ਮੇਰੇ ਦਾਦਾ ਸੇਠ ਹਰਗੁਲਾਲ ਜੀ ਦੀ ਘੁਮਿਆਰੇ ਪਿੰਡ ਵਿੱਚ ਇੱਕ ਛੋਟੀ ਜਿਹੀ ਹੱਟੀ ਹੁੰਦੀ ਸੀ। ਉਸਨੂੰ ਛੋਟੇ ਵੱਡੇ ਲੋਕ ‘ਹਰਗੁਲਾਲ ਦੀ ਹੱਟੀ’ ਹੀ ਆਖਦੇ। ਕੋਈਂ ਦੁਕਾਨ ਸ਼ਬਦ ਨਹੀਂ ਵਰਤਦਾ ਸੀ। ਵੈਸੇ ਮੈਨੂੰ ਅੱਜ ਵੀ ਹੱਟੀ ਅਤੇ ਦੁਕਾਨ ਦਾ ਫਰਕ ਨਹੀਂ ਪਤਾ। ਇਸ ਹੱਟੀ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ। ਲੇਖ ਵੀ ਤੇ ਦੋ ਕਿਤਾਬਾਂ ਵੀ। ਖੈਰ ਅੱਜ ਹੋਰ ਵਿਸ਼ੇ ਤੇ ਗੱਲ ਕਰਦੇ ਹਾਂ। ਇਹ ਮੇਰੇ ਜਨਮ ਤੋਂ ਪਹਿਲਾਂ ਦੀ ਗੱਲ ਹੈ। ਮੇਰੀ ਮਾਂ ਕਈ ਵਾਰੀ ਇਹ ਗੱਲ ਚਿਤਾਰਦੀ। ਕਹਿੰਦੀ ‘ਹੋਰ ਸਮਾਨ ਦੇ ਨਾਲ ਬਾਈ ਹੱਟੀ ਤੇ ਦੁੱਧ ਵੇਚਦਾ ਹੁੰਦਾ ਸੀ। (ਮੇਰੀ ਮਾਂ ਮੇਰੇ ਦਾਦਾ ਜੀ ਨੂੰ ਮੇਰੀਆਂ ਵੱਡੀਆਂ ਭੂਆ ਦੀ ਰੀਸ ਨਾਲ ਬਾਈ ਆਖਦੀ ਸੀ) ਉਹ ਆਪ ਸਾਹਮਣੇ ਖੜ੍ਹਕੇ ਦੁੱਧ ਚਵਾਕੇ ਲਿਆਉਂਦਾ। ਸਾਰੀ ਦਿਹਾੜੀ ਦੁੱਧ ਵਾਲੀ ਬਾਲਟੀ ਨੂੰ ਚਿੱਟੇ ਮਲਮਲ ਦੇ ਸ਼ਾਫ ਪੋਣੇ ਨਾਲ ਢੱਕਕੇ ਰੱਖਦਾ। ਮਤੇ ਦੁੱਧ ਵਿੱਚ ਕੋਈਂ ਮੱਖੀ ਮੱਛਰ ਨਾ ਡਿੱਗ ਪਵੇ। ਕਈ ਵਾਰੀ ਜਦੋਂ ਦੁੱਧ ਘੱਟ ਮਿਲਦਾ ਤਾਂ ਉਹ ਦੁੱਧ ਨੂੰ ਬਾਲਟੀ ਚੋਂ ਡੋਲੂ ਵਿੱਚ ਉਲਟਾ ਲੈਂਦਾ।
ਕੇਰਾਂ ਮੈਂ ਦੁੱਧ ਵਾਲੀ ਬਾਲਟੀ ਹੰਗਾਲਕੇ (ਧੋਕੇ) ਪਾਣੀ ਡੋਲੂ ਵਿੱਚ ਪਾ ਦਿੱਤਾ। ਮਖਿਆ ਤੇਰਵਾਂ ਰਤਨ ਜਮੀਨ ਤੇ ਕਾਹਨੂੰ ਡੋਲਣਾ ਹੈ। ਬਾਈ ਨੇ ਮੈਨੂੰ ਵੇਖ ਲਿਆ। “ਕਰਤਾਰ ਕੁਰੇ ਦੁੱਧ ਵਿੱਚ ਪਾਣੀ ਦੀ ਬੂੰਦ ਵੀ ਨਾ ਪਾਇਆ ਕਰ। ਸੋਂਹ ਬੂੰਦ ਦੀ ਵੀ ਤੇ ਜੱਗ ਦੀ ਉੱਨੀ ਹੀ ਹੁੰਦੀ ਹੈ।” ਬਾਈ ਨੇ ਮੈਨੂੰ ਝਿੜਕਿਆ। ਉਹ ਦਿਨ ਜਾਂਦਾ ਹੈ ਮੈਂ ਬਾਲਟੀ ਹੰਗਾਲਕੇ ਵੀ ਦੁੱਧ ਵਿੱਚ ਨਹੀਂ ਪਾਈ। ਬਾਈ ਸੁਭਾਅ ਦਾ ਗਰਮ ਸੀ ਪਰ ਨੀਅਤਨ ਇਮਾਨਦਾਰ ਸੀ। ਰੁੱਖਾ ਜਰੂਰ ਸੀ ਪਰ ਸੁੱਚਾ ਸੀ।
ਮੇਰੇ ਦਾਦਾ ਜੀ ਬਾਰੇ ਮੇਰੀ ਮਾਂ ਦੀ ਸੁਣਾਈ ਇਹ ਗੱਲ ਮੈਨੂੰ ਹਮੇਸ਼ਾ ਸੱਚ ਤੇ ਚੱਲਣ ਦੀ ਪ੍ਰੇਰਨਾ ਦਿੰਦੀ ਹੈ। ਅੱਜ ਕੱਲ੍ਹ ਤਾਂ ਖ਼ੈਰ ਦੁੱਧ ਵੀ ਕੈਮੀਕਲ ਨਾਲ ਬਣਾਇਆ ਜਾਂਦਾ ਹੈ। ਪਾਣੀ ਪਾਕੇ ਤਾਂ ਲੋਕਾਂ ਨੂੰ ਰੱਜ ਹੀ ਨਹੀਂ ਆਉਂਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ