ਇੱਕ ਕਾਲ ਨਿਰਣੇ ਕਾਲਜੇ | ikk call nirne kalje

“ਹੈਲੋ! ਸੇਠੀ ਸਾਬ ਬੋਲਦੇ ਹੋ?”
“ਹਾਂਜੀ ਬੋਲੋ।”
“ਰਮੇਸ਼ਸੇਠੀ ਜੀ, ਬਾਦਲ ਸਾਬ?”
“ਹਾਂਜੀ ਹਾਂਜੀ ਤੁਸੀਂ ਕੌਣ ਬੋਲਦੇ ਹੋ?” ਇਹ ਕਾਲ ਅਣਜਾਣ ਜਿਹੇ ਨੰਬਰ ਤੋਂ ਆਈ ਸੀ।
“ਮੈਂ xxxxx ਬੋਲਦਾ ਹਾਂ। ਆਪਾਂ ਫਬ ਤੇ ਕਾਫੀ ਦੇਰ ਤੋਂ ਜੁੜੇ ਹੋਏ ਹਾਂ।” ਉਸਨੇ ਮੁਢਲੀ ਪਹਿਚਾਣ ਦੱਸੀ।
“ਜੀ ਜੀ ਮੇਰੇ ਖਿਆਲ ਵਿੱਚ ਨਹੀਂ। ਹੁਕਮ ਛੱਡੋ।” ਮੈਂ ਆਪਣੇ ਲਹਿਜੇ ਵਿੱਚ ਆਖਿਆ।
“ਜਨਾਬ ਤੁਸੀਂ ਸਾਨੂੰ ਕਿਓਂ ਤੰਗ ਕਰਦੇ ਹੋ। ਸਾਨੂੰ ਜੀਅ ਲੈਣ ਦਿਓਂ।” ਮੈਨੂੰ ਉਹ ਥੋੜ੍ਹਾ ਖਿਝਿਆ ਖਿਝਿਆ ਜਿਹਾ ਲੱਗਿਆ।
“ਦੱਸੋ ਜਨਾਬ ਕੀ ਗੁਸਤਾਖੀ ਹੋਗੀ।” ਮੈਂ ਕਾਹਲੀ ਨਾਲ ਪੁੱਛਿਆ।
“ਜਨਾਬ ਤੁਸੀਂ ਤਾਂ ਵਹਿਲੇ ਹੋ। ਰਿਟਾਇਰ ਹੋ। ਦੇ ਦੇ ਪੋਸਟ ਤੇ ਪੋਸਟ। ਅਸੀਂ ਕੰਮ ਵਾਲੇ ਬੰਦੇ ਹਾਂ। ਤੁਹਾਡੀ ਪੋਸਟ ਵੇਖਕੇ ਬਿਨਾਂ ਪੜ੍ਹੇ ਰਹਿ ਨਹੀਂ ਹੁੰਦਾ। ਫਿਰ ਪੋਸਟ ਵੀ ਲੰਮੀ ਹੁੰਦੀ ਹੈ।” ਉਸਨੇ ਸ਼ਿਕਵਾ ਜਾਹਿਰ ਕਰਦੇ ਹੋਏ ਨੇ ਕਿਹਾ।
“ਜਨਾਬ ਗੁਸਤਾਖੀ ਮਾਫ। ਦਰਅਸਲ ਗੱਲ ਇਹ ਹੈ ਕਿ …।”
“ਨਹੀਂ ਨਹੀਂ ਜੀ ਇਕੱਲੀ ਪੋਸਟ ਦਾ ਮਸਲਾ ਨਹੀਂ। ਤੁਹਾਡੀਆਂ ਖਾਣ ਪੀਣ ਵਾਲੀਆਂ ਪੋਸਟਾਂ ਹੋਰ ਵੀ ਤੰਗ ਕਰਦੀਆਂ ਹਨ। ਤੁਸੀਂ ਤਾਂ ਚਕਚੂੰਦਰ ਛੱਡਕੇ ਪਰਾਂ ਹੋ ਜਾਂਦੇ ਹੋ। ਸਾਡੇ ਘਰੇ ਕਲੇਸ਼ ਪੈ ਜਾਂਦਾ ਹੈ। ਪਤਾ ਨਹੀਂ ਤੁਹਾਨੂੰ ਬੁਢਾਪੇ ਵਿੱਚ ਸਾਰਾ ਦਿਨ ਕੀ ਸ਼ੋਂਕ ਚੜ੍ਹਿਆ ਰਹਿੰਦਾ ਹੈ। ਖਾਣ ਪੀਣ ਦਾ। ” ਉਸਨੇ ਮੇਰੀ ਗੱਲ ਵਿਚਾਲੇ ਕੱਟਦੇ ਹੋਏ ਆਪਣੀ ਭੜਾਸ ਕੱਢਣੀ ਸ਼ੁਰੂ ਕੀਤੀ।
“ਉਹ ਤਾਂ ਠੀਕ ਹੈ ਮੇਰਾ ਮਕਸਦ ਤਾਂ ਵਿਰਾਸਤੀ ਖਾਣਿਆਂ ਨੂੰ ਬਚਾਉਣਾ ਹੈ।ਫਾਸਟ ਫੂਡ ਤੋਂ ਅੱਜ ਦੀ ਜਨਰੇਸ਼ਨ ਨੂੰ ਦੂਰ ਕਰਨਾ ਹੈ।” ਮੈਂ ਆਪਣਾ ਤਰਕ ਦਿੱਤਾ। ਪਰ ਮੈਨੂੰ ਲੱਗਿਆ ਉਹ ਸੰਤੁਸ਼ਟ ਨਹੀਂ ਹੋਇਆ।
“ਕਈ ਵਾਰੀ ਤੁਹਾਡੇ ਚਿੱਬੜ ਤੇ ਹੋਰ ਲੱਲ ਭੱਬ ਮਿਲਦਾ ਵੀ ਤਾਂ ਨਹੀਂ ਬਜ਼ਾਰੋਂ। ਹੁਣ ਜੀਅ ਤਾਂ ਸਾਡਾ ਵੀ ਕਰਦਾ ਹੈ।” ਉਸ ਦੀਆਂ ਸ਼ਿਕਾਇਤਾਂ ਦਾ ਪਿਟਾਰਾ ਅਜੇ ਖਾਲੀ ਨਹੀਂ ਸੀ ਹੋਇਆ।
“ਕੱਲ੍ਹ ਮੇਰੀ ਇੱਕ ਹੋਰ ਫਬ ਦੋਸਤ ਨਾਲ ਗੱਲ ਹੋਈ। ਉਹ ਵੀ ਤੁਹਾਡੇ ਨਾਲ ਐਡ ਹੈ। ਉਸ ਦੀ ਸਮੱਸਿਆ ਇਸ ਤੋਂ ਵੀ ਗੰਭੀਰ ਹੈ।” ਉਸਦੀ ਵਾਰਤਾ ਜਾਰੀ ਸੀ।
“ਉਹ ਕੀ?” ਮੈਂ ਸੋਚਿਆ ਉਸ ਦੀ ਵੀ ਸੁਣ ਲਵਾਂ।
“ਸੇਠੀ ਸਾਬ ਉਸਦਾ ਪੰਜਾਬੀ ਵਿੱਚ ਹੱਥ ਤੰਗ ਹੈ ਵਧੀਆ ਬੋਲ ਲੈਂਦਾ ਹੈ ਤੇ ਪੜ੍ਹਨੀ ਲਿਖਣੀ ਨਹੀਂ ਆਉਂਦੀ। ਉਹ ਆਪਣੀ ਘਰਵਾਲੀ ਤੋਂ ਪੜ੍ਹਾਉਂਦਾ ਹੈ ਤੁਹਾਡੀਆਂ ਪੋਸਟਾਂ। ਸ਼ਾਮ ਨੂੰ ਜਦ ਘਰੇ ਜਾਂਦਾ ਹੈ ਤਾਂ ਉਹੀ ਵੇਲਾ ਰੋਟੀ ਟੁੱਕ ਦਾ ਹੁੰਦਾ ਹੈ ਤੇ ਉਹ ਘਰਵਾਲੀ ਮੂਹਰੇ ਮੋਬਾਇਲ ਕਰ ਦਿੰਦਾ ਹੈ ਅਖੇ ਕੇਰਾਂ ਪੜ੍ਹਕੇ ਸੁਣਾਈਂ। ਕਈ ਵਾਰੀ ਉਹ ਖਿੱਝ ਜਾਂਦੀ ਹੈ। ਉਹ ਗੁਰਾਇਆ ਵੱਲ ਦੀ ਹੈ।” ਉਸਨੇ ਦੱਸਿਆ।
“ਜਨਾਬ ਤੁਹਾਡੀ ਗੱਲ ਵੀ ਸਹੀ ਹੈ। ਪਰ ਮੈਂ ਇਕੱਲੀਆਂ ਚੱਟਣੀਆਂ ਹੀ ਨਹੀਂ ਪੋਸਟ ਕਰਦਾ। ਆਪਣੀਆਂ ਯਾਦਾਂ ਨੂੰ ਵੀ ਸ਼ਬਦੀ ਰੂਪ ਦਿੰਦਾ ਹਾਂ। ਆਪਣੇ ਤੰਗੀ ਤੁਰਸੀ ਦੇ ਦਿਨਾਂ ਦੀ ਦਾਸਤਾਨ ਲਿਖਦਾ ਹੈ। ਆਪਣੇ ਰਿਸ਼ਤਿਆਂ ਦਾ ਸੱਚ ਬਿਆਨਦਾ ਹਾਂ। ਧੀਆਂ ਭੈਣਾਂ ਤੇ ਭੂਆ ਦੇ ਦਰਦ ਨੂੰ ਲਿਖਦਾ ਹਾਂ। ਕਦੇ ਕਦੇ ਸਿਆਸੀ ਟੋਕਰਾਂ ਵੀ ਮਾਰਦਾ ਹਾਂ।” ਮੈਂ ਆਪਣੀਆਂ ਲਿਖਤਾਂ ਦੀ ਥੋਡ਼ੀ ਵਿਆਖਿਆ ਕੀਤੀ।
“ਬਿਲਕੁਲ ਜੀ ਇੱਥੇ ਵੀ ਤੁਸੀਂ ਧੀਆਂ ਭੈਣਾਂ ਦੇ ਜਖਮਾਂ ਤੇ ਨਮਕ ਭੁੱਕਦੇ ਹੋ। ਓਹਨਾ ਨੂੰ ਪੇਕਿਆਂ ਦੀ ਬੇਰੁਖੀ ਦਾ ਅਹਿਸਾਸ ਕਰਾਉਂਦੇ ਹੋ। ਮੇਰੀ ਘਰਵਾਲੀ ਅਕਸਰ ਹੀ ਤੁਹਾਡੀਆਂ ਕਹਾਣੀਆਂ ਪੜ੍ਹਕੇ ਹੰਝੂ ਕੇਰਦੀ ਹੈ। ਮਾਂ ਨੂੰ ਯਾਦ ਕਰਕੇ ਰੋਂਦੀ ਹੈ। ਪੇਕੇ ਹੁੰਦੇ ਮਾਵਾਂ ਨਾਲ ਕਹਿਕੇ ਹੌਂਕੇ ਭਰਦੀ ਹੈ।” ਉਸਨੇ ਸ਼ਿਕਾਇਤਾਂ ਦੀ ਲੜੀ ਜਾਰੀ ਰੱਖਦੇ ਨੇ ਕਿਹਾ।
“ਜਨਾਬ ਤੁਸੀਂ ਦੱਸੋ ਮੈਂ ਕੀ ਲਿਖਾਂ। ਕਿੰਨਾ ਲਿਖਾਂ। ਮੇਰੀ ਕਲਮ ਤੁਹਾਡੇ ਹੱਥ ਦਿੰਦਾ ਹਾਂ। ਊਂ ਗੱਲ ਆ ਇੱਕ।” ਮੈਂ ਗੱਲ ਮਕਾਉਣ ਦੇ ਲਹਿਜੇ ਨਾਲ ਆਖਿਆ। ਕਿਉਂਕਿ ਸਿਰਹਾਣੇ ਬੈਠੀ ਉਹ ਮੇਰੇ ਵੱਲ ਘੂਰ ਰਹੀ ਸੀ ਕਿ ਕਿਥੋਂ ਰਮਾਇਣ ਖੋਲ੍ਹਕੇ ਬਹਿ ਗਏ ਸਵੇਰੇ ਸਵੇਰੇ। ਉੱਧਰ ਵਿਸ਼ਕੀ ਵੀ ਚੂੰ ਚੂੰ ਕਰ ਰਿਹਾ ਸੀ ਉਸਨੂੰ ਫਰੈਸ਼ ਹੋਣ ਲਈ ਬਾਹਰ ਲਿਜਾਣਾ ਸੀ।
“ਊਂ ਗੱਲ ਆ ਇੱਕ। ਆਹ ਚੰਗਾ ਟੋਟਕਾ ਫੜ੍ਹਿਆ ਹੈ ਤੁਸੀਂ। ਸੱਚੀ ਗੱਲ ਲਿਖਕੇ ਪਹਿਲਾਂ ਅਗਲੇ ਦੇ ਮਿਰਚਾਂ ਲ਼ਾ ਦਿੰਦੇ ਹੋ ਫਿਰ ਊਂ ਗੱਲ ਆ ਇੱਕ ਲਿਖਕੇ ਮਲ੍ਹਮ ਲਾਉਂਦੇ ਹੋ। ਊਂ ਇੱਕ ਗੱਲ ਨਹੀਂ ਸਾਰੀ ਗੱਲ ਹੀ ਹੁੰਦੀ ਹੈ ਉਹ।” ਉਸਨੇ ਅਗਲਾ ਤੀਰ ਛੱਡਿਆ।
“ਜਨਾਬ ਹੁਣ ਤੁਸੀਂ ਦੱਸੋ?…. ਹੈਲੋ ਹੈਲੋ…. ਸ਼ਾਇਦ ਫੋਨ ਕੱਟਿਆ ਗਿਆ ਸੀ। ਮੈਨੂੰ ਘੂਰਦੀਆਂ ਅੱਖਾਂ ਤੋਂ ਰਾਹਤ ਮਿਲਦੀ ਨਜ਼ਰ ਆਈ ਤੇ ਮੈਂ ਫਿਰ ਤੋਂ ਫੋਨ ਮਿਲਾਉਣ ਦੀ ਕੋਸ਼ਿਸ਼ ਨਾ ਕੀਤੀ। ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *