ਆਹ ਛੱਲੀਆਂ ਕਿਵੇਂ ਲਾਈਆਂ?
ਭੁੱਜੀ ਪੰਜ ਰੁਪਏ ਦੀ ਤੇ ਕੱਚੀਆਂ ਬਾਰਾਂ ਰੁਪਏ ਕਿਲੋ |
ਠੀਕ ਠੀਕ ਲਾਅ ਲੈ |ਕਾਰ ਚੋ ਉਤਰਦੇ ਨੇ ਹਾਊਸਫੈਡ ਕਲੌਨੀ ਦੇ ਬਾਹਰ ਰੇਲਵੇ ਫਾਟਕ ਦੇ ਨੇੜੇ ਆਪਣੇ ਟੁੰਡੇ ਹੱਥ ਨਾਲ ਪਲਾਸਟਿਕ ਦੀ ਪੱਖੀ ਨਾਲ ਹਵਾ ਝੱਲ ਕੇ ਛੱਲੀਆਂ ਭੁੰਨਦੀ ਔਰਤ ਨੂੰ ਮੈ ਕਿਹਾ |
ਬਾਬੂ ਜੀ ਸਸਤਾ ਕੀ ਹੈ ਇਸ ਜੱਗ ਤੇ, ਗਰੀਬ ਦੀ ਜਾਨ ਤੋ ਬਿਨਾ |
ਹਰ ਚੀਜ ਮਹਿੰਗੀ ਹੋ ਰਹੀ ਹੈ | ਮਿੱਟੀ ਵੀ ਤੇ ਪਾਣੀ ਵੀ, ਹੋਰ ਤੇ ਹੋਰ ਹਵਾ ਵੀ
ਮੁੱਲ ਮਿਲਦੀ ਹੈ | ਜੇ ਨਹੀ ਕੀਮਤ ਵਧੀ ਤਾਂ ਗਰੀਬ ਦੀ ਜਾਨ ਦੀ ਨਹੀ ਵਧੀ ….
ਤੇ ਉਸਨੇ ਹਾਉਕਾ ਜਿਹਾ ਲਿਆ | ਮੈ ਇਹ ਔਰਤ ਮੁਸੀਬਤ ਦੀ ਮਾਰੀ ਲਾਚਾਰ ਜਿਹੀ ਲੱਗੀ ਪਰ ਗੱਲਾਂ ਤੋ ਕੁਝ ਫਿਲਾਸਫਰ ਕਿਸਮ ਦੀ | ਮੇਰੀ ਦਿਲਚਸਪੀ ਛੱਲੀਆਂ ਵਿੱਚ ਨਹੀ ਬਲਕਿ ਉਸਦੇ ਤੇ ਵਿਚਾਰਾਂ ਤੇ ਭਾਵਨਾਵਾਂ ਵਿੱਚ ਸੀ|
ਤਿੰਨ ਛੱਲੀਆਂ ਭੁੰਨ ਦੇ |
ਕਿੰਨੇ ਕਮਾ ਲੈਣੀ ਏ ਸ਼ਾਮ ਤੱਕ ? ਮੈ ਗੱਲਬਾਤ ਦਾ ਸਿਲਸਿਲਾ ਅੱਗੇ ਵਧਾਉਣ ਦੇ ਮਕਸਦ ਨਾਲ ਪੁੱਛਿਆ |
ਕਮਾਉਣਾ ਕੀ ਹੈ – ਸਵਾਹ ਖੇਹ, ਰੋਟੀ ਵੀ ਨਹੀ ਬਣਦੀ, ਕਈ ਵਾਰ ਤਾਂ ਉਹ ਵੀ ਮੰਗ ਕੇ ਖਾਣੀ ਪੈਦੀ ਹੈ | ਸਬਜੀ ਦਾ ਕਦੇ ਸਵਾਦ ਨਹੀ ਵੇਖਿਆ| ਆਪਣਾ ਸਵਾ ਕੇ ਕਦੇ ਕੱਪੜਾ ਨਹੀ ਪਾਇਆ ……… ਮੋਮਬੱਤੀ ਦੀ ਰੋਸ਼ਨੀ ਸ਼ਾਮ ਨੂ ਮਸਾਂ 2 ਘੰਟੇ ਨਸੀਬ ਹੁੰਦੀ ਹੈ | ਬਿਜਲੀ ਵਾਲੇ ਲਾਟੂਆਂ ਦਾ ਤਾਂ ਚਾਅ ਮਨ ਵਿੱਚ ਹੀ ਰਹਿ ਜਾਊਗਾ | ਧੂੰਏ ਨਾਲ ਦਿਸਣੋ ਵੀ ਘੱਟ ਹੋ ਗਿਆ ਹੈ | ਅੰਨੀ ਹੋ ਗਈ ਤਾਂ ਚੰਦ ਸੂਰਜ ਦੀ ਰੋਸ਼ਨੀ ਵੇਖਣ ਤੋ ਵੀ ਜਾਵਾਂਗੀ |
ਏਨੀ ਲੰਬੀ ਚੋੜੀ ਵਿਆਖਿਆ ਕੋਈ ਜਨ ਸਧਾਰਨ ਔਰਤ ਨਹੀ ਦੇ ਸਕਦੀ | ਪੜ੍ਹੀ ਵੀ ਹੈ੦ ਕਿ ਅੰਗੂਠਾ ਛਾਪ ਹੀ ਹੈ ?ਮੈ ਫਿਰ ਉਸ ਨੂ ਛੇੜਿਆ ਤਾਂ ਕਿ ਉਸ ਦੀ ਸਖਸ਼ੀਅਤ ਬਾਰੇ ਕੁਝ ਜਾਣ ਸਕਾਂ |
ਹਾਂ ਗਈ ਸੀ ਸਕੂਲ ਚਾਰ ਕੁ ਸਾਲ, ਮਾਂ ਮਰ ਗਈ, ਸ਼ਰਾਬੀ ਪਿਉ ਨੇ ਕੰਮ ਤੇ ਲਾਤੀ | ਮੈ ਕਮਾਉਣ ਲੱਗ ਗਈ ਸਿਰਫ ਪਿਉ ਦੀ ਦਾਰੂ ਲਈ| ਤੇ ਉਸ ਲਈ ਮੈ ਅੱਧੀਆ ਲਿਆਉਣ ਵਾਲੀ ਮਸ਼ੀਨ ਬਣ ਗਈ | ਜਵਾਨ ਹੋਈ ਤਾਂ ਲੋਕਾਂ ਦੀਆਂ ਅੱਖਾਂ ਮੇਰਾ ਪਿੱਛਾ ਕਰਨ ਲੱਗ ਪਈਆਂ ਤੇ ਪਿਉ ਨੇ ਅੱਕ ਕੇ ਇੱਕ ਸ਼ਰਾਬੀ ਦੇ ਗੱਲ੍ ਮੈਨੂ ਮੜ੍ ਦਿੱਤਾ | ਆਸਮਾਨ ਤੋ ਡਿੱਗੀ ਤੇ ਖਜੂਰ ਤੇ ਅੱਟਕ ਗਈ | ਜੋ ਪੇਕੇ ਮਿਲਦਾ ਸੀ ਉਹ ਸੋਹਰੇ ਘਰ ਮਿਲਿਆ | ਸਵੇਰ ਤੋ ਸ਼ਾਮ ਤੱਕ ਗਾਲ੍ਹਾਂ, ਕੁੱਟ ਮਾਰ, ਤੇ ਸ਼ਾਮ ਨੂ ਸ਼ਰਾਬੀ ਦੀ ਉਲਟੀਆਂ ਸਾਫ ਕਰਨ ਦਾ ਕੰਮ | ਫਰਕ ਸਿਰਫ ਇਤਨਾ ਸੀ ਕਿ ਉਥੇ ਪਿਉ ਸੀ ਤੇ ਇਥੇ ਪਤੀ |
ਹਰ ਜੰਮਦੀ ਧੀ ਨੇ ਮੇਰੀ ਕੁੱਟਮਾਰ ਤੇ ਗਾਲਾੰ ਦੀ ਮਾਤਰਾ ਵੱਧਾ ਦਿੱਤੀ | ਅਖੇ ਇਹ ਤਾਂ ਕੁੜੀਆਂ ਜੰਮਦੀ ਹੈ | ਭਲਾ ਪੁੱਛੇ ਕੋਈ ਉਸ ਕੋਲੋ ਵੀ ਕੁੜੀਆਂ ਜੰਮਣੀਆਂ ਜਾਂ ਨਾ ਜੰਮਣੀਆਂ ਮੇਰੇ ਵੱਸ ਸੀ | ਪਰ ਬੋਲੇ ਕੌਣ ? ਤਿੰਨ ਕੁੜੀਆਂ ਦੀ ਲਾਈਨ ਲਾ ਕੇ ਸ਼ਰਾਬੀ ਤੁਰ ਗਿਆ ਮੈਨੂ ਛੱਡ ਕੇ, ਪਤਾ ਨਹੀ ਕਿੱਥੇ, ਸ਼ਾਇਦ ਕਿਸੇ ਮੁੰਡੇ ਜੰਮਣ ਵਾਲੀ ਕੋਲ | ਉਹਦੇ ਅੱਥਰੂ ਕੋਲਿਆਂ ਦੀ ਭੱਠੀ ਵਿੱਚ ਡਿੱਗ ਰਹੇ ਸਨ |
ਡੈਡੀ ਆਜੋ ਹੁਣ ਤੁਸੀਂ ਤਾਂ ਜੀ ਲਾ ਕੇ ਖੜ੍ਹ ਗਏ। ਸਾਡੇ ਛੋਟੇ ਨੇ ਹਾਰਨ ਮਾਰਿਆ ਤੇ ਨਾਲੇ ਮੈਨੂ ਆਵਾਜ ਦਿੱਤੀ | ਉਹ ਸ਼ਾਇਦ ਕਾਰ ਦਾ ਏ. ਸੀ. ਚਲਾ ਕੇ ਮਾਂ ਨਾਲ ਗੱਲਾਂ ਮਾਰਨ ਲੱਗ ਗਿਆ ਸੀ | ਮੈ ਸਿਰ ਹਿਲਾ ਕੇ ਆਉਣ ਦਾ ਸੰਕੇਤ ਦਿੱਤਾ |
ਛੱਲੀਆਂ ਭੁੰਨ ਕੇ ਉਸ ਨੇ ਨਿੰਬੂ ਲਾ ਦਿੱਤਾ ਤੇ ਮੈ ਦੋ ਛੱਲੀਆਂ ਕਾਰ ਵਿੱਚ ਫੜ੍ਹਾ ਆਇਆ|
ਸੱਚ ਤੂੰ ਆਪਣਾ ਨਾਂ ਤੇ ਮੈਨੂ ਦੱਸਿਆ ਨਹੀ? ਮੈਂ ਉਸ ਨੂੰ ਪੁਛਿੱਆ |
ਗਰੀਬਾਂ ਦੇ ਕਾਦੇ ਨਾਂ ਹੁੰਦੇ ਆ | ਨਾਂ ਤਾਂ ਥੋਡੇ ਅਮੀਰਾਂ ਦੇ ਹੁੰਦੇ ਹੈ | ਨਾਂ ਗੋਤ ਤੇ ਫਿਰ ਤੁਸੀ ਪਿੱਛੇ ਪਿੰਡ ਦਾ ਨਾਂ ਵੀ ਨਾਲ ਚਮਕਾ ਲੈਦੇ ਹੋ| ਭਲਾ ਤੁਹਾਨੂੰ ਅਮੀਰਾਂ ਨੂੰ ਵੀ ਆਪਣੀ ਪਹਿਚਾਣ ਬਨਾਉਣ ਲਈ ਪਿੰਡ ਦਾ ਨਾਂ ਨਾਲ ਲਾਉਣਾ ਜਰੂਰੀ ਹੈ | ਸਾਡੇ ਤਾਂ ਟੁੱਟੇ ਫੁੱਟੇ ਨਾਂ ਹੁੰਦੇ ਹਨ | ਵੈਸੇ ਮੇਰੀ ਮਾਂ ਮੈਨੂ ਛੰਨੋ ਕਹਿੰਦੀ ਹੁੰਦੀ ਸੀ ਤੇ ਘਰ ਆਲਾ ਚੰਨੋ ਕਹਿਣ ਲੱਗ ਪਿਆ | ਹੁਣ ਮੇਰਾ ਬਹੁਤ ਜੀਅ ਕਰਦਾ ਹੈ ਕਿ ਕੋਈ ਮੈਨੂੰ ਛੰਨੋ ਕਹਿ ਕੇ ਆਵਾਜ ਮਾਰੇ | ਪਰ ਮਰ ਗਈ ਮੈਨੂ ਛੰਨੋ ਕਹਿਣ ਵਾਲੀ | ਉਸਨੇ ਫਿਰ ਹਾਉਕਾ ਜਿਹਾ ਲਿਆ |
*ਤੇ ਤੇਰੀ ਕੁੜੀਆਂ ਕੀ ਕਰਦੀਆਂ ਨੇ ਅੱਜ ਕੱਲ | ਪੜ੍ਦੀਆਂ ਨੇ ? ਜਾਂ ………. |
ਮੈ ਪੁੱਛਿਆ | ਬਾਬੂ ਜੀ ਹਾਂ ਮੇਰੀਆਂ ਤਿੰਨੋ ਕੁੜੀਆਂ ਪੜ੍ਦੀਆਂ ਹਨ | ਵੱਡੀ ਅੱਠਵੀ, ਵਿੱਚ ਪੜ੍ਦੀ ਏ ਉਸ ਤੋ ਛੋਟੀ ਸੱਤਵੀ ਚ ਤੇ ਸਭ ਤੋ ਛੋਟੀ ਛੇਵੀ ਚ | ਤਿੰਨੋ ਪੜ੍ਨ ਵਿੱਚ ਹੁਸਿਆਰ ਹਨ | ਆਪਣਾ ਖਰਚਾ ਆਪੇ ਕੱਢ ਲੈਦੀਆਂ ਹਨ ਸੂਟਾਂ ਦੀ ਤਰਪਾਈ ਕਰਕੇ, ਲੈਸਾਂ ਲਾ ਕੇ ਕਦੇ ਕਦੇ ਕਿਤਾਬਾਂ ਤੇ ਜਿਲਦਾਂ ਵੀ ਚੜ੍ਹਾ ਦਿੰਦੀਆਂ ਹਨ | ਬਾਬੂ ਜੀ ਮੈ ਤਾਂ ਉਹਨਾਂ ਦੇ ਨਾਂ ਵੀ ਆਰਤੀ, ਪੂਜਾ ਤੇ ਬੇਨਤੀ ਰੱਖੇ ਹਨ | ਮੈਨੂ ਬਹੁਤ ਪਿਆਰੀਆਂ ਲਗਦੀਆਂ ਹਨ | ਬਾਬੂ ਜੀ ਮੁੰਡੇ ਕੀ ਜਿਆਦਾ ਕਰਦੇ ਹਨ ਮਾਂ ਪਿਉ ਦਾ | ਰੋਜ ਵੇਖਦੀ ਹਾਂ ਸ਼ਰਾਬ ਪੀ ਕੇ ਮਾਂ ਪਿਉ ਨੂ ਕੁੱਟਦੇ ਹਨ | ਨਸ਼ਾ ਕਰਦੇ ਹਨ| ਘਰ ਦਾ ਸਾਮਾਨ ਵੇਚ ਦਿੰਦੇ ਹਨ| ਲੜਾਈ ਝਗੜੇ ਉਲਾਂਭੇ ਥਾਣੇ ਕਚਹਿਰੀਆਂ ਸਭ ਮੁੰਡੇ ਮਾਂ ਪਿਉ ਨੂ ਦਿਖਾਉਦੇ ਹਨ | ਪਰ ਫਿਰ ਵੀ ਲੋਕ ਪਤਾ ਨਹੀ ਕਿਉ ਮੁੰਡਾ ਮੁੰਡਾ ਦੀ ਰੱਟ ਲਾਉਦੇ ਹਨ | ਕੁੜੀਆਂ ਕਿਹੜੀ ਗਲੋ ਘੱਟ ਹੁੰਦੀਆਂ ਹਨ | ਮੈ ਤਾਂ ਇਉ ਕਹਿੰਦੀ ਹਾਂ ਬਈ ਇੱਕ ਕੁੜੀ ਤਾਂ ਹਰ ਘਰ ਚ ਹੋਣੀ ਚਾਹੀਦੀ ਹੈ | ਜੇ ਇੱਕ ਮੁੰਡਾ ਤੇ ਇੱੱਕ ਕੁੜੀ ਦਾ ਸੰਤੁਲਿਤ ਪਰਿਵਾਰ ਹੋਵੇ ਤਾਂ ਕੀ ਕਹਿਣਾ | ਪਰ ਬਾਬੂ ਜੀ ਲੋਕਾਂ ਨੂ ਕਦੋ ਅਕਲ ਆਊਗੀ | ਜੇ ਕੁੜੀਆਂ ਨਾ ਹੋਈਆਂ ਤਾਂ ਮੁੰਡੇ ਕਿਸ ਨਾਲ ਵਿਆਹੋਗੇ | ਬਹੂਆਂ ਕਿਥੋ ਲਿਆਉਗੇ | ਜੇ ਮੁੰਡੇ ਨਾ ਵਿਆਹੇ ਗਏ ਤਾਂ ਗੁੰਡਾ ਗਰਦੀ, ਜਬਰ ਜਿਨਾਹ ਜਿਆਦਾ ਫੈਲਣਗੇ | ਸਮਾਜ ਦਾ ਸੰਤੁਲਣ ਵਿਗੜ ਜਾਵੇਗਾ | ਬਾਬੂ ਜੀ ਸੋਡੇ ਕਿੰਨੀਆਂ ਕੁੜੀਆਂ ਹਨ ? ਉਸਨੇ ਮੈਨੂ ਅਚਨਚੇਤ ਪੁੱਛਿਆ | ਮੇਰੇ …. ਮੇਰੇ …..ਤਾਂ …………. ਕੋਈ …….. ਮੈ ਜਵਾਬ ਨਾ ਦੇ ਸਕਿਆ |
ਡੈਡੀ ………. , ਛੋਟੇ ਨੇ ਕਰ ਦਾ ਸ਼ੀਸ਼ਾ ਖੋਲ੍ ਕੇ ਫਿਰ ਆਵਾਜ ਮਾਰੀ|
ਮੈ ਪੈਸੇ ਦੇ ਕੇ ਕਾਰ ਵਿੱਚ ਬੈਠ ਗਿਆ | ਛੋਟੇ ਤੇ ਵੱਡੇ ਨੇ ਮਾਂ ਨਾਲ ਨਾਨਾ-ਨਾਨੀ ਦੀਆਂ ਗੱਲਾਂ ਕਰ ਦਿੱਤੀਆਂ ਤੇ ਮੈ ਕਾਰ ਦੇ ਪਿਛਲੇ ਸ਼ੀਸ਼ੇ ਵਿੱਚ ਦੀ ਛੱਨੋ ਨੂ ਵੇਖ ਰਿਹਾ ਸੀ | ਉਸਦੀਆਂ ਅੱਖਾਂ ਚੋ ਕਿਰਦੇ ਅੱਥਰੂ ਸ਼ਾਇਦ ਮੇਰੀਆਂ ਅੱਖਾਂ ਵਿੱਚ ਆ ਗਏ ਸਨ |
ਰਮੇਸ ਸੇਠੀ ਬਾਦਲ,
ਮੌ 98 766 27 233