ਮੇਰੇ ਕਿਸੇ ਕਰੀਬੀ ਨੇ ਨਵਾਂ ਮਕਾਨ ਬਣਾਇਆ। ਜਿੰਨੀ ਕੁ ਹੋ ਸਕੀ ਮੈ ਉਸਦੀ ਸਹਾਇਤਾ ਵੀ ਕੀਤੀ। ਮਿਸਤਰੀ, ਪਲੰਬਰ, ਬਿਜਲੀ ਵਾਲੇ ਮਕੈਨਿਕ ਆਪਣੀ ਜਾਣ ਪਹਿਚਾਣ ਵਾਲੇ ਭੇਜ ਦਿੱਤੇ। ਖੈਰ ਮਲਿਕ ਦੀ ਮੇਹਰ ਨਾਲ ਕੋਠੀ ਦਾ ਕੰਮ ਮੁਕੰਮਲ ਹੋ ਗਿਆ। ਓਹਨਾ ਨੇ ਰਿਹਾਇਸ਼ ਵੀ ਕਰ ਲਈ। ਮੇਰੇ ਇੱਕ ਦਿਨ ਓਹਨਾ ਦੀ ਕੋਠੀ ਵਿੱਚ ਜਾਣ ਹੋਇਆ। ਖੋਰੀ ਮੈ ਸ਼ਾਬਾਸੀ ਦਾ ਭੁੱਖਾਂ ਸੀ। ਚਾਹ ਪਾਣੀ ਤੋਂ ਬਾਅਦ ਓਹ ਮੈਨੂੰ ਕਹਿਣ ਲੱਗਿਆ “ਯਾਰ ਬਾਕੀ ਤਾਂ ਸਾਰਾ ਠੀਕ ਹੈ। ਪਰ ਬਿਜਲੀ ਦੀ ਫਿਟਿੰਗ ਸਹੀ ਨਹੀ ਹੋਈ।” ਮੈ ਕਿਹਾ “ਕੀ ਹੋ ਗਿਆ।” ਕਹਿੰਦਾ “ਯਾਰ ਦੋਨਾਂ ਬੈਡਰੂਮਾਂ ਦੀਆਂ ਟਿਊਬਾ ਦੀ ਪ੍ਰਾਬਲਮ ਹੈ। ਜੇ ਸਵਿੱਚ ਬੰਦ ਕਰਦੇ ਹਾਂ ਤਾਂ ਟਿਊਬ ਜਗ ਪੈਂਦੀ ਹੈ। ਕਦੇ ਓਧਰੋਂ ਜਗ ਪੈਂਦੀ ਹੈ ਕਦੇ ਉਧਰੋ। ਦੋ ਬੋਰਡਾਂ ਦੀਆਂ ਤਾਰਾਂ ਭਿੜ ਗਈਆਂ ਹਨ। ਅਸੀਂ ਤਾਂ ਸਾਰਾ ਟੱਬਰ ਇਹਨਾ ਸਵਿਚਾਂ ਦੇ ਚੱਕਰ ਚ ਪਏ ਹਨ। ਮੇਰੀ ਹਾਸੀ ਛੁੱਟ ਗਈ। ਕਹਿੰਦਾ “ਯਾਰ ਕੀ ਹੋਇਆ। ਇੱਕ ਤਾਂ ਇਹ ਫਿਟਿੰਗ ਗਲਤ ਹੋਗੀ ਦੂਜਾ ਤੂੰ ਹੱਸੀ ਜਾਂਦਾ ਹੈ।” ਜਦੋ ਮੇਰੀ ਹਾਸੀ ਰੁਕੀ ਤਾਂ ਮੈ ਕਿਹਾ “ਕੋਈ ਗੱਲ ਨਹੀ। ਮੈ ਠੀਕ ਕਰ ਦਿੰਦਾ ਹਾਂ ਤੂੰ ਕੇਰਾਂ ਖਾਣ ਨੂੰ ਕੋਈ ਮਿੱਠਾ ਮੰਗਵਾ ਲੈ।” ਕਹਿੰਦਾ “ਓਹ ਕਿਵੇ?” ਮੈ ਕਿਹਾ “ਜਨਾਬ ਬੈਡਰੂਮ ਆਲੀ ਬਿਜਲੀ ਦੀ ਟਿਊਬ ਦੇ ਡਬਲ ਸਵਿੱਚ ਲਾਈ ਹੋਈ ਹੈ। ਮਤਲਵ ਤੁਸੀਂ ਬੈਡ ਦੇ ਕਿਸੇ ਪਾਸੇ ਵੀ ਖੜੇ ਹੋਵੋ ਟਿਊਬ ਜਗਾ ਸਕਦੇ ਹੋ ਜਾ ਬੁਝਾ ਸਕਦੇ ਹੋ। ਇਹ ਸਭ ਤੁਹਾਡੀ ਸਹੂਲੀਅਤ ਲਈ ਹੀ ਹੈ। ਤੁਹਾਨੂੰ ਟਿਊਬ ਦੇ ਮਸਲੇ ਚ ਬੈਡ ਦੇ ਦੂਜੇ ਪਾਸੇ ਜਾਣ ਦੀ ਜਰੂਰਤ ਨਹੀ।” “ਅੱਛਾ” ਕਹਿੰਦੇ ਦਾ ਉਸਦਾ ਮੂੰਹ ਅੱਡਿਆ ਗਿਆ।
#ਰਮੇਸ਼ਸੇਠੀਬਾਦਲ