ਗੈਰਤ ਦਾ ਕਤਲ | gairat da katal

ਇੱਕ ਕੁੱਕੜ ਹਰ ਰੋਜ਼ ਸਵੇਰੇ ਬਾਂਗ ਦਿੰਦਾ, ਉਸਦੇ ਮਾਲਕ ਨੇ ਉਸਨੂੰ ਕਿਹਾ ਕਿ ਜੇਕਰ ਉਹ ਕੱਲ੍ਹ ਨੂੰ ਬਾਂਗ ਦੇਵੇਗਾ ਤਾਂ ਉਹ ਉਸਨੂੰ ਮਾਰ ਦੇਵੇਗਾ। ਅਗਲੇ ਦਿਨ ਕੁੱਕੜ ਨੇ ਬਾਂਗ ਨਹੀਂ ਦਿੱਤੀ ਅਤੇ ਸਿਰਫ ਆਪਣੀ ਗਰਦਨ ਅਕੜਾ ਕੇ ਬੈਠ ਗਿਆ, ਮਾਲਕ ਨੇ ਉਸਨੂੰ ਕਿਹਾ ਕਿ ਜੇ ਤੂੰ ਕੱਲ੍ਹ ਨੂੰ ਆਪਣੀ ਗਰਦਨ ਅਕੜਾਈ ਤਾਂ ਉਹ ਉਸਦੀ ਗਰਦਨ ਕੱਟ ਦੇਵੇਗਾ। ਤੀਜੇ ਦਿਨ ਕੁੱਕੜ ਅਰਾਮ ਨਾਲ ਬੈਠਾ ਸੀ ਤਾਂ ਮਾਲਕ ਨੇ ਉਸ ਨੂੰ ਕਿਹਾ ਕਿ ਜੇ ਤੂੰ ਕੱਲ੍ਹ ਆਂਡਾ ਨਾ ਦਿੱਤਾ ਤਾਂ ਤੂੰ ਜ਼ਰੂਰ ਮਰ ਜਾਵੇਂਗਾ। ਕੁੱਕੜ ਬਹੁਤ ਉਦਾਸ ਹੋਇਆ, ਮਾਲਕ ਨੇ ਕਿਹਾ ਕਿ ਹੁਣ ਤੈਨੂੰ ਮੌਤ ਦਾ ਡਰ ਹੈ। ਕੁੱਕੜ ਨੇ ਜਵਾਬ ਦਿੱਤਾ ਕਿ ਉਸ ਦਾ ਦੁੱਖ ਮੌਤ ਦਾ ਨਹੀਂ ਹੈ, ਦੁੱਖ ਇਸ ਗੱਲ ਦਾ ਹੈ ਕਿ ਮੈਂ ਆਪਣੀ ਅਣਖ ਅਤੇ ਗੈਰਤ ਗੁਆ ਕੇ ਮਰਨ ਲੱਗਾ ਹਾਂ, ਇਸ ਤੋਂ ਚੰਗਾ ਸੀ ਕਿ ਮੈਂ ਪਹਿਲੇ ਦਿਨ ਹੀ ਬਾਂਗ ਮਾਰ ਕੇ ਮਰ ਜਾਂਦਾ।
ਯਾਨੀ ਕਿ ਜਦੋਂ ਵੀ ਅਸੀਂ ਆਪਣੀ ਆਵਾਜ਼ ਉਠਾਉਂਦੇ ਹਾਂ ਤਾਂ ਸਾਨੂੰ ਕਈ ਤਰੀਕਿਆਂ ਨਾਲ ਚੁੱਪ ਕਰਾਇਆ ਜਾਂਦਾ ਹੈ, ਕਦੇ ਦਾਅ-ਪੇਚ ਦੇ ਕੇ ਅਤੇ ਕਦੇ ਡਰਾ-ਧਮਕਾ ਕੇ। ਜਦੋਂ ਅਸੀਂ ਸਾਰਿਆਂ ਨੇ ਹੀ ਮਰਨਾ ਹੈ ਤਾਂ ਅਸੀਂ ਆਪਣੀ ਅਣਖ ਅਤੇ ਗੈਰਤ ਦਾ ਕਤਲ ਕਰਕੇ ਕਿਉਂ ਮਰੀਏ?
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਹਾ ਕਰਦੇ ਸੀ “ਮੈਂ ਸ਼ਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਜਮੀਰ ਦੇ ਮਰਨ ਨੂੰ ਮੌਤ ਗਿਣਦਾ ਹਾਂ”
17 ਸਾਲ ਦੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਚਮਕੌਰ ਦੀ ਗੜ੍ਹੀ ਵਿੱਚ ਕਿਹਾ ਸੀ:
ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ।।
ਜੀਤਾ ਜੋ ਗਿਆ ਖੈਰ ਜੀਤਾ ਨਾ ਆਊਂਗਾ।।
ਇਤਿਹਾਸ ਵਿੱਚ ਇਹੋ ਜਿਹੀਆਂ ਅਨੇਕਾਂ ਉਦਾਹਰਨਾਂ ਹਨ ਜਿੱਥੇ ਲੋਕਾਂ ਨੇ ਜੁਲਮ ਅੱਗੇ ਝੁਕਣ ਨਾਲੋਂ ਅਣਖ ਨਾਲ ਮਰਨ ਨੂੰ ਪਹਿਲ ਦਿੱਤੀ।
ਪਰ ਅੱਜ ਸਾਡਾ ਹਾਲ ਕਹਾਣੀ ਵਾਲੇ ਕੁੱਕੜ ਵਰਗਾ ਹੋ ਗਿਆ ਹੈ। ਇਸ ਦੇ ਜੁੰਮੇਵਾਰ ਅਸੀਂ ਆਪ ਹਾਂ ਪਰ ਦੋਸ਼ ਹਮੇਸ਼ਾ ਦੂਸਰਿਆਂ ਵਿੱਚ ਕਢਦੇ ਹਾਂ।

Leave a Reply

Your email address will not be published. Required fields are marked *