ਫੋਨ ਆਇਆ..ਨਾਲਦੀ ਪੁੱਛ ਰਹੀ ਸੀ..ਘਰੇ ਕਦੋਂ ਆਉਂਣਾ?
ਆਖਿਆ ਅਜੇ ਕੋਈ ਪਤਾ ਨੀ..ਪੁੱਛਣ ਲੱਗੀ..ਰੋਟੀ ਖਾਦੀ ਏ ਕੇ ਨਹੀਂ?
ਐਵੇ ਆਖ ਦਿੱਤਾ..ਹਾਂ ਖਾ ਲਈ ਏ!
ਪਾਈ ਹੋਈ ਵਰਦੀ ਨਾਲੋਂ ਮੂੰਹ ਤੇ ਲਾਇਆ ਮਾਸਕ ਜਿਆਦਾ ਤੰਗੀ ਦੇ ਰਿਹਾ ਸੀ!
ਅਚਾਨਕ ਸਾਮਣੇ ਵਾਲੇ ਘਰ ਦਾ ਬੂਹਾ ਖੁਲਿਆ..ਦੋ ਜਵਾਕ ਬਾਹਰ ਆਏ!
ਮੈਂ ਡੰਡਾ ਜ਼ੋਰ ਦੀ ਥੱਲੇ ਮਾਰਿਆ ਤੇ ਅਵਾਜ ਦਿੱਤੀ..ਓਏ ਅੰਦਰ ਵੜ ਜੋ..ਤੁਹਾਨੂੰ ਨੀ ਪਤਾ ਕਰਫ਼ਿਯੂ ਲੱਗਿਆ..ਤੁਸੀਂ ਫੇਰ ਬਾਹਰ ਨੂੰ ਆ ਗਏ!
ਪਰ ਉਹ ਨਾ ਰੁਕੇ..ਕੋਲ ਆਏ..ਇੱਕ ਨੇ ਪੋਣੇ ਨਾਲ ਢੱਕੀ ਥਾਲੀ ਫੜਾ ਦਿੱਤੀ ਤੇ ਦੂਜੇ ਨੇ ਪਾਣੀ ਦੀ ਬੋਤਲ..!
ਨਿੱਕੀ ਆਖਣ ਲੱਗੀ..ਮੰਮੀ ਆਖਦੀ ਸੀ ਉਹ ਸਾਮਣੇ ਖਲੋਤਾ ਅੰਕਲ ਸੁਵੇਰ ਦਾ ਡਯੂਟੀ ਦੇ ਰਿਹਾ..ਉਸਨੇ ਕੁਝ ਨੀ ਖਾਦਾ ਪੀਤਾ..ਭੁੱਖਾ ਏ..ਜਾਓ ਰੋਟੀ ਦੇ ਆਓ!
ਮੈਂ ਪੋਣਾ ਚੁੱਕਿਆ..ਚਾਰ ਫੁਲਕੇ..ਇੱਕ ਸਬਜੀ..ਅੰਬ ਦਾ ਅਚਾਰ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ..!
ਤਾਜੀ ਬਣੀ ਰੋਟੀ ਦੀ ਮਿੱਠੀ-ਮਿੱਠੀ ਖੁਸ਼ਬੋ ਫਿਜ਼ਾ ਵਿਚ ਫ਼ੈਲ ਗਈ..ਕਿੰਨੇ ਚਿਰ ਤੋਂ ਕੋਲ ਸੁੱਤਾ ਪਿਆ ਨਿੱਕਾ ਜਿਹਾ ਕਤੂਰਾ ਵੀ ਜਾਗ ਗਿਆ ਤੇ ਕੋਲ ਆ ਪੂਛਲ ਹਿਲਾਉਣ ਲੱਗ ਪਿਆ..ਇੱਕ ਉਸਨੂੰ ਪਾ ਦਿੱਤੀ ਤੇ ਬਾਕੀ ਦੀਆਂ ਆਪ ਖਾ ਲਈਆਂ..!
ਭੁੱਖ ਨਾਲ ਬੁਰੀ ਤਰਾਂ ਪ੍ਰੇਸ਼ਾਨ ਦੋ ਰੂਹਾਂ ਹੁਣ ਪੂਰੀ ਤਰਾਂ ਸ਼ਾਂਤ ਹੋ ਚੁਕੀਆਂ ਸਨ ਤੇ ਨਿੱਕੇ ਨਿੱਕੇ ਹੱਥਾਂ ਵਾਲੇ ਦੋ ਰੱਬ ਇਨਸਾਨੀਅਤ ਦਾ ਹੋਕਾ ਦੇ ਕੇ ਵਾਪਿਸ ਪਰਤ ਚੁਕੇ ਸਨ!
ਹਰਪ੍ਰੀਤ ਸਿੰਘ ਜਵੰਦਾ