ਸਾਡੇ ਵੇਲਿਆਂ ਵਿਚ ਡਿਜੀਟਲ ਘੜੀਆਂ ਨਹੀਂ ਸੀ ਹੁੰਦੀਆਂ। ਮਕੈਨੀਕਲ ਘੜੀਆਂ ਦਾ ਹੀ ਚੱਲਣ ਸੀ। ਕਲੌਕ ਵੀ ਮਕੈਨੀਕਲ ਹੁੰਦੇ ਸਨ। ਇੱਕ ਟਾਈਮਪੀਸ ਹੁੰਦਾ ਸੀ ਜਿਸ ਨੂੰ ਟਾਈਮ ਦੇਖਣ ਤੇ ਅਲਾਰਮ ਲਾਉਣ ਲਈ ਵਰਤਿਆ ਜਾਂਦਾ ਸੀ।
ਬਹੁਤ ਘੱਟ ਲੋਕਾਂ ਘਰੇ ਟਾਈਮ ਪੀਸ ਯ ਕਲੌਕ ਹੁੰਦਾ ਸੀ। ਘੜੀ ਤਾਂ ਫ਼ਿਰ ਵੀ ਆਮ ਲੋਕਾਂ ਕੋਲ ਹੁੰਦੀ ਸੀ। ਵਿਆਹ ਵਿੱਚ ਘੜੀ ਸਾਈਕਲ ਤੇ ਕਪੜੇ ਸਿਉਣ ਵਾਲੀ ਮਸ਼ੀਨ ਦੇਣ ਦਾ ਹੀ ਰਿਵਾਜ਼ ਸੀ। ਸਾਈਕਲ ਵੀ ਬਿਨਾਂ ਘੰਟੀ ਤਾਲੇ ਤੇ ਕੈਰੀਅਰ ਤੋਂ ਦਿੰਦੇ ਸਨ। ਕਿਉਂਕਿ ਤਾਲਾ, ਸੂਈ ਤੇ ਕੈਂਚੀ ਦਾਜ ਵਿੱਚ ਦੇਣ ਨੂੰ ਮਾੜਾ ਸਮਝਿਆ ਜਾਂਦਾ ਸੀ। ਤੇ ਯ ਕਹੋ ਲ਼ੋਕ ਵਹਿਮ ਕਰਦੇ ਸਨ।
ਮਕੈਨੀਕਲ ਘੜੀ ਕਲੋਕ ਦੀ ਮੁਰੰਮਤ ਕਰਨ ਵਾਲੇ ਨੂੰ ਸ਼ਾਇਦ ਘੜੀਸਾਜ਼ ਕਹਿੰਦੇ ਸਨ। ਇਹ ਲੋਕ ਆਮ ਕਰਕੇ ਘੜੀਆਂ ਵਾਲੀਆਂ ਦੁਕਾਨਾਂ ਤੇ ਇੱਕ ਪਾਸੇ ਜਿਹੇ ਬੈਠਦੇ। ਇਹ ਇੱਕ ਅੱਖ ਵਿੱਚ ਲੇਂਜ ਵਾਲੀ ਡੱਬੀ ਜਿਹੀ ਲਾਕੇ ਕੰਮ ਕਰਦੇ। ਕਈ ਘੜੀ ਸਾਜ਼ ਆਪਣੀ ਸ਼ੀਸ਼ੇ ਵਾਲੀ ਪੇਟੀ ਜਿਹੀ ਕਿਸੀ ਹੋਰ ਦੁਕਾਨ ਮੂਹਰੇ ਬੈਠਕੇ ਵੀ ਆਪਣਾ ਧੰਦਾ ਕਰਦੇ। ਉਂਜ ਲ਼ੋਕ ਉਹਨਾਂ ਵੇਲਿਆਂ ਵਿਚ ਘੜੀ ਪੰਜਾਹ ਪੰਜਾਹ ਸਾਲ ਚਲਾਉਂਦੇ। ਵਿਆਹ ਵਾਲੀ ਘੜੀ ਨਾਲ ਹੀ ਬਜ਼ੁਰਗ ਸਾਰੀ ਉਮਰ ਕੱਢ ਲੈਂਦੇ ਤੇ ਫਿਰ ਉਹ ਘੜੀ ਪੁੱਤ ਪੋਤਰਿਆਂ ਦੇ ਕੰਮ ਆਉਂਦੀ। ਹੁਣ ਨਾ ਉਹ ਘੜੀਆਂ ਰਹੀਆਂ ਤੇ ਨਾ ਘੜੀ ਸਾਜ਼।
ਐਚ ਐਮ ਟੀਂ ਦੀ ਘੜੀ ਓਪਨ ਮਾਰਕੀਟ ਵਿਚ ਘੱਟ ਮਿਲਦੀ ਸੀ। ਲ਼ੋਕ ਫੌਜੀ ਭਰਾਵਾਂ ਨੂੰ ਕਹਿਕੇ ਮਿਲਿਟਰੀ ਕੰਟੀਨ ਚੋ ਮੰਗਵਾਉਂਦੇ। ਅਨਪੜ੍ਹ ਲ਼ੋਕ ਐਚ ਐਮ ਟੀ ਦੀ ਘੜੀ ਨੂੰ ਚਿਮਟੀਂ ਦੀ ਘੜੀ ਆਖਦੇ। ਜਿਥੋਂ ਤੱਕ ਮੇਰੇ ਯਾਦ ਹੈ ਸ੍ਰੀ ਨਾਨਕ ਸਿੰਘ ਜੀ ਦੇ ਨਾਵਲ ਪਵਿੱਤਰ ਪਾਪੀ ਦਾ ਇੱਕ ਮੁੱਖ ਕਿਰਦਾਰ ਘੜੀਸਾਜ਼ ਸੀ। ਘੜੀ ਸਾਜ਼ ਦਾ ਕੋਈ ਕੋਰਸ ਨਹੀਂ ਸੀ ਹੁੰਦਾ। ਬਸ ਇੱਕ ਦੂਜੇ ਕੋਲੋ ਅੱਗੇ ਦੀ ਅੱਗੇ ਸਿੱਖ ਲੈਂਦੇ ਸਨ। ਕੋਈ ਕੋਰਸ ਨਹੀਂ ਸੀ ਹੁੰਦਾ।
ਹੁਣ ਸ਼ਾਇਦ ਹੀ ਕੋਈ ਪੁਰਾਣਾ ਘੜੀਸਾਜ਼ ਹੋਵੇ।
ਉਂਜ ਤਾਂ ਉਹ ਘੜੀਆਂ ਵੀ ਖਤਮ ਹੋ ਗਈਆਂ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ