ਰਾਜਵੀਰ ਨੂੰ ਮਿਲਿਆ ਸਬਕ਼ | rajvir nu milya sabak

ਦੀਪੀ ਅਤੇ ਸਿਮਰਨ ਦੋਵੇਂ ਦਸਵੀਂ ਕਲਾਸ ਵਿੱਚ ਪੜਦੀਆਂ ਸਨ। ਉਹ ਦੋਵੇਂ ਬਹੁਤ ਪੱਕੀਆਂ ਸਹੇਲੀਆਂ ਸਨ। ਦੋਵੇਂ ਭੈਣਾਂ ਵਾਂਗ ਰਹਿੰਦੀਆਂ ਸਨ। ਸਿਮਰਨ ਦੇ ਪਿਤਾ ਜੀ ਬਿਜਲੀ ਮਹਿਕਮੇ ਵਿੱਚ ਲਾਈਨ ਮੈਨ ਸਨ। ਉਹਨਾਂ ਦੀ ਚੰਗੀ ਤਨਖਾਹ ਸੀ ਅਤੇ ਦੂਜੇ ਪਾਸੇ ਦੀਪੀ ਦੇ ਪਾਪਾ ਜੀ ਇੱਕ ਕਿਸਾਨ ਸਨ। ਦੀਪੀ ਦੇ ਦੋ ਛੋਟੀਆਂ ਭੈਣਾਂ ਵੀ ਸਨ। ਪਰਿਵਾਰ ਵੱਡਾ ਹੋਣ ਕਰਕੇ ਦੀਪੀ ਦੇ ਪਾਪਾ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਕਰਦੇ ਸਨ। ਦੂਜੇ ਪਾਸੇ ਸਿਮਰਨ ਅਤੇ ਰਾਜਵੀਰ ਦੋਵੇਂ ਭੈਣ ਭਰਾ ਸਨ। ਸਿਮਰਨ ਦਾ ਭਰਾ ਸਿਮਰਨ ਤੋਂ ਕੁਝ ਸਾਲ ਵੱਡਾ ਸੀ।ਉਹ ਸਕੂਲ ਵਿੱਚੋਂ +2 ਕਰਕੇ ਹੁਣ ਸ਼ਹਿਰ ਵਿੱਚ ਕਿਸੇ ਕਾਲਜ ਵਿੱਚ ‍ ਦਾਖਿਲ ਹੋ ਗਿਆ ਸੀ। ਸਨਿੱਚਰਵਾਰ ਦਾ ਦਿਨ ਸੀ ਦੀਪੀ ਨੂੰ ਉਸ ਦਿਨ ਬਹੁਤ ਜ਼ਿਆਦਾ ਬੁਖਾਰ ਸੀ ਤੇ ਉਹ ਉਸ ਦਿਨ ਸਕੂਲ ਵੀ ਨਹੀਂ ਗਈ। ਅਗਲੇ ਦਿਨ ਐਤਵਾਰ ਨੂੰ ਦੀਪੀ ਨੇ ਸੋਚਿਆ ਕਿ ਮੈਂ ਸਿਮਰਨ ਤੋਂ ਸਕੂਲ ਦਾ ਕੰਮ ਪੁੱਛ ਆਵਾਂ ਨਹੀਂ ਤਾਂ ਟੀਚਰਾਂ ਦੀ ਮਾਰ ਖਾਣੀ ਪਵੇਗੀ। ਦੀਪੀ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਇਸ ਲਈ ਉਹ ਸਕੂਲ ਦੇ ਕੰਮ ਤੋਂ ਨੱਕ ਨਹੀਂ ਵੱਟਦੀ ਸੀ।ਹਰ ਰੋਜ਼ ਦੀਪੀ ਦਾ ਕੰਮ ਪੂਰਾ ਹੁੰਦਾ ਸੀ। ਦੀਪੀ ਦੇ ਘਰ ਫੋਨ ਵੀ ਨਹੀਂ ਸੀ।ਇਸ ਲਈ ਦੀਪੀ ਨੂੰ ਸਿਮਰਨ ਦੇ ਘਰ ਆਉਣਾ ਪਿਆ। ਉਹ ਆਪਣੀ ਛੋਟੀ ਭੈਣ ਨੂੰ ਨਾਲ ਲੈ ਕੇ ਸਿਮਰਨ ਦੇ ਘਰ ਨੂੰ ਚੱਲ ਪਈ ਸਿਮਰਨ ਦਾ ਘਰ ਦੀਪੀ ਦੇ ਘਰ ਤੋਂ ਕਾਫੀ ਦੂਰ ਸੀ। ਦੀਪੀ ਕਈ ਵਾਰ ਸਿਮਰਨ ਦੇ ਘਰ ਆ ਚੁੱਕੀ ਸੀ। ਸਿਮਰਨ ਦੇ ਪਾਪਾ ਜੀ ਦੀਪੀ ਨੂੰ ਸਿਮਰਨ ਵਾਂਗ ਹੀ ਪਿਆਰ ਕਰਦੇ ਸਨ। ਉਹ ਜਦੋਂ ਸਿਮਰਨ ਲਈ ਕਾਪੀਆਂ ਕਿਤਾਬਾਂ ਲੈ ਕੇ ਆਉਂਦੇ ਤਾਂ ਉਹ ਨਾਲ ਦੀਪੀ ਲਈ ਵੀ ਲੈ ਕੇ ਆਉਂਦੇ। ਦੀਪੀ ਸਿਮਰਨ ਦੇ ਘਰ ਤੋਂ ਥੋੜ੍ਹੀ ਦੂਰ ਹੀ ਆ ਰਹੀ ਸੀ ਕਿ ਉੱਥੇ ਰਾਜਵੀਰ ਕਈ ਮੁੰਡਿਆਂ ਨਾਲ ਖਲੋਤਾ ਹੋਇਆ ਸੀ। ਰਾਜਵੀਰ ਅਤੇ ਉਸ ਦੇ ਦੋਸਤਾਂ ਨੇ ਦੀਪੀ ਨੂੰ ਕੁਝ ਪੁੱਠਾ ਸਿੱਧਾ ਬੋਲਿਆ ਤਾਂ ਦੀਪੀ ਉੱਥੋਂ ਰੋਂਦੀ ਹੋਈ ਭੱਜ ਲਈ ਤੇ ਸਿਮਰਨ ਦੇ ਘਰ ਆ ਗਈ।ਉਹ ਸਿਮਰਨ ਕੋਲ ਆ ਕੇ ਬਹੁਤ ਰੋਈ ਸਿਮਰਨ ਦੇ ਪੁੱਛਣ ਤੇ ਦੀਪੀ ਨੇ ਉਸ ਨੂੰ ਦੱਸਿਆ ਕਿ ਕੁੱਝ ਮੁੰਡਿਆਂ ਨੇ ਉਸ ਨੂੰ ਛੇੜਿਆ ਹੈ ਤੇ ਕਾਫੀ ਅਨਾਪ ਛਨਾਪ ਬੋਲਿਆ ਹੈ। ਸਿਮਰਨ ਨੇ ਦੀਪੀ ਨੂੰ ਚੁੱਪ ਕਰਵਾਇਆ ਤੇ ਉਸ ਲਈ ਪਾਣੀ ਲੈਣ ਚਲੀ ਗਈ। ਜਦੋਂ ਦੀਪੀ ਨੇ ਰੋਂਦਿਆਂ – ਰੋਂਦਿਆਂ ਉੱਪਰ ਵੇਖਿਆ ਤਾਂ ਕਮਰੇ ਵਿਚ ਰਾਜਵੀਰ ਦੀ ਤਸਵੀਰ ਲੱਗੀ ਹੋਈ ਸੀ। ਸਿਮਰਨ ਪਾਣੀ ਲੈ ਕੇ ਕਮਰੇ ਵਿੱਚ ਵਾਪਿਸ ਆਈ ਤਾਂ ਦੀਪੀ ਨੇ ਸਿਮਰਨ ਨੂੰ ਪੁੱਛਿਆ ਕਿ ਇਹ ਤਸਵੀਰ ਵਾਲਾ ਮੁੰਡਾ ਕੌਣ ਹੈ ਇਸੇ ਨੇ ਮੈਨੂੰ ਛੇੜਿਆ ਹੈ।ਇਹੋ ਜਿਹੇ ਮੁੰਡੇ ਦੀ ਤਸਵੀਰ ਤੁਸੀਂ ਆਪਣੇ ਘਰ ਕਿਉਂ ਲਗਾਈ ਹੈ।ਇਹ ਸਭ ਕੁਝ ਸੁਣ ਕੇ ਸਿਮਰਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਉਸ ਨੇ ਦੀਪੀ ਨੂੰ ਦੱਸਿਆ ਕਿ ਇਹ ਤਾਂ ਉਸ ਦੇ ਭਰਾ ਦੀ ਤਸਵੀਰ ਹੈ ਉਸ ਨੇ ਕਾਲਜ ਵਿੱਚ ਖਿਚਵਾਈ ਹੈ ਅਜੇ ਕੱਲ੍ਹ ਹੀ ਕਮਰੇ ਵਿਚ ਲਗਵਾਈ ਹੈ। ਸਿਮਰਨ ਨੇ ਦੀਪੀ ਨੂੰ ਕਿਹਾ ਕਿ ਉਹ ਇਹ ਸਭ ਕੁੱਝ ਆਪਣੀ ਮਾਂ ਕੋਲ ਦੱਸੇਗੀ ਫਿਰ ਮੰਮੀ ਪਾਪਾ ਹੀ ਰਾਜਵੀਰ ਨੂੰ ਸਬਕ ਸਿਖਾਉਣਗੇ।ਪਰ ਦੀਪੀ ਡਰ ਗਈ ਸੀ ਉਹ ਸਿਮਰਨ ਅੱਗੇ ਹੱਥ ਜੋੜਨ ਲੱਗ ਪਈ ਉਹ ਕਹਿਣ ਲੱਗੀ ਕਿ ਜੇਕਰ ਗੱਲ ਬਾਹਰ ਸਮਾਜ ਵਿਚ ਚਲੀ ਗਈ ਤਾਂ ਸਾਡੀ ਕੋਈ ਇੱਜ਼ਤ ਨਹੀਂ ਰਹਿਣੀ। ਸਾਨੂੰ ਤਾਂ ਕੁੜੀਆਂ ਹੋਣ ਕਰਕੇ ਕੋਈ ਪਹਿਲਾਂ ਹੀ ਜਿਉਣ ਨਹੀਂ ਦਿੰਦਾ ਲੋਕ ਮੇਰੀ ਮਾਂ ਨੂੰ ਪਹਿਲਾਂ ਹੀ ਧੀਆਂ ਜੰਮਣ ਤੇ ਤਾਹਨੇ ਮਾਰਦੇ ਰਹਿੰਦੇ ਨੇ ਫਿਰ ਸਾਨੂੰ ਕਿਸੇ ਨੇ ਨਹੀਂ ਬੁਲਾਉਣਾ ਜੇ ਮੈਨੂੰ ਇਹ ਪਤਾ ਹੁੰਦਾ ਕਿ ਰਾਜਵੀਰ ਆਪਣਾ ਭਾਈ ਹੈ ਤਾਂ ਮੈਂ ਇਹ ਗੱਲ ਤੇਰੇ ਕੋਲ ਵੀ ਨਹੀਂ ਸੀ ਦੱਸਦੀ। ਦੀਪੀ ਇਹ ਸਭ ਕੁੱਝ ਕਹਿੰਦੀ ਹੋਈ ਬਹੁਤ ਰੋ ਰਹੀ ਸੀ। ਸਿਮਰਨ ਨੇ ਦੀਪੀ ਨੂੰ ਕਿਹਾ ਕਿ ਜੇਕਰ ਅੱਜ ਰਾਜਵੀਰ ਨੂੰ ਸਬਕ ਨਾ ਮਿਲਿਆ ਤਾਂ ਉਹ ਅੱਗੇ ਤੋਂ ਵੀ ਇਹੋ ਜਿਹੀਆਂ ਹਰਕਤਾਂ ਕਰਦਾ ਹੀ ਰਹੇਗਾ ਇਸ ਲਈ ਉਸ ਨੂੰ ਸਬਕ ਸਿਖਾਉਣਾ ਹੀ ਪਵੇਗਾ। ਸਿਮਰਨ ਨੇ ਦੀਪੀ ਨੂੰ ਕਿਹਾ ਕਿ ਤੂੰ ਮੈਨੂੰ ਆਪਣੇ ਕੱਪੜੇ ਤੇ ਚੁੰਨੀ ਦੇ ਤੇ ਤੂੰ ਮੇਰੇ ਕੱਪੜੇ ਪਾ ਲੈ। ਉਹਨਾਂ ਨੇ ਆਪਸ ਵਿੱਚ ਕੱਪੜੇ ਬਦਲ ਲਏ ਤੇ ਸਿਮਰਨ ਨੇ ਦੀਪੀ ਨੂੰ ਕਿਹਾ ਕਿ ਤੂੰ ਇੱਥੇ ਹੀ ਬੈਠ ਮੈਂ ਹੁਣੇ ਆਉਂਦੀ ਹਾਂ। ਸਿਮਰਨ ਦੀਪੀ ਦੀ ਭੈਣ ਨੂੰ ਨਾਲ ਲੈ ਕੇ ਬਾਹਰ ਚਲੀ ਗਈ। ਸਿਮਰਨ ਨੇ ਚੁੰਨੀ ਦੀ ਬੁੱਕਲ ਚੰਗੀ ਤਰ੍ਹਾਂ ਮਾਰੀ ਹੋਈ ਸੀ ਤਾਂ ਕਿ ਕਿਸੇ ਨੂੰ ਉਸ ਦੀ ਪਹਿਚਾਣ ਨਾ ਆ ਸਕੇ। ਜਦੋਂ ਸਿਮਰਨ ਉਨ੍ਹਾਂ ਮੁੰਡਿਆਂ ਕੋਲ ਦੀ ਲੰਘਣ ਲੱਗੀ ਤਾਂ ਰਾਜਵੀਰ ਨੇ ਸਿਮਰਨ ਦੀ ਬਾਂਹ ਫੜ ਲਈ ਤੇ ਉਸ ਨੂੰ ਉਸ ਦਾ ਹਾਲਚਾਲ ਪੁੱਛਣ ਲੱਗਾ ਜਦੋਂ ਰਾਜਵੀਰ ਨੇ ਸਿਮਰਨ ਨੂੰ ਦੀਪੀ ਸਮਝ ਕੇ ਕਿਹਾ ਕਿ ਕਿਵੇਂ ਓ ਸੋਹਣਿਓਂ ਤਾਂ ਸਿਮਰਨ ਨੇ ਆਪਣੇ ਮੂੰਹ ਤੋਂ ਚੁੰਨੀ ਪਰੇ ਕਰ ਕੇ ਰਾਜਵੀਰ ਨੂੰ ਕਿਹਾ ਕਿ ਮੈਂ ਤਾਂ ਠੀਕ ਹਾਂ ਵੀਰੇ ਤੂੰ ਦੱਸ ਤੇ ਰਾਜਵੀਰ ਦੇ ਮੂੰਹ ਤੇ ਜ਼ੋਰ ਦੀ ਚਮਾਟਾ ਮਾਰ ਦਿੱਤਾ। ਇਹ ਸਭ ਕੁੱਝ ਰਾਜਵੀਰ ਨੂੰ ਸਮਝ ਨਾ ਆਇਆ ਤੇ ਉਹ ਰੋਣ ਲੱਗਾ ਤੇ ਸੋਚਣ ਲੱਗਾ ਕਿ ਉਸ ਨੇ ਉਸ ਸਮੇਂ ਵੀ ਆਪਣੀ ਹੀ ਭੈਣ ਨੂੰ ਛੇੜਿਆ ਸੀ। ਉਸ ਤੋਂ ਇਹ ਸਦਮਾ ਬਰਦਾਸ਼ਤ ਨਹੀਂ ਹੋਇਆ ਤੇ ਉਹ ਉੱਥੋਂ ਭੱਜ ਗਿਆ। ਜਦੋਂ ਸਿਮਰਨ ਦੇ ਪਾਪਾ ਘਰ ਆਏ ਤਾਂ ਸਿਮਰਨ ਨੇ ਇਹ ਸਾਰੀ ਕਹਾਣੀ ਆਪਣੇ ਮੰਮੀ ਪਾਪਾ ਨੂੰ ਦੱਸੀ। ਰਾਜਵੀਰ ਦੀ ਇਸ ਹਰਕਤ ਤੋਂ ਸਾਰੇ ਹੀ ਪ੍ਰੇਸ਼ਾਨ ਸਨ।ਪਰ ਸਿਮਰਨ ਨੂੰ ਉਸ ਦੇ ਪਾਪਾ ਨੇ ਗਲ ਨਾਲ ਲਾ ਲਿਆ ਤੇ ਬਹੁਤ ਸ਼ਾਬਾਸ਼ੀ ਦਿੱਤੀ ਤੇ ਕਿਹਾ ਕਿ ਅੱਜ ਤੋਂ ਬਾਅਦ ਰਾਜਵੀਰ ਇਹੋ ਜਿਹੀ ਹਰਕਤ ਕਰਨ ਲੱਗਾ ਸੌ ਵਾਰ ਸੋਚੇਗਾ। ਉਸ ਰਾਤ ਰਾਜਵੀਰ ਘਰ ਨਹੀਂ ਆਇਆ ਰਾਜਵੀਰ ਦੇ ਪਾਪਾ ਜੀ ਨੇ ਉਸ ਦੇ ਦੋਸਤਾਂ ਨੂੰ ਫੋਨ ਕਰਕੇ ਪੁੱਛਿਆ ਤਾਂ ਉਹ ਇੱਕ ਦੋਸਤ ਦੇ ਘਰ ਹੀ ਰੁਕਿਆ ਹੋਇਆ ਸੀ। ਅਗਲੇ ਦਿਨ ਵੀ ਰਾਜਵੀਰ ਘਰ ਨਾਂ ਆਇਆ ਤਾਂ ਉਸ ਦੀ ਸਾਰਿਆਂ ਨੂੰ ਫ਼ਿਕਰ ਹੋਣ ਲੱਗੀ। ਜਦੋਂ ਫਿਰ ਰਾਤ ਹੋ ਗਈ ਤਾਂ ਰਾਜਵੀਰ ਦੇ ਪਾਪਾ ਨੇ ਉਸ ਦੇ ਦੋਸਤਾਂ ਨੂੰ ਫੋਨ ਕਰਕੇ ਪੁੱਛਿਆ ਤਾਂ ਰਾਜਵੀਰ ਉਸ ਦਿਨ ਕਿਸੇ ਦੇ ਵੀ ਘਰ ਨਹੀਂ ਸੀ। ਰਾਜਵੀਰ ਦੇ ਪਾਪਾ ਨੇ ਉਸ ਦੀ ਭਾਲ ਟੋਲ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਾਰੇ ਪਿੰਡ ਵਿੱਚ ਤੇ ਪਿੰਡ ਦੇ ਆਸੇ ਪਾਸੇ ਵੀ ਵੇਖਿਆ ਤਾਂ ਹੁਣ ਉਨ੍ਹਾਂ ਨੂੰ ਫ਼ਿਕਰ ਹੋਣ ਲੱਗੀ ਸੀ ਕਿ ਕਿਤੇ ਰਾਜਵੀਰ ਨੇ ਸ਼ਰਮ ਦੇ ਮਾਰੇ ਕੋਈ ਗ਼ਲਤ ਕਦਮ ਤਾਂ ਨਹੀਂ ਚੁੱਕ ਲਿਆ। ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕ ਕੰਮ ਕਰਕੇ ਘਰ ਵਾਪਿਸ ਆ ਰਹੇ ਸਨ ਇੱਕ ਮੁੰਡਾ ਸਾਈਕਲ ਤੇ ਆ ਰਿਹਾ ਸੀ ਤਾਂ ਉਸ ਨੇ ਰਾਜਵੀਰ ਦੇ ਪਾਪਾ ਨੂੰ ਦੱਸਿਆ ਕਿ ਰਾਜਵੀਰ ਨਹਿਰ ਦੇ ਕੰਢੇ ਤੇ ਬੈਠਾ ਰੋ ਰਿਹਾ ਹੈ ਉਸ ਨੇ ਸ਼ਰਾਬ ਵੀ ਪੀਤੀ ਹੋਈ ਹੈ।ਇਹ ਸੁਣ ਕੇ ਰਾਜਵੀਰ ਦੇ ਪਾਪਾ ਦੇ ਹੋਸ਼ ਉੱਡ ਗਏ ਉਹ ਕਹਿਣ ਲੱਗੇ ਕਿ ਹੁਣ ਆਹ ਕਸਰ ਬਾਕੀ ਸੀ।ਉਹ ਰਾਜਵੀਰ ਨੂੰ ਵਿਡਾ ਤਿਰਾ ਕੇ ਘਰ ਲੈ ਆਏ। ਜਦੋਂ ਰਾਜਵੀਰ ਘਰ ਆਇਆ ਤਾਂ ਉਸ ਨੂੰ ਚੰਗੀ ਤਰ੍ਹਾਂ ਸੁਰਤ ਨਹੀਂ ਸੀ ਇਸ ਲਈ ਸਿਮਰਨ ਨੇ ਉਸ ਨਾਲ ਸਵੇਰੇ ਗੱਲ ਕਰਨ ਵਾਰੇ ਸੋਚਿਆ। ਜਦੋਂ ਸਵੇਰੇ ਰਾਜਵੀਰ ਉਠਿਆ ਤਾਂ ਉਸ ਨੇ ਵੇਖਿਆ ਕਿ ਦੀਪੀ ਵੀ ਉਨ੍ਹਾਂ ਦੇ ਘਰ ਹੀ ਬੈਠੀ ਹੋਈ ਸੀ। ਰਾਜਵੀਰ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਸੀ ਆ ਰਿਹਾ। ਸਿਮਰਨ ਅਤੇ ਦੀਪੀ ਦੋਵੇਂ ਰਾਜਵੀਰ ਦੇ ਕੋਲ ਚਲੀਆਂ ਗਈਆਂ ਤੇ ਸਿਮਰਨ ਨੇ ਰਾਜਵੀਰ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਕਿ ਵੀਰੇ ਤੂੰ ਹਰ ਸਾਲ ਮੈਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਤੈਨੂੰ ਦੋ ਰੱਖੜੀਆਂ ਕਿਊਂ ਬੰਨਦੀ ਸੀ ਇੱਕ ਰੱਖੜੀ ਦੀਪੀ ਹਰ ਸਾਲ ਆਪਣੇ ਘਰ ਲੈਕੇ ਆਉਂਦੀ ਸੀ ਤੇਰੇ ਗੁੱਟ ਤੇ ਬੰਨਣ ਲਈ ਪਰ ਤੂੰ ਉਸ ਨੂੰ ਕਦੇ ਵੀ ਘਰ ਨਹੀਂ ਸੀ ਮਿਲਿਆ। ਮਾਂ ਉਸ ਤੋਂ ਰੱਖੜੀ ਫ਼ੜ ਲੈਂਦੀ ਸੀ ਤੇ ਉਸ ਨੂੰ ਨੇਕ ਦਿੰਦੀ ਸੀ ਤੇ ਵੀਰੇ ਉਹੀ ਰੱਖੜੀ ਮੈਂ ਤੇਰੇ ਗੁੱਟ ਤੇ ਬੰਨਦੀ ਸੀ। ਵੀਰੇ ਦੀਪੀ ਦੇ ਕੋਈ ਭਰਾ ਨਹੀਂ ਹੈ ਇਸ ਲਈ ਉਹ ਤੈਨੂੰ ਆਪਣਾ ਭਰਾ ਮੰਨਦੀ ਹੈ।ਇਹ ਗੱਲ ਸੁਣ ਕੇ ਰਾਜਵੀਰ ਦੀਪੀ ਦੇ ਪੈਰਾਂ ਵਿਚ ਡਿੱਗ ਪਿਆ ਤੇ ਉਸ ਕੋਲੋਂ ਮੁਆਫ਼ੀ ਮੰਗਣ ਲੱਗਾ ਦੀਪੀ ਅਤੇ ਸਿਮਰਨ ਨੇ ਉਸ ਨੂੰ ਫੜ ਕੇ ਬੈੱਡ ਉੱਪਰ ਬਿਠਾਇਆ ਤੇ ਉਸ ਨੂੰ ਸਮਝਾਇਆ ਕਿ ਇਹ ਸਭ ਅਸੀਂ ਤੈਨੂੰ ਸਬਕ਼ ਸਿਖਾਉਣ ਲਈ ਕੀਤਾ ਸੀ। ਰਾਜਵੀਰ ਨੇ ਦੀਪੀ ਤੋਂ ਮੁਆਫੀ ਮੰਗੀ ਤੇ ਉਸ ਨੇ ਦੀਪੀ ਨੂੰ ਕਿਹਾ ਕਿ ਅੱਜ ਤੋਂ ਬਾਅਦ ਭੈਣੇ ਤੂੰ ਇਹ ਨਹੀਂ ਕਹਿਣਾ ਕਿ ਤੇਰੇ ਕੋਈ ਭਰਾ ਨਹੀਂ ਹੈ ਮੈਂ ਤੇਰਾ ਹੀ ਭਰਾ ਹਾਂ। ਤੁਸੀਂ ਦੋਵਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਭੈਣੇ ਮੈਨੂੰ ਮੁਆਫ਼ ਕਰੀਂ ਅੱਜ ਤੋਂ ਬਾਅਦ ਮੈਂ ਤੇਰੀ ਰਕਸ਼ਾ ਕਰਾਂਗਾ ਤੇ ਤੇਰੀ ਹਰ ਇਕ ਰੱਖੜੀ ਦਾ ਮੁੱਲ ਮੋੜਾਂਗਾ। ਧੰਨਵਾਦ ਜੀ। ਇਹ ਕਹਾਣੀ ਕੌਂਪੀਟਿਸਨ ਲਈ ਹੈ ਜੀ ਮੇਰੀਆਂ ਕਹਾਣੀਆਂ ਤੁਹਾਨੂੰ ਪਸੰਦ ਆਉਂਦੀਆਂ ਹਨ ਕਿ ਨਹੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੀ।

Leave a Reply

Your email address will not be published. Required fields are marked *