ਉਹ ਘਰਾਂ ਦਾ ਕੰਮ ਕਰਨ ਜਾਂਦੀ ਮੇਰੇ ਖੋਖੇ ਅੱਗਿਓਂ ਹੀ ਲੰਘਦੀ..ਇੱਕ ਦਿਨ ਆਪਣੇ ਪੁੱਤ ਨੂੰ ਲੈ ਆਈ..ਕੰਮ ਤੇ ਰੱਖ ਲਵੋ..ਮੁੰਡਾ ਬੜਾ ਹੀ ਪਿਆਰਾ ਸੀ..ਪੁੱਛਿਆ ਸਕੂਲ ਨਹੀਂ ਜਾਂਦਾ..ਕਹਿੰਦੀ ਹੁਣ ਛੁੱਟੀਆਂ ਨੇ!
ਓਦੇ ਹਮੇਸ਼ਾਂ ਇੱਕੋ ਬੁਨੈਣ ਹੀ ਹੁੰਦੀ..ਥੱਲੇ ਨਿੱਕਰ..ਵਗਦੇ ਪਾਣੀ ਨਾਲ ਬੜਾ ਪਿਆਰ ਸੀ..ਹੱਥ ਵਾਲੇ ਨਲਕੇ ਚੋ ਨਿੱਕਲਦੀ ਨਾਲੀ ਵਿੱਚ ਵਗਦੇ ਜਾਂਦੇ ਪਾਣੀ ਨਾਲ ਕਈ ਵੇਰ ਖੇਡੇ ਲੱਗ ਜਾਂਦਾ!
ਖੋਖੇ ਦੇ ਕੋਲ ਹੀ ਇੱਕ ਵੱਡਾ ਸਾਰਾ ਪਾਰਕ ਸੀ..ਕਿੰਨੇ ਲੋਕ ਸੈਰ ਕਰਨ ਆਉਂਦੇ..ਫੇਰ ਥੱਕ ਟੁੱਟ ਕੇ ਕੋਈ ਸਕੰਜਵੀ ਤੇ ਕੋਈ ਚਾਹ ਦਾ ਆਡਰ ਦਿੰਦਾ!
ਮੈਂ ਉਸਨੂੰ ਹੀ ਘੱਲਦਾ..ਲੋਕ ਉਸ ਨਾਲ ਗੱਲੀਂ ਲੱਗ ਜਾਂਦੇ..ਪਰ ਉਹ ਚੁੱਪ ਰਹਿੰਦਾ..ਸ਼ਾਇਦ ਡਰਦਾ ਸੀ ਕੇ ਮੈਂ ਕਿਧਰੇ ਗੁੱਸੇ ਹੀ ਨਾ ਹੋ ਜਾਵਾਂ!
ਉਸਨੂੰ ਸਪਸ਼ਟ ਆਖ ਰੱਖਿਆ ਸੀ ਕੇ ਕੋਈ ਬਖਸ਼ਿਸ਼ ਦੇਵੇ ਤਾਂ ਉਹ ਤੇਰੀ ਹੋਵੇਗੀ ਪਰ ਮੈਨੂੰ ਜਰੂਰ ਦੱਸਣਾ ਪਿਆ ਕਰਨਾ..!
ਇੱਕ ਦਿਨ ਸਹਿ ਸੁਭਾ ਹੀ ਨਜਰ ਪਈ..ਮੇਰੇ ਵੱਲ ਵੇਖਦਿਆਂ ਉਹ ਕਾਹਲੀ ਨਾਲ ਕੁਝ ਬੋਝੇ ਵਿਚ ਪਾ ਰਿਹਾ ਸੀ..ਮੈਂ ਵੀ ਘੇਸ ਵੱਟੀ ਰੱਖੀ ਭਲਾ ਦੱਸਦਾ ਕੇ ਨਹੀਂ!
ਆਥਣ ਵੇਲੇ ਤੱਕ ਚੁੱਪ ਰਿਹਾ..ਤੁਰਨ ਲੱਗਾ ਤਾਂ ਪੁੱਛ ਲਿਆ ਬੋਝੇ ਵਿਚ ਕੀ ਪਾਇਆ ਸੀ!
ਪੰਜ ਰੁਪਈਏ ਸਨ..ਪੁੱਛਿਆ ਮੈਨੂੰ ਕਿਓਂ ਨਹੀਂ ਦੱਸਿਆ..ਚੁੱਪ ਰਿਹਾ..ਫੇਰ ਆਖਣ ਲੱਗਾ ਮੱਸਿਆ ਦੇ ਮੇਲੇ ਚੋਂ ਖਿਡੌਣੇ ਵਾਲਾ ਟਰੱਕ ਲੈਣਾ..ਪਰ ਮਾਂ ਵਰਜਦੀ ਏ!
ਪੁੱਛਿਆ ਤੈਨੂੰ ਟਰੱਕ ਕਿਓਂ ਚੰਗੇ ਲੱਗਦੇ?
ਆਖਣ ਲੱਗਾ ਡੈਡੀ ਕਲੀਨਰ ਸੀ..ਗੋਹਾਟੀ ਵੱਲ ਐਕਸੀਡੈਂਟ ਹੋ ਗਿਆ..ਟਰੱਕ ਦਰਿਆ ਵਿੱਚ ਜਾ ਪਿਆ..ਡਰਾਈਵਰ ਤਾਂ ਤਰਨਾ ਜਾਣਦਾ ਸੀ ਪਰ ਡੈਡੀ ਨਹੀਂ!
ਬਾਕੀ ਦੀ ਕਹਾਣੀ ਮੈਂ ਖੁਦ-ਬੇਖ਼ੁਦ ਸਮਝ ਗਿਆ..ਫੇਰ ਸੋਚਣ ਲੱਗਾ ਰੱਬ ਨੇ ਬਾਲ ਮਨ ਵੀ ਕੀ ਬਣਾਇਆ..ਕਈ ਵੇਰ ਓਹਨਾ ਸ਼ੈਵਾਂ ਨਾਲ ਹੀ ਮੋਹ ਪਾ ਲੈਂਦਾ ਜਿਹਨਾਂ ਨੇ ਕਿਸੇ ਆਪਣੇ ਨੂੰ ਹਮੇਸ਼ਾਂ ਲਈ ਦੂਰ ਕੀਤਾ ਹੁੰਦਾ!
ਮੈਂ ਵੀ ਜੰਗ ਵਿੱਚ ਖਤਮ ਹੋਏ ਆਪਣੇ ਬਾਪ ਵਾਂਙ ਫੌਜੀ ਹੁੰਦਾ ਜੇ ਮਾਂ ਨੇ ਵੱਡਾ ਅੜਿੱਕਾ ਨਾ ਡਾਹਿਆ ਹੁੰਦਾ..ਮੇਰਾ ਵਰਦੀ ਨਾਲ ਸ਼ੁਰੂ ਤੋਂ ਹੀ ਬੜਾ ਪਿਆਰ ਸੀ!
ਹਰਪ੍ਰੀਤ ਸਿੰਘ ਜਵੰਦਾ