁਜ਼ਾਰਾ ਕਰ ਰਿਹਾ ਸੀ। ਗਰਮੀ ਦੀ ਰੁੱਤ ਸੀ ਲੂੰ ਜ਼ਿਆਦਾ ਵਗਦੀ ਸੀ ।ਕਈ ਦਿਨ ਲੂੰ ਵਗਦੀ ਰਹੀ ਜਿਸ ਕਾਰਨ ਸਬਜ਼ੀ ਦੀ ਤੋੜ ਪੈ ਗਈ। ਉਸ ਕਿਸਾਨ ਕੋਲ ਹੁਣ ਕੋਈ ਕੰਮ ਨਹੀਂ ਸੀ। ਉਹ ਕਈ ਦਿਨ ਘਰ ਹੀ ਰਹਿੰਦਾ ਰਿਹਾ।ਫਿਰ ਇੱਕ ਦਿਨ ਮੀਂਹ ਪੈ ਗਿਆ। ਮੀਂਹ ਕਾਰਨ ਸਬਜ਼ੀ ਦੁਬਾਰਾ ਲੱਗਣੀ ਸ਼ੁਰੂ ਹੋ ਗਈ। ਜੱਟ ਨੇ ਸੋਚਿਆ ਕਿ ਕਾਫ਼ੀ ਸਾਰੀ ਸਬਜ਼ੀ ਇੱਕਠੀ ਹੋ ਜਾਵੇ ਫਿਰ ਹੀ ਸ਼ਹਿਰ ਜਾਵਾਂਗਾ। ਜੱਟ ਕਈ ਦਿਨਾਂ ਬਾਅਦ ਖੇਤ ਗਿਆ ਤਾਂ ਉਸ ਨੇ ਵੇਖਿਆ ਤਾਂ ਉਸ ਦੀ ਸਬਜ਼ੀ ਦੀ ਫਸਲ ਖਰਾਬ ਹੋ ਗਈ ਸੀ।ਉਹ ਤਾਂ ਕੁਝ ਦਿਨ ਪਹਿਲਾਂ ਚੰਗੀ ਭਲੀ ਸਬਜ਼ੀ ਛੱਡ ਕੇ ਆਇਆ ਸੀ। ਹੁਣ ਉਹ ਸਬਜ਼ੀ ਕਿੱਥੇ ਚਲੀ ਗਈ ਸੀ।ਇਹ ਕਿਸੇ ਇਨਸਾਨ ਦਾ ਕੰਮ ਤਾਂ ਨਹੀਂ ਸਬਜ਼ੀ ਤੋੜੀ ਨਹੀਂ ਗਈ ਸੀ ਬਲਕਿ ਖਰਾਬ ਕੀਤੀ ਗਈ ਸੀ। ਜੱਟ ਨੇ ਇਸ ਤਰ੍ਹਾਂ ਕਈ ਦਿਨ ਹੁੰਦਾ ਵੇਖਿਆ। ਜੱਟ ਪ੍ਰੇਸ਼ਾਨ ਹੋ ਗਿਆ ਤਾਂ ਉਸ ਨੇ ਆਪਣੀ ਸਬਜ਼ੀ ਦੀ ਰਾਖੀ ਕਰਨ ਵਾਰੇ ਸੋਚਿਆ। ਉਹ ਉਸ ਦਿਨ ਘਰ ਨਾਂ ਗਿਆ ਸ਼ਾਮ ਨੂੰ ਰੋਟੀ ਪਾਣੀ ਖਾ ਕੇ ਕਿਸਾਨ ਵਾਪਿਸ ਆਪਣੇ ਖੇਤ ਆ ਗਿਆ। ਜੱਟ ਇੱਕ ਕੱਪੜਾ ਵਿਛਾ ਕੇ ਉੱਥੇ ਹੀ ਲੰਮਾਂ ਪੈ ਗਿਆ। ਜਦੋਂ ਰਾਤ ਨੂੰ ਉਸ ਨੂੰ ਕੁਝ ਖਾਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਨੇ ਉੱਠ ਕੇ ਵੇਖਿਆ ਕਿ ਇੱਕ ਗਿੱਦੜ ਕਿਸਾਨ ਦੀ ਸਬਜ਼ੀ ਖਾ ਰਿਹਾ ਸੀ। ਕਿਸਾਨ ਨੇ ਉਸ ਨੂੰ ਉੱਥੋਂ ਭਜਾ ਦਿੱਤਾ ਪ੍ਰੰਤੂ ਹੁਣ ਗਿੱਦੜ ਕਿਸਾਨ ਦੀ ਸਬਜ਼ੀ ਵਿਚ ਗਿੱਝ ਚੁੱਕਾ ਸੀ। ਉਹ ਰੋਜ਼ ਰਾਤ ਨੂੰ ਆਉਂਦਾ ਤੇ ਕਿਸਾਨ ਦੀ ਫਸਲ ਖਰਾਬ ਕਰਦਾ। ਕਿਸਾਨ ਹੁਣ ਬਹੁਤ ਪ੍ਰੇਸ਼ਾਨ ਸੀ ਉਹ ਗਿੱਦੜ ਦਾ ਕੋਈ ਹੱਲ ਲੱਭਣਾ ਚਾਹੁੰਦਾ ਸੀ। ਹੁਣ ਤਾਂ ਗਿੱਦੜ ਦਿਨ ਵੇਲੇ ਵੀ ਕਿਸਾਨ ਦੀ ਸਬਜ਼ੀ ਵਿਚ ਆ ਵੜਦਾ ਤੇ ਸਬਜ਼ੀ ਖਰਾਬ ਕਰਦਾ। ਇੱਕ ਦਿਨ ਉਸ ਕਿਸਾਨ ਨੇ ਕਿਸੇ ਹੋਰ ਕਿਸਾਨ ਕੋਲੋਂ ਮੱਦਦ ਮੰਗੀ ਤਾਂ ਉਸ ਕਿਸਾਨ ਨੇ ਉਸ ਨੂੰ ਇੱਕ ਪਿੰਜਰਾ ਦਿੱਤਾ ਤੇ ਉਸ ਨੂੰ ਖੇਤ ਵਿੱਚ ਲਾਉਣ ਲਈ ਕਿਹਾ। ਕਿਸਾਨ ਨੇ ਰਾਤ ਨੂੰ ਉਹ ਪਿੰਜਰਾ ਖੇਤ ਵਿੱਚ ਲਗਾ ਦਿੱਤਾ ਤੇ ਆਪ ਛੁੱਪ ਕੇ ਬੈਠ ਗਿਆ। ਜਦੋਂ ਰਾਤ ਨੂੰ ਗਿੱਦੜ ਕਿਸਾਨ ਦੀ ਸਬਜ਼ੀ ਖਾਣ ਲਈ ਆਇਆ ਤਾਂ ਉਸ ਗਿੱਦੜ ਦੀ ਇੱਕ ਲੱਤ ਪਿੰਜਰੇ ਵਿਚ ਫਸ ਗਈ। ਕਿਸਾਨ ਬਹੁਤ ਖੁਸ਼ ਸੀ ਉਹ ਸੋਚ ਰਿਹਾ ਸੀ ਕਿ ਮੈਂ ਹੁਣ ਇਸ ਗਿੱਦੜ ਨੂੰ ਫੜ ਕੇ ਕਿਤੇ ਦੂਰ ਪਰੇ ਛੱਡ ਆਵਾਂਗਾ। ਕਿਸਾਨ ਸਵੇਰੇ ਆਪਣੇ ਘਰ ਚਲਾ ਗਿਆ ਤੇ ਕਹਿਣ ਲੱਗਾ ਕਿ ਉਹ ਆਪਣੇ ਬੱਚਿਆਂ ਨੂੰ ਹੁਣ ਨਾਲ ਲੈ ਆਵੇਗਾ ਤੇ ਆਪਣੇ ਬੱਚਿਆਂ ਨੂੰ ਗਿੱਦੜ ਨੂੰ ਕਾਬੂ ਕੀਤਾ ਹੋਇਆ ਵਿਖਾਵੇਗਾ। ਜਦੋਂ ਜੱਟ ਸਵੇਰੇ ਰੋਟੀ ਪਾਣੀ ਖਾ ਕੇ ਵਾਪਿਸ ਆਇਆ ਤਾਂ ਆਪਣੇ ਬੱਚਿਆਂ ਨੂੰ ਦੂਰ ਤੋਂ ਹੀ ਦੱਸਣ ਲੱਗਾ ਕਿ ਔਹ ਬੈਠਾ ਹੈ ਗਿੱਦੜ ਇਸ ਨੇ ਮੈਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ ਹੁਣ ਇਸ ਦੀ ਖੈਰ ਨਹੀਂ।ਇਹ ਸਭ ਕੁੱਝ ਇੱਕ ਕਾਂ ਇੱਕ ਦਰਖ਼ਤ ਦੀ ਟਾਹਣੀ ਤੇ ਬੈਠਾ ਵੇਖ ਰਿਹਾ ਸੀ। ਉਸ ਨੇ ਵੇਖਿਆ ਕਿ ਹੁਣ ਗਿੱਦੜ ਦੀ ਜਾਨ ਨੂੰ ਖਤਰਾ ਹੈ ਕਿਸਾਨ ਤਾਂ ਇਸ ਨੂੰ ਮਾਰ ਹੀ ਦੇਵੇਗਾ। ਗਿੱਦੜ ਉੱਚੀ – ਉੱਚੀ ਰੋ ਰਿਹਾ ਸੀ ਤਾਂ ਕਾਂ ਉਸ ਦੇ ਕੋਲ ਆਇਆ ਤੇ ਗਿੱਦੜ ਨੂੰ ਕਹਿਣ ਲੱਗਾ ਕਿ ਮੈਂ ਤੇਰੀ ਮੱਦਦ ਕਰ ਸਕਦਾ ਹਾਂ। ਗਿੱਦੜ ਨੇ ਕਾਂ ਨੂੰ ਕਿਹਾ ਕਿ ਹੁਣ ਤੂੰ ਮੇਰੀ ਕੀ ਮੱਦਦ ਕਰੇਗਾ ਜੱਟ ਤਾਂ ਔਹ ਆ ਰਿਹਾ ਏ ਉਸ ਨੇ ਤਾਂ ਮੈਨੂੰ ਆਉਂਦਿਆਂ ਹੀ ਮਾਰ ਦੇਣਾ ਹੈ ਕਿਉਂਕਿ ਕਿਸਾਨ ਨੂੰ ਕਾਫੀ ਗੁੱਸਾ ਹੈ ਮੇਰੇ ਤੇ ਪਰ ਮੈਂ ਵੀ ਕੀ ਕਰਦਾ ਭੁੱਖਾ ਸੀ ਮੈਂ ਤੇ ਖੇਤਾਂ ਵਿੱਚ ਹੋਰ ਹੈ ਵੀ ਕੀ ਖਾਣ ਲਈ। ਕਾਂ ਨੇ ਗਿੱਦੜ ਦੀ ਗੱਲ ਸੁਣੀ ਤੇ ਉਸ ਨੂੰ ਕਿਹਾ ਕਿ ਤੂੰ ਹੁਣ ਸਾਂਹ ਘੁੱਟ ਕੇ ਪੈ ਜਾ ਬਾਕੀ ਮੈਂ ਸਭ ਕੁਝ ਸਾਂਭ ਲਵਾਂਗਾ। ਜਦੋਂ ਕਿਸਾਨ ਗਿੱਦੜ ਦੇ ਕੋਲ ਆਇਆ ਤਾਂ ਉਸ ਨੇ ਵੇਖਿਆ ਕਿ ਸ਼ਾਇਦ ਗਿੱਦੜ ਮਰ ਚੁੱਕਾ ਹੈ। ਕਿਸਾਨ ਨੇ ਉਸ ਦੀ ਲੱਤ ਪਿੰਜਰੇ ਵਿਚੋਂ ਬਾਹਰ ਕੱਢ ਦਿੱਤੀ ਤੇ ਆਪ ਉਸ ਨੂੰ ਦੱਬਣ ਲਈ ਇੱਕ ਟੋਆ ਪੁੱਟਣ ਲੱਗ ਪਿਆ। ਕਾਂ ਨੇ ਵੇਖਿਆ ਕਿ ਹੁਣ ਗਿੱਦੜ ਆਜ਼ਾਦ ਹੈ ਤੇ ਹੁਣ ਉਹ ਉੱਥੋਂ ਭੱਜਣ ਵਿਚ ਕਾਮਯਾਬ ਹੋ ਸਕਦਾ ਹੈ ਤਾਂ ਕਾਂ ਜੱਟ ਦੇ ਛੋਟੇ – ਛੋਟੇ ਬੱਚਿਆਂ ਕੋਲ ਗਿਆ ਤੇ ਉਹਨਾਂ ਦੇ ਸਿਰ ਵਿਚ ਚੁੰਜਾਂ ਮਾਰਨ ਲੱਗ ਪਿਆ ਬੱਚੇ ਉੱਚੀ -ਉੱਚੀ ਚੀਕਾਂ ਮਾਰਨ ਲੱਗ ਪਏ ਤੇ ਕਹਿਣ ਲੱਗੇ ਹਾਏ ਬਾਪੂ ਕਾਂ ਖਾ ਗਿਆ ਹਾਏ ਬਾਪੂ ਕਾਂ ਖਾ ਗਿਆ ਜੱਟ ਆਪਣੇ ਬੱਚਿਆਂ ਵਿੱਚ ਉੱਲਝ ਗਿਆ ਤੇ ਗਿੱਦੜ ਉੱਥੋਂ ਭੱਜ ਗਿਆ। ਗਿੱਦੜ ਨੇ ਕਾਂ ਦਾ ਧੰਨਵਾਦ ਕੀਤਾ ਤੇ ਅੱਗੇ ਤੋਂ ਕਿਸਾਨ ਦੀ ਫਸਲ ਖਰਾਬ ਕਰਨ ਦੀ ਤੌਬਾ ਕੀਤੀ। ਧੰਨਵਾਦ ਜੀ।ਇਹ ਕਹਾਣੀ ਮੁਕਾਬਲੇ ਲਈ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਿਵੇਂ ਦੀ ਲੱਗੀ ਤਾਂ ਜੋ ਮੈਨੂੰ ਹੋਰ ਕਹਾਣੀਆਂ ਲਿਖਣ ਦਾ ਹੌਸਲਾ ਮਿਲੇ ਮੈਂ ਪਹਿਲੀ ਵਾਰ ਕਹਾਣੀਆਂ ਲਿਖਣ ਦਾ ਕੰਮ ਸ਼ੁਰੂ ਕੀਤਾ ਹੈ ਜੀ।

Leave a Reply

Your email address will not be published. Required fields are marked *