#ਤਿੰਨ_ਨੰਬਰ_ਟਰਮੀਨਲ
“ਸੇਠ ਜੀ। ਬਾਹਰਲੇ ਮੁਲਕਾਂ ਵਿੱਚ ਕੀ ਪਿਆ ਹੈ? ਪਤਾ ਨਹੀਂ ਵਧੀਆ ਕਮਾਉਂਦੇ ਹੋਏ ਲੋਕ ਵੀ ਕਿਉਂ ਤੁਰ ਜਾਂਦੇ ਹਨ?” ਗੱਡੀ ਦਾ ਗੇਅਰ ਬਦਲਦੇ ਹੋਏ ਸ਼ਾਮ ਲਾਲ ਡਰਾਈਵਰ ਨੇ ਮੈਨੂੰ ਕਿਹਾ। ਅਸੀਂ ਮੇਰੇ ਵੱਡੇ ਬੇਟੇ ਬੇਟੀ ਤੇ ਪੋਤੀ ਨੂੰ ਜਹਾਜ ਚੜ੍ਹਾਕੇ ਵਾਪਿਸ ਆ ਰਹੇ ਸੀ। ਉਹ ਸਟੱਡੀ ਵੀਜ਼ੇ ਤੇ ਐਡੀਲੀਡ ਗਏ ਹਨ। ਅਚਾਨਕ ਹੀ ਪ੍ਰੋਗਰਾਮ ਬਣ ਗਿਆ। ਦਿਨਾਂ ਵਿੱਚ ਹੀ ਵੀਜ਼ਾ ਲੱਗ ਗਿਆ ਤੇ ਫਲਾਈਟ ਵੀ ਹੋਗੀ। ਜਾਂਦੀ ਵਾਰੀ ਵੀ ਮੈਂ ਨੋਟ ਕੀਤਾ ਸ਼ਾਮ ਲਾਲ ਚੁੱਪ ਜਿਹਾ ਸੀ। ਉਹ ਕਿਸੇ ਗੱਲ ਵਿੱਚ ਦਿਲਚਸਪੀ ਨਹੀਂ ਲ਼ੈ ਰਿਹਾ ਸੀ। ਜਦੋਂ ਕਿ ਅਸੀਂ ਇੱਕ ਦੂਜੇ ਨੂੰ ਝੂਠਾ ਜਿਹਾ ਦਿਲਾਸਾ ਦਿੰਦੇ ਹੋਏ ਹੱਸਦੇ ਤਾਂ ਉਹ ਗੰਭੀਰ ਜਿਹਾ ਹੋਕੇ ਕੁਝ ਸੋਚਣ ਲੱਗ ਜਾਂਦਾ ਤੇ ਆਪਣੇ ਹੀ ਖਿਆਲਾਂ ਵੀ ਗੁਆਚ ਜਾਂਦਾ। ਕੱਲ੍ਹ ਜਦੋਂ ਅਸੀਂ ਹਾਂਸੀ ਕੋਲ੍ਹ ਬਣੀ ਕੰਟੀਨ ਤੇ ਖਾਣਾ ਖਾਣ ਲਈ ਗੱਡੀ ਰੁਕਵਾਈ ਤਾਂ ਉਹ ਅਨਮਣੇ ਜਿਹੇ ਮਨ ਨਾਲ ਗੱਡੀ ਚੋਂ ਥੱਲ੍ਹੇ ਉਤਰਿਆ। ਉਸਨੇ ਬੇਧਿਆਨੀ ਵਿੱਚ ਹੀ ਦੋ ਫੁਲਕੇ ਖਾਧੇ ਤੇ ਬਾਹਰ ਗੱਡੀ ਕੋਲ੍ਹ ਆਕੇ ਖੜ੍ਹ ਗਿਆ।
ਜਾਂਦੀ ਵਾਰੀਂ ਤਾਂ ਮੈਂ ਵੀ ਪ੍ਰੇਸ਼ਾਨ ਜਿਹਾ ਹੀ ਸੀ। ਕਿਉਂਕਿ ਮੈਂ ਬੱਚਿਆਂ ਨੂੰ ਬਾਹਰ ਭੇਜਣ ਲਈ ਉੱਕਾ ਹੀ ਰਾਜੀ ਨਹੀਂ ਸੀ। ਖਾਸਕਰ ਚਾਰ ਕੁ ਸਾਲਾਂ ਦੀ ਪੋਤੀ ਤੋਂ ਮੈਂ ਦੂਰ ਨਹੀਂ ਸੀ ਹੋਣਾ ਚਾਹੁੰਦਾ। ਹੰਝੂ ਮੇਰੀਆਂ ਅੱਖਾਂ ਵਿੱਚ ਡਿਗੂੰ ਡਿਗੂੰ ਕਰਦੇ ਸਨ। ਪਰ ਮੈਂ ਉਹਨਾਂ ਨੂੰ ਰੋਕਣ ਦੀ ਅਸਫਲ ਕੋਸ਼ਿਸ਼ ਕਰ ਰਿਹਾ ਸੀ। ਬਾਕੀ ਮੈਨੂੰ ਮੇਰੀ ਬੇਗਮ ਨੇ ਵੀ ਰੋਕਿਆ ਹੋਇਆ ਸੀ ਕਿ ਤੁਸੀਂ ਹੌਸਲਾ ਰਖਿਓ। ਮਨ ਨੂੰ ਕਰੜਾ ਰਖਿਓ। ਤੁਹਾਡੇ ਫਿੱਸਣ ਨਾਲ ਬੱਚੇ ਹੋਰ ਦੁੱਖੀ ਹੋਣਗੇ। ਗੱਲ ਉਸ ਦੀ ਵੀ ਸਹੀ ਸੀ। ਬੱਚਿਆਂ ਨੂੰ ਹੱਸ ਕੇ ਵਿਦਾ ਕਰਨਾ ਚਾਹੀਦਾ ਸੀ। ਜਦੋਂ ਉਹ ਆਪਣੇ ਉੱਜਵਲ ਭਵਿੱਖ ਲਈ ਬਾਹਰ ਜਾਕੇ ਖੁਸ਼ ਹਨ ਤਾਂ ਤੁਸੀਂ ਰੋ ਕੇ ਮਨ ਭੈੜਾ ਨਾ ਕਰਿਓ। ਅਖੇ ਆਪ ਬਾਬਾ ਬੇਗੁਣ ਖਾਏ ਔਰੋਂ ਕੋਂ ਉਪਦੇਸ਼ ਸੁਣਾਏ। ਵਾਲੀ ਗੱਲ ਹੋਗੀ। ਮੈਨੂੰ ਨਸੀਅਤਾਂ ਦਾ ਪਾਠ ਪੜ੍ਹਾਉਂਦੀ ਪੜ੍ਹਾਉਂਦੀ ਤਿੰਨ ਨੰਬਰ ਟਰਮੀਨਲ ਤੇ ਜਾਣ ਵੇਲੇ ਉਹ ਆਪ ਹੀ ਰੋਣ ਲੱਗ ਪਈ। ਬੜੀ ਮੁਸ਼ਕਿਲ ਨਾਲ ਉਸ ਨੂੰ ਚੁੱਪ ਕਰਾਇਆ। ਪੋਤੀ ਆਪਣਾ ਨਵਾਂ ਸੂਟਕੇਸ ਰੋੜ ਕੇ ਅੰਦਰ ਲਿਜਾ ਰਹੀ ਸੀ। ਉਸ ਨੂੰ ਕੀ ਪਤਾ ਸੀ ਕਿ ਜਹਾਜ ਦੇ ਚਾਅ ਵਿੱਚ ਉਸ ਨਾਲ ਧੋਖਾ ਹੋ ਰਿਹਾ ਹੈ। ਹੁਣ ਉਥੇ ਉਸਨੂੰ ਦਾਦਾ ਦਾਦੀ ਨਹੀਂ ਮਿਲਣਗੇ। ਵੇਖਦੇ ਵੇਖਦੇ ਉਹ ਤਿੰਨੇ ਟਰਮੀਨਲ ਦੇ ਅੰਦਰ ਚਲੇ ਗਏ ਤੇ ਫਿਰ ਸੱਤ ਸਮੁੰਦਰੋਂ ਪਾਰ। ਬਹੁਤ ਦੂਰ।
ਅੱਜ ਵਾਪੀਸੀ ਤੇ ਵੀ ਸ਼ਾਮ ਲਾਲ ਚੁੱਪ ਹੀ ਸੀ। ਸੋਚਾਂ ਵਿੱਚ ਡੁੱਬਿਆ।
“ਸੇਠ ਜੀ ਮੇਰੇ ਦੋ ਬੱਚੇ ਹਨ ਵੱਡੀ ਕੁੜੀ ਸੱਤਵੀ ਚ ਪੜ੍ਹਦੀ ਹੈ ਤੇ ਮੁੰਡਾ ਤੀਜੀ ਵਿੱਚ।” ਮੇਰੇ ਉਸਦੀ ਚੁੱਪੀ ਤੋੜਨ ਦੇ ਲਹਿਜੇ ਨਾਲ ਪੁੱਛਣ ਤੇ ਉਸਨੇ ਦੱਸਿਆ। ਮੈਂ ਉਸਨੂੰ ਕੁਰੇਦਨਾ ਚਾਹੁੰਦਾ ਸੀ। ਮੈਨੂੰ ਉਸਦੀ ਚੁੱਪੀ ਪਿੱਛੇ ਕੋਈਂ ਗਹਿਰਾ ਰਾਜ ਲੁਕਿਆ ਲੱਗਦਾ ਸੀ। ਭਾਵੇਂ ਅਸੀਂ ਸਾਰੇ ਕੁਝ ਸੀਰੀਅਸ ਮੂਡ ਵਿਚ ਸਾਂ। ਕਿਉਂਕਿ ਜਿਵੇਂ ਕਹਿੰਦੇ ਹਨ ਅਸੀਂ ਕੁੜੀ ਤੋਰਕੇ ਆਏ ਸੀ। ਸਾਡੀ ਓਹੀ ਹਾਲਤ ਸੀ। ਜੁਆਕਾਂ ਨੂੰ ਅੱਖੋਂ ਪਾਸੇ ਕਰਨਾ ਸੁਖਾਲਾ ਨਹੀਂ ਹੁੰਦਾ। ਪਰ ਇਹ ਮਜਬੂਰੀ ਹੀ ਸੀ। ਮੇਰੀਆਂ ਭੁੱਬਾਂ ਤਾਂ ਉਸ ਦਿਨ ਨਿਕਲ ਗਈਆਂ ਸਨ ਜਦੋਂ ਛੋਟੇ ਨੂੰ ਗੁਹਾਟੀ ਸਟੇਸ਼ਨ ਅਲਾਟ ਹੋ ਗਿਆ ਸੀ ਤੇ ਅਸੀਂ ਉਸਨੂੰ ਜਹਾਜ ਚੜਾਉਣ ਆਏ ਸੀ। ਮੇਰੇ ਹੰਝੂ ਤਾਂ ਉਸ ਦਿਨ ਵੀ ਨਹੀਂ ਰੁਕੇ ਸਨ ਜਿਸ ਦਿਨ ਪੋਤੀ ਦੇ ਜਨਮ ਤੋਂ ਬਾਅਦ ਉਸਦੇ ਨਾਨਕੇ ਉਸਨੂੰ ਲੈਣ ਆਏ ਸਨ। ਚਾਹੇ ਉਸਨੇ ਦੋ ਹਫਤਿਆਂ ਲਈ ਹੀ ਜਾਣਾ ਸੀ। ਪਰ ਹੁਣ ਤਾਂ ਲੰਮੀ ਜੁਦਾਈ ਸੀ। ਗੱਡੀ ਅੰਦਰਲੇ ਸੀਰੀਅਸ ਮਹੌਲ ਨੂੰ ਬਦਲਣ ਲਈ ਮੈਂ ਡਰਾਈਵਰ ਨਾਲ ਕੋਈਂ ਨਵੀਂ ਗੱਲ ਸ਼ੁਰੂ ਕਰ ਲੈਂਦਾ।
“ਮੇਰੀ ਘਰ ਵਾਲੀ ਵੀ ਨਿਊਜ਼ੀਲੈਂਡ ਗਈ ਸੀ।ਫਿਰ ਕਰੋਨਾ ਆ ਗਿਆ ਤੇ ਉਹ ਵਾਪਿਸ ਆ ਗਈ।” ਸ਼ਾਮ ਲਾਲ ਨੇ ਫਿਰ ਅੱਗੇ ਦੱਸਣਾ ਸ਼ੁਰੂ ਕੀਤਾ।
“ਉਹ ਦੋ ਕੁ ਸਾਲ ਇਥੇ ਰਹੀ। ਪਰ ਉਸਦੀ ਮਾਂ ਉਸਨੂੰ ਫਿਰ ਨਿਊਜੀਲੈਂਡ ਭੇਜਣ ਲਈ ਉਤਾਵਲੀ ਸੀ। ਮਾਵਾਂ ਧੀਆਂ ਇਸ ਮੁੱਦੇ ਤੇ ਗਿੱਟਮਿੱਟ ਕਰਦੀਆਂ ਰਹਿੰਦੀਆਂ। ਮੈਂ ਨਹੀਂ ਸੀ ਚਾਹੁੰਦਾ ਕਿ ਉਹ ਜਵਾਨ ਹੋ ਰਹੀ ਧੀ ਨੂੰ ਸੰਭਾਲਣ ਦੀ ਬਜਾਇ ਬਾਹਰਲੇ ਮੁਲਕ ਜਾਂਵੇ।”
ਹੁਣ ਉਹ ਥੋੜ੍ਹਾ ਭਾਵੁਕ ਜਿਹਾ ਨਜ਼ਰ ਆ ਰਿਹਾ ਸੀ।
“ਕਿਉਂਕਿ ਮੇਰੀ ਬੁੱਢੀ ਬੇਬੇ ਲਈ ਵੀ ਬੱਚੇ ਪਾਲਣੇ ਔਖੇ ਸਨ। ਮੈਂ ਉਸ ਨੂੰ ਬੜਾ ਸਮਝਾਇਆ। ਪਰ ਓਹ ਆਪਣੀ ਮਾਂ ਦੀਆਂ ਉਂਗਲਾਂ ਤੇ ਚੜ੍ਹੀ ਹੋਈ ਸੀ। ਦਿਨਾਂ ਵਿੱਚ ਹੀ ਉਸਦੇ ਕਾਗਜ਼ ਤਿਆਰ ਹੋ ਗਏ। ਤੇ ਮੇਰੀ ਸੱਸ ਤੇ ਸਾਲਾ ਇਸੇ ਤਿੰਨ ਨੰਬਰ ਟਰਮੀਨਲ ਤੋਂ ਉਸਨੂੰ ਜਹਾਜ ਚੜ੍ਹਾ ਗਏ। ਮੈਨੂੰ ਤਾਂ ਉਸਦੇ ਜਾਣ ਤੋਂ ਬਾਅਦ ਪਤਾ ਚੱਲਿਆ ਜਦੋਂ ਉਸਦਾ ਨਿਊਜੀਲੈਂਡ ਤੋਂ ਫੋਨ ਆਇਆ।” ਉਸਦੀ ਗੰਭੀਰ ਵਾਰਤਾ ਜਾਰੀ ਸੀ। ਮੈਨੂੰ ਹੋਲੀ ਹੋਲੀ ਸਮਝ ਆ ਰਿਹਾ ਸੀ ਕਿ ਇਸ ਨੂੰ ਜਹਾਜ ਹਵਾਈ ਅੱਡਾ ਬਾਹਰਲੇ ਮੁਲਕ ਕਿਉਂ ਨਹੀਂ ਚੰਗੇ ਲੱਗਦੇ।
“ਫਿਰ ਕਦੇ ਦੁਬਾਰਾ ਫੋਨ ਆਇਆ? ਯ ਉਸਨੇ ਬੱਚਿਆਂ ਲਈ ਕੁਝ ਭੇਜਿਆ ਕਦੇ। ਕੋਈਂ ਚਾਰ ਡਾਲਰ। ਕਿ?” ਇਸ ਤੋਂ ਅੱਗੇ ਹੋਰ ਮੈਂ ਪੁੱਛ ਨਾ ਸਕਿਆ।
“ਨਾ ਸੇਠ ਜੀ। ਉਸ ਦਿਨ ਤੋਂ ਬਾਅਦ ਸਾਡੀ ਕਹਾਣੀ ਖਤਮ ਹੋ ਗਈ। ਮੇਰੀ ਕੁੜੀ ਗੱਲ ਨੂੰ ਸਮਝਦੀ ਹੈ ਤੇ ਮੁੰਡੇ ਦੇ ਭਾ ਦੀ ਮੰਮੀ ਨਾਨਕੇ ਗਈ ਹੈ। ਇਹ ਤਿੰਨ ਨੰਬਰ ਟਰਮੀਨਲ ਦਾ ਸਫ਼ਰ ਵੀ ਕਿਸੇ ਦੀ ਜਿੰਦਗੀ ਸੰਵਾਰ ਦਿੰਦਾ ਹੈ ਤੇ ਕਿਸੇ ਦਾ ਮੇਰੇ ਵਰਗੇ ਗਰੀਬ ਦਾ ਘਰ ਪੱਟ ਦਿੰਦਾ ਹੈ।” ਉਸਨੇ ਲੰਬਾ ਹਾਉਂਕਾ ਲਿਆ ਤੇ ਹੁਣ ਗੱਡੀ ਵਿੱਚ ਚੁੱਪ ਸੀ। ਸਭ ਦੀ ਹਮਦਰਦੀ ਸ਼ਾਂਮ ਲਾਲ ਤੇ ਜੁਆਕਾਂ ਨਾਲ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ