ਮੈਂ ਪੰਜਵੀਂ ਜਮਾਤ ਪਾਸ ਕਰਕੇ ਛੇਵੀਂ ਜਮਾਤ ਵਿੱਚ ਹੋ ਗਈ ਸੀ ਤੇ ਮੇਰੀ ਵੱਡੀ ਭੈਣ ਉਦੋਂ ਅੱਠਵੀਂ ਜਮਾਤ ਵਿਚ ਪੜ੍ਹਦੀ ਸੀ ਮੇਰਾ ਭਰਾ ਉਦੋਂ ਦਸਵੀਂ ਪਾਸ ਕਰਕੇ ਸਕੂਲ ਵਿੱਚੋਂ ਹਟ ਚੁੱਕਾ ਸੀ। ਸਾਡੇ ਇੱਕ ਮਾਸਟਰ ਜੀ ਸਨ ਮਾਸਟਰ ਸੁਖਪਾਲ ਉਹ ਸਾਡੇ ਪਿੰਡ ਦੇ ਹੀ ਸਨ। ਉਹ ਸਾਡੇ ਨਾਲ ਅਕਸਰ ਹਾਸਾ ਮਜ਼ਾਕ ਕਰਦੇ ਰਹਿੰਦੇ ਸਨ। ਉਹ ਮੇਰੇ ਚਾਚਾ ਜੀ ਦੇ ਨਾਲ ਪੜ੍ਹੇ ਸਨ ਤੇ ਮੇਰੇ ਪਾਪਾ ਜੀ ਹੋਣਾਂ ਨੂੰ ਸਾਰੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਹਨਾਂ ਨੂੰ ਇਹ ਪਤਾ ਹੁੰਦਾ ਸੀ ਕਿ ਮੇਰੇ ਦਾਦਾ ਜੀ ਮੱਝਾਂ ਚਾਰਨ ਲਈ ਨਹਿਰ ਤੇ ਲੈ ਕੇ ਜਾਂਦੇ ਸਨ। ਉਹ ਪਹਿਲਾਂ ਮੇਰੇ ਵੱਡੇ ਭੈਣ ਭਰਾਵਾਂ ਨਾਲ ਇਸ ਤਰ੍ਹਾਂ ਦੇ ਮਜ਼ਾਕ ਕਰਦੇ ਹੀ ਰਹਿੰਦੇ ਸਨ ਪਰ ਹੁਣ ਉਹ ਸਿਆਣੇ ਹੋ ਗਏ ਸਨ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਸਮਝਦੇ ਸਨ ਪਰ ਮੈਂ ਉਸ ਸਮੇਂ ਛੋਟੀ ਸੀ ਮੈਂ ਉਹਨਾਂ ਦੀਆਂ ਗੱਲਾਂ ਵਿਚ ਆ ਗਈ। ਇੱਕ ਦਿਨ ਮਾਸਟਰ ਜੀ ਨੇ ਮੈਨੂੰ ਕੋਲ ਦੀ ਲੰਘਦੀ ਨੂੰ ਆਵਾਜ਼ ਮਾਰੀ ਤੇ ਮੈਂ ਉਨ੍ਹਾਂ ਦੇ ਕੋਲ ਆ ਗਈ। ਮਾਸਟਰ ਜੀ ਨੇ ਮੈਨੂੰ ਕਿਹਾ ਕਿ ਮੇਰੇ ਦਾਦਾ ਜੀ ਮੱਝਾਂ ਚਾਰਨ ਗਏ ਨਹਿਰ ਵਿਚ ਡਿੱਗ ਗਏ ਮੈਨੂੰ ਉਹਨਾਂ ਦੀ ਗੱਲ ਤੇ ਯਕੀਨ ਆ ਗਿਆ ਸੀ ਫਿਰ ਵੀ ਉਹ ਸਾਡੇ ਅਧਿਆਪਕ ਸਨ ਯਕੀਨ ਕਿਵੇ ਨਾਂ ਆਉਂਦਾ। ਅੱਧੀ ਛੁੱਟੀ ਦਾ ਟਾਇਮ ਹੋਣ ਵਾਲਾ ਸੀ ਮੈਨੂੰ ਕਾਹਲੀ ਸੀ ਘਰ ਜਾ ਕੇ ਦਾਦਾ ਜੀ ਦਾ ਪਤਾ ਕਰਨ ਦੀ। ਜਦੋਂ ਮੈਂ ਘਰ ਗਈ ਤਾਂ ਮੈਂ ਇਹ ਸਾਰੀ ਗੱਲ ਆਪਣੀ ਦਾਦੀ ਜੀ ਕੋਲ ਦੱਸੀ ਤੇ ਦਾਦੀ ਜੀ ਮੇਰੀ ਗੱਲ ਸੁਣ ਕੇ ਹੱਸਣ ਲੱਗੇ ਤੇ ਕਹਿਣ ਲੱਗੇ ਕਿ ਹੁਣ ਇਹ ਤਰੀਕਾ ਮਾਸਟਰ ਜੀ ਤੇਰੇ ਤੇ ਵਰਤਨ ਲੱਗ ਪਏ ਉਹ ਤਾਂ ਸਾਰੇ ਬੱਚਿਆਂ ਨੂੰ ਇਵੇਂ ਹੀ ਮਜ਼ਾਕ ਕਰਦੇ ਰਹਿੰਦੇ ਨੇ ਤੇ ਮੇਰੇ ਦਾਦੀ ਜੀ ਨੇ ਮੈਨੂੰ ਇੱਕ ਜਵਾਬ ਦੱਸਿਆ ਕਿ ਮੈਂ ਆ ਕੇ ਸਕੂਲ ਵਿੱਚ ਕੀ ਕਹਿਣਾ ਹੈ। ਮਾਸਟਰ ਜੀ ਦੇ ਬਾਪੂ ਨੂੰ ਸਾਰਾ ਪਿੰਡ ਬਰੋਲਾ ਕਹਿੰਦਾ ਹੁੰਦਾ ਸੀ ਤੇ ਮਾਸਟਰ ਜੀ ਦੇ ਬਾਪੂ ਜੀ ਮੇਰੇ ਦਾਦੀ ਜੀ ਦੇ ਜੇਠ ਲੱਗਦੇ ਸਨ ਤਾਂ ਮੇਰੇ ਦਾਦੀ ਜੀ ਨੇ ਮੈਨੂੰ ਕਿਹਾ ਕਿ ਜਦੋਂ ਹੁਣ ਤੈਨੂੰ ਮਾਸਟਰ ਜੀ ਨੇ ਮਜ਼ਾਕ ਕੀਤਾ ਤਾਂ ਤੂੰ ਇਹ ਕਹਿ ਦੇਵੀਂ ਕਿ ਉੱਡਣਦੇ ਬਰੋਲੇ ਵਾਂਗੂੰ ਮੈਂ ਕਿਹਾ ਠੀਕ ਹੈ ਮੈਂ ਸਕੂਲ ਵਾਪਿਸ ਪਰਤ ਆਈ ਮਾਸਟਰ ਜੀ ਹੋਰ ਮਾਸਟਰਾਂ ਦੇ ਕੋਲ ਕੁਰਸੀ ਤੇ ਬੈਠੇ ਸਨ ਉਨ੍ਹਾਂ ਨੇ ਮੈਨੂੰ ਆਉਂਦਿਆਂ ਦੇਖ ਆਵਾਜ਼ ਮਾਰੀ ਤੇ ਮੈਨੂੰ ਕਿਹਾ ਕਿਵੇਂ ਆਂ ਕੁੜ੍ਹੇ ਤੇਰਾ ਦਾਦਾ ਤਾਂ ਮੈਂ ਇਹ ਕਹਿ ਦਿੱਤਾ ਕਿ ਸਰ ਉੱਡਣਦੇ ਬਰੋਲੇ ਵਾਂਗੂੰ ਇਹ ਸੁਣ ਕੇ ਮਾਸਟਰ ਜੀ ਮੈਨੂੰ ਕਹਿੰਦੇ ਹੈ ਮਰਜਾਣੀਏ ਤੇ ਸਾਰੇ ਜਣੇ ਉੱਚੀ -ਉੱਚੀ ਹੱਸਣ ਲੱਗੇ ਉਸ ਤੋਂ ਬਾਅਦ ਮਾਸਟਰ ਜੀ ਨੇ ਸਾਨੂੰ ਕਦੇ ਵੀ ਮਜ਼ਾਕ ਨਹੀਂ ਕੀਤਾ। ਧੰਨਵਾਦ ਜੀ।