ਵਾਹਵਾ ਪੁਰਾਣੀ ਗੱਲ ਹੈ। ਖਾਸਾ ਚਿਰ ਹੋ ਗਿਆ। ਅਸੀਂ ਕਿਸੇ ਕਰੀਬੀ ਦਾ ਰਿਸ਼ਤਾ ਸਾਡੀ ਨਜਦੀਕੀ ਰਿਸ਼ਤੇਦਾਰੀ ਚ ਕਰਵਾ ਦਿੱਤਾ। ਭਲੇ ਵੇਲੇ ਸੀ ਓਦੋ। ਮੁੰਡੇ ਨੂੰ ਛਾਪ ਤੇ ਘੜੀ ਪਾਈ ਜਾਂਦੀ ਸੀ। ਸ਼ਾਇਦ ਸੋਨੇ ਦੀ ਚੈਨ ਪਾਉਣ ਦਾ ਰਿਵਾਜ ਨਹੀ ਸੀ। ਕੁੜੀ ਵਾਲਿਆਂ ਨੇ ਮੁੰਡੇ ਨੂੰ ਰੀਕੋ ਦੀ ਆਟੋਮੈਟਿਕ ਘੜੀ ਪਾ ਦਿੱਤੀ। ਜੋ ਤਾਰੀਖ ਤੇ ਵਾਰ ਦੋਨੋ ਦੱਸਦੀ ਸੀ। ਮੁੰਡਾ ਖੁਸ਼ ਬਈ ਹੁਣ ਘੜੀ ਨੂੰ ਚਾਬੀ ਭਰਨ ਦਾ ਝੰਜਟ ਖਤਮ। ਵਿਆਹ ਤੋ ਦਸ ਕੁ ਦਿਨਾ ਬਾਅਦ ਮੁੰਡਾ ਮਿਲਿਆ ਤੇ ਬਹੁਤ ਪਰੇਸ਼ਾਨ ਜਿਹਾ ਸੀ ਉਹ। “ਜੀ ਘੜੀ ਬਦਲਵਾਉਣੀ ਹੈ ਇਹ ਠੀਕ ਨਹੀ ਚਲਦੀ। ਜੇ ਤਾਰੀਖ ਸਹੀ ਅਉਂਦੀ ਹੈ ਤਾਂ ਵਾਰ ਗਲਤ ਹੋ ਜਾਂਦਾ ਹੈ। ਫਿਰ ਘੰਟੇ ਵਾਲੀ ਸੂਈ ਨੂੰ ਘੁਮਾਕੇ ਵਾਰ ਠੀਕ ਕਰੀਦਾ ਹੈ ਤਾਂ ਤਰੀਖ ਗਲਤ ਹੋ ਜਾਂਦੀ ਹੈ ਇਕ ਵਾਰੀ ਤਰੀਖ ਅੱਗੇ ਟਪ ਜੇ ਤਾਂ ਪੂਰੇ 31 ਦਿਨ ਫਿਰ ਘੁਮਾਉਣੇ ਪੈਂਦੇ ਹਨ ਤੇ ਜੇ ਵਾਰ ਗਲਤ ਹੋਜੇ ਤਾਂ ਸੱਤੇ ਦਿਨ ਫਿਰ ਘਮਾਉਣੇ ਪੈਂਦੇ ਹਨ। ਸਾਡੀਆਂ ਤਾਂ ਸਾਰੇ ਟੱਬਰ ਦੀਆਂ ਘੜੀ ਦੇ ਚਾਬੀ ਫੇਰਦਿਆਂ ਦੀਆਂ ਉਂਗਲਾਂ ਹੀ ਦੁਖਣ ਲਗ ਪਈਆਂ। ਇਸ ਨੂੰ ਬਦਲਕੇ ਮੈਨੂੰ ਤਾਂ ਭਾਵੇਂ ਚਾਬੀ ਵਾਲੀ ਬਿਨਾ ਤਾਰੀਖ ਤੇ ਵਾਰ ਦਸਣ ਵਾਲੀ ਘੜੀ ਲੈ ਦਿਓ।” ਉਸਨੇ ਰੋਣਾ ਰੋਇਆ।
ਮੈ ਵੀ ਓਦੋ ਅਜੇ ਕਾਲਜ ਵਿਚ ਲੱਗਿਆ ਹੀ ਸੀ ਤੇ ਮੈਨੂੰ ਇਸ ਦਾ ਪਤਾ ਸੀ। ਉਸ ਘੜੀ ਦੀ ਚਾਬੀ ਦੇ ਨਾਲ ਇਕ ਨਿੱਕਾ ਜਿਹਾ ਬਟਨ ਹੋਰ ਵੀ ਸੀ ਜਿਸ ਨਾਲ ਤਰੀਖ ਬਦਲੀ ਜਾਂਦੀ ਸੀ। ਤੇ ਘੜੀ ਚਾਬੀ ਵੀ ਅੱਗੇ ਪੁੱਟਕੇ ਓਹ ਤਿੰਨ ਕੰਮ ਕਰਦੀ ਸੀ। ਸਮਾਂ,ਤਰੀਖ,ਤੇ ਵਾਰ ਬਦਲਣ ਦਾ। ਮੈ ਇੱਕ ਮਿੰਟ ਵਿਚ ਹੀ ਉਸਦੀ ਤਰੀਖ ਵਾਰ ਤੇ ਸਮਾਂ ਸੈੱਟ ਕਰ ਦਿੱਤਾ। ਓਹ ਕੱਚਾ ਜਿਹਾ ਹੋ ਗਿਆ।
“ਯਾਰ ਮੈਨੂੰ ਤੇ ਪਤਾ ਨਹੀ ਸੀ ਮੈ ਕਿਹੜਾ ਆਟੋਮੈਟਿਕ ਘੜੀ ਪਹਿਲਾਂ ਦੇਖੀ ਹੈ ਆਪਾਂ ਤਾਂ ਦੇਸੀ ਬੰਦੇ ਆ। ਪੂਰੇ ਦੇਸੀ। ਤੇ ਹੁਣ ਓਹ ਖੁਸ਼ ਵੀ ਸੀ ਕਿ ਉਸਦੀ ਘੜੀ ਠੀਕ ਹੋ ਗਈ।
#ਰਮੇਸ਼ਸੇਠੀਬਾਦਲ
9876627233