“ਭੈਣ ਬੀਬੀ ਆਪਣੀ ਸ਼ਾਂਤੀ ਤਾਂ ਭਾਈ ਪੂਰੀ ਐਸ਼ ਲੈਂਦੀ ਹੈ। ਉਹਨਾਂ ਦੇ ਤਾਂ ਰਸੋਈ ਵਿੱਚ ਵੀ ਛੋਟਾ ਜਿਹਾ ਪੱਖਾ ਲੱਗਿਆ ਹੈ।” ਮੇਰੇ ਵੱਡੇ ਮਾਮੇ ਸ਼ਾਦੀ ਰਾਮ ਜੀ ਨੇ ਮੇਰੀ ਮਾਂ ਨੂੰ ਸਰਸਾ ਰਹਿੰਦੀ ਆਪਣੀ ਵੱਡੀ ਧੀ ਬਾਰੇ ਦੱਸਿਆ। ਮੇਰੀ ਮਾਂ ਦਾ ਪੇਕਿਆਂ ਦਾ ਨਾਮ ‘ਬੀਬੀ’ ਸੀ ਤੇ ਸਾਰੇ ਉਸਨੂੰ ਬੀਬੀ ਭੈਣ ਆਖਕੇ ਹੀ ਬੁਲਾਉਂਦੇ ਸਨ। ਓਦੋਂ ਅਸੀਂ ਪਿੰਡ ਘੁਮਿਆਰੇ ਰਹਿੰਦੇ ਸੀ ਤੇ ਸਾਡੇ ਪਿੰਡ ਅਜੇ ਬਿਜਲੀ ਵੀ ਨਹੀਂ ਸੀ ਆਈ। ਪੱਖਾ ਤਾਂ ਲੱਗਣਾ ਕਿਥੋਂ ਸੀ। ਪਰ ਮੇਰੇ ਮਨ ਵਿੱਚ ਭੈਣ ਸ਼ਾਂਤੀ ਦੀ ਅਮੀਰੀ ਤੇ ਰਸੋਈ ਚ ਪੱਖੇ ਵਾਲੀ ਗੱਲ ਬੈਠ ਗਈ। ਪਿੰਡ ਬਿਜਲੀ ਵੀ ਆ ਗਈ ਪਰ ਪੱਖੇ ਜੋਗੀ ਰਸੋਈ ਨਹੀਂ ਸੀ। ਸ਼ਹਿਰ ਮਕਾਨ ਬਣਾਇਆ ਪਰ ਰਸੋਈ ਚ ਪੱਖਾ ਲਵਾਉਣ ਦੀ ਗੁੰਜਾਇਸ਼ ਨਾ ਬਣੀ। ਫਿਰ ਖੈਰ ਰਸੋਈ ਲਈ ਛੋਟਾ ਪੱਖਾ ਵੀ ਲਿਆਂਦਾ ਗਿਆ। ਉਸੇ ਘਰ ਦੇ ਬਾਹਰਲੇ ਦਰਵਾਜੇ ਦੀ ਅਲਮਾਰੀ ਤੋੜਕੇ ਅਸੀਂ ਇੱਕ ਭੀੜੀ ਜਿਹੀ ਲੈਟਰੀਨ ਬਣਵਾਈ। ਉਸ ਵਿੱਚ ਖੁੱਲ੍ਹਕੇ ਬੈਠਣਾ ਮੁਸ਼ਕਿਲ ਸੀ। ਜਗ੍ਹਾ ਘੱਟ ਹੋਣ ਕਰਕੇ ਉਸਦਾ ਦਰਵਾਜ਼ਾ ਵੀ ਬਾਹਰ ਨੂੰ ਖੁਲ੍ਹਦਾ ਸੀ ਤੇ ਕਈ ਵਾਰੀ ਪਰਿਵਾਰ ਦਾ ਦੂਸਰਾ ਮੈਂਬਰ ਦਰਵਾਜਾ ਖੋਲ੍ਹ ਦਿੰਦਾ। ਅਕਸਰ ਹੀ ਅਜਿਹਾ ਹੋਇਆ ਹੀ ਰਹਿੰਦਾ। ਕਿਉਂਕਿ ਉਸ ਦਰਵਾਜੇ ਦੀ ਚਿਟਕਣੀ ਵੀ ਢੰਗ ਨਾਲ ਨਹੀਂ ਸੀ ਲੱਗਦੀ। ਇਸੇ ਲੈਟਰੀਨ ਉਪਰ ਛੋਟਾ ਜਿਹਾ ਰੋਸ਼ਨਦਾਨ ਰੱਖਿਆ ਸੀ ਜਿਸ ਤੋਂ ਮੱਧਮ ਜਿਹੀ ਰੋਸ਼ਨੀ ਤੇ ਮਮੂਲੀ ਜਿਹੀ ਹਵਾ ਆਉਂਦੀ। ਰੋਸ਼ਨੀ ਲਈ ਤਾਂ ਬਲਬ ਲਗਵਾ ਲਿਆ ਸੀ ਪਰ ਹਵਾ ਦਾ ਕੋਈਂ ਇੰਤਜ਼ਾਮ ਨਾ ਹੋਣ ਕਰਕੇ ਗਰਮੀ ਦੇ ਮੌਸਮ ਵਿੱਚ ਲੈਟਰੀਨ ਜਾਣਾ ਇੱਕ ਸਜ਼ਾ ਹੁੰਦਾ ਸੀ। ਇਹ ਪਸੀਨੇ ਨਾਲ ਭਿੱਜ ਜਾਣਾ ਹੁੰਦਾ ਸੀ। 1982 ਵਿੱਚ ਮੈਂ ਇੱਕ ਨੋ ਇੰਚੀ ਪੱਖਾ ਲਿਆਇਆ ਤੇ ਉਸਨੂੰ ਲੈਟਰੀਨ ਦੇ ਬਲਬ ਵਾਲੀ ਸਵਿੱਚ ਨਾਲ ਜੋੜਕੇ ਚਾਲੂ ਕਰਵਾ ਦਿੱਤਾ। ਅੰਦਰ ਵਾਲੇ ਬਲਬ ਨਾਲ ਜੋੜਕੇ ਇੱਕ ਲਾਲ ਰੰਗ ਦਾ ਬਲਬ ਬਾਹਰ ਲਗਵਾ ਦਿੱਤਾ। ਹੁਣ ਜਦੋਂ ਕੋਈਂ ਲੈਟਰੀਨ ਜਾਂਦਾ ਤਾਂ ਅਪਰੇਸ਼ਨ ਥੀਏਟਰ ਵਾਂਗੂ ਲੈਟਰੀਨ ਦੇ ਬਾਹਰ ਲਾਲ ਬਲਬ ਜਗਦਾ ਤੇ ਅੰਦਰ ਪੱਖਾ ਵੀ ਚੱਲਦਾ। ਸਾਡੇ ਇਹ ਜੁਗਾੜ ਬਹੁਤ ਲੋਟ ਆਇਆ।
ਮੈ ਸੋਚਦਾ “ਦੇਖ ਮਾਮਾ ਹੁਣ ਤੇਰੀ ਭੈਣ ਕੀ ਰਸੋਈ ਵਿੱਚ ਹੀ ਨਹੀ, ਲੈਟਰੀਨ ਵਿੱਚ ਵੀ ਪੱਖਾ ਚਲਦਾ ਹੈ।”
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ