ਇਹ ਸ਼ਾਇਦ 1972 -73 ਦੇ ਸਮੇਂ ਦੀ ਗੱਲ ਹੈ। ਮੇਰੇ ਪਾਪਾ ਜੀ ਦੀ ਭੂਆ ਦਾ ਜਵਾਈ ਸ੍ਰੀ ਬਨਾਰਸੀ ਦਾਸ ਫੁਟੇਲਾ ਸ਼੍ਰੀ ਗੰਗਾਨਗਰ ਤੋਂ ਸਾਨੂੰ ਮਿਲਣ ਪਿੰਡ ਘੁਮਿਆਰੇ ਆਏ। ਉਹ ਮੇਰੇ ਦਾਦੇ ਜੀ ਨੂੰ ਅਕਸਰ ਮਿਲਣ ਆਉਂਦੇ ਰਹਿੰਦੇ ਸਨ ਪਰ ਰਾਤ ਉਹ ਸਾਡੇ ਘਰ ਹੀ ਠਹਿਰਦੇ। ਇੱਥੇ ਉਹਨਾਂ ਨੂੰ ਤਰਲ ਕੈਮੀਕਲ ਪੀਣ ਨੂੰ ਆਮ ਹੀ ਮਿਲ ਜਾਂਦਾ ਸੀ। ਦੂਸਰਾ ਇੱਧਰ ਖੂਹੀ ਵਾਲੀ ਟੋਇਲਟ ਬਣੀ ਹੋਈ ਸੀ। ਸਹਿਰੀਆਂ ਲਈ ਖੇਤਾਂ ਵਿੱਚ ਜਾਣਾ ਵੀ ਮੁਸਕਿਲ ਹੁੰਦਾ ਹੈ। ਫੁਫੜ ਬਨਾਰਸੀ ਦਾਸ ਦੀ ਪੂਰੀ ਚੜ੍ਹਤ ਸੀ। ਮਹਿੰਗਾ ਖਾਣਾ, ਮਹਿੰਗਾ ਪਹਿਨਣਾ ਉਹਨਾਂ ਦੇ ਸ਼ੌਂਕ ਸਨ। ਅਗਲੇ ਦਿਨ ਜਦੋਂ ਉਹ ਨਹਾਉਣ ਲਈ ਗੁਸਲਖਾਨੇ ਗਏ ਤਾਂ ਆਪਣੇ ਕਪੜੇ, ਬਟੂਆ ਤੇ ਘੜੀ ਉਤਾਰਕੇ ਵੇਹੜੇ ਵਿੱਚ ਪਏ ਮੰਜੇ ਤੇ ਰੱਖ ਗਏ। ਮੈਂ ਦੇਖਿਆ ਕਿ ਉਹ ਬਿਲਕੁਲ ਕਾਲੇ ਡਾਇਲ ਵਾਲੀ ਘੜੀ ਸੀ। ਜਿਸ ਵਿੱਚ ਸੂਈਆਂ ਨਜ਼ਰ ਨਹੀਂ ਆਉਂਦੀਆਂ ਸਨ। ਮੈਂ ਘੜੀ ਚੁੱਕ ਕੇ ਦੇਖੀ ਪਰ ਮੈ ਟਾਈਮ ਨਾ ਦੇਖ ਸਕਿਆ।
“ਫੁਫੜ ਜੀ ਇਸ ਵਿੱਚ ਤਾਂ ਸੂਈਆਂ ਹੀ ਨਹੀਂ ਹਨ। ਤੁਸੀਂ ਟਾਈਮ ਕਿਵੇਂ ਵੇਖਦੇ ਹੋ?” ਗੁਸਲਖਾਨੇ ਤੋਂ ਬਾਹਰ ਆਉਂਦੇ ਫੁਟੇਲਾ ਫੁਫੜ ਜੀ ਨੂੰ ਮੈਂ ਪੁੱਛਿਆ।
“ਬੇਟਾ ਇਸ ਵਿੱਚ ਸੂਈਆਂ ਨਹੀਂ ਹੁੰਦੀਆਂ। ਬੱਟਣ ਨੱਪਕੇ ਟਾਈਮ ਦੇਖਿਆ ਜਾਂਦਾ ਹੈ।” ਕਹਿਕੇ ਫੁਫੜ ਜੀ ਨੇ ਇੱਕ ਬੱਟਣ ਦਬਾਇਆ ਤੇ ਘੜੀ ਦੇ ਕਾਲੇ ਡਾਇਲ ਤੇ ਲਾਲ ਅੱਖਰਾਂ ਵਿੱਚ 9-35 ਲਿਖਿਆ ਨਜ਼ਰ ਆਇਆ। ਮੈਨੂੰ ਬਹੁਤ ਚੰਗਾ ਲੱਗਿਆ। ਮੈਂ ਹੈਰਾਨ ਹੋ ਗਿਆ। ਮੈਂ ਪਹਿਲੀ ਵਾਰੀ ਨੰਬਰਾਂ ਵਾਲੀ ਘੜੀ ਦੇਖੀ ਸੀ।
“ਬੇਟਾ ਇਹ ਬਾਹਰਲੇ ਮੁਲਕਾਂ ਦਾ ਟਾਈਮ ਵੀ ਦੱਸਦੀ ਹੈ। ਜਿਸ ਦੇਸ਼ ਦਾ ਮਰਜੀ ਟਾਈਮ ਦੇਖ ਲਵੋ।” ਫੁਫੜ ਜੀ ਨੇ ਮੈਨੂੰ ਅੱਗੇ ਦੱਸਿਆ। ਉਸਦਿਨ ਮੈਨੂੰ ਪਤਾ ਲੱਗਿਆ ਕਿ ਹਰ ਦੇਸ਼ ਦਾ ਅਲੱਗ ਅਲੱਗ ਟਾਈਮ ਹੁੰਦਾ ਹੈ ਜੋ ਮੇਰੇ ਲਈ ਨਵੀਂ ਜਾਣਕਾਰੀ ਸੀ। ਮੇਰੇ ਪੁੱਛਣ ਤੇ ਫੁਫੜ ਜੀ ਨੇ ਉਸ ਘੜੀ ਦੀ ਕੀਮਤ ਬਾਰਾਂ ਸੋ ਰੁਪਏ ਦੱਸੀ।
ਆਮ ਲੋਕ ਤੀਹ ਚਾਲੀ ਰੁਪਏ ਦੀ ਘੜੀ ਬੰਨਦੇ ਸਨ। ਉਂਜ ਅੱਜ ਕਲ੍ਹ ਵੀ ਅਮੀਰ ਲੋਕ ਬਾਰਾਂ ਪੰਦਰਾਂ ਲੱਖ ਦੀ ਘੜੀ ਬੰਨਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ