1970 ਦੇ ਨੇੜੇ ਤੇੜੇ ਪਾਪਾ ਜੀ ਦੀ ਬਦਲੀ ਹਿਸਾਰ ਜਿਲ੍ਹੇ ਦੇ ਪਿੰਡ ਹਾਂਸਪੁਰ ਅਤੇ ਬੀਰਾਂਬਧੀ ਹੋ ਗਈ। ਜਦੋਂ ਉਹ ਪਹਿਲੇ ਦਿਨ ਬੀਰਾਂਬੱਧੀ ਗਏ ਤਾਂ ਸਾਡਾ ਬਹੁਤ ਹੀ ਦੂਰ ਦਾ ਰਿਸ਼ਤੇਦਾਰ ਮੋਟਰ ਸਾਈਕਲ ਦੇ ਲਾਲਚ ਵਿਚ ਉਹਨਾਂ ਦੇ ਨਾਲ ਚਲਾ ਗਿਆ। ਨਾਲੇ ਉਸਨੂੰ ਲੱਗਿਆ ਕਿ ਪਟਵਾਰੀ ਦੇ ਨਾਲ ਜਾਣ ਕਰਕੇ ਦਾਰੂ ਵੀ ਪੀਣ ਨੂੰ ਮਿਲੇਗੀ। ਕਿਉਂਕਿ ਬੀਰਾਂਬੱਧੀ ਓਦੋ ਬਲੈਡਰ ਵਾਲੀ ਦਾਰੂ ਲਈ ਮਸ਼ਹੂਰ ਸੀ। ਖੈਰ ਪਾਪਾ ਜੀ ਸਰਦਾਰ ਸੁਖਮੁੱਖ ਸਿੰਘ ਗਿੱਲ ਦੇ ਘਰ ਠਹਿਰੇ। ਰਾਤ ਨੂੰ ਦਾਰੂ ਦਾ ਦੌਰ ਚੱਲਿਆ। ਪਹਿਲਾਂ ਹੀ ਦਿਨ ਹੋਣ ਕਰਕੇ ਪਾਪਾ ਜੀ ਬਹੁਤ ਸੰਭਲਕੇ ਚੱਲੇ। ਪਰ ਅੱਲ੍ਹੜ ਉਮਰ ਦਾ ਉਹ ਰਿਸ਼ਤੇਦਾਰ ਮੁਫ਼ਤ ਦੀ ਵੇਖਕੇ ਸਬਰ ਨਾ ਕਰ ਸਕਿਆ। ਪਾਪਾ ਜੀ ਨੇ ਬੜਾ ਸਮਝਾਇਆ। ਪਰ ਦਾਰੂ ਨੇ ਤਾਂ ਅਸਰ ਵਿਖਾਉਣਾ ਸੀ। ਉਹ ਬੋਲਣੋ ਨਾ ਹਟਿਆ ਤੇ ਹੋਰ ਹੋਰ ਦਾਰੂ ਦੀ ਮੰਗ ਕਰਨ ਲੱਗਿਆ। ਫਿਰ ਪਾਪਾ ਜੀ ਨੇ ਉਸਤੇ ਦਾਰੂ ਉਤਾਰਨ ਦਾ ਫਾਰਮੂਲਾ ਖੂਬ ਵਰਤਿਆ। ਨਾਲਦਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਉਸ ਸ਼ਰਾਬੀ ਦੀ ਚੰਗੀ ਸੇਵਾ ਹੋਈ ਤੇ ਉਹ ਟਿਕਕੇ ਸੌਂ ਗਿਆ। ਇਸ ਨਾਲ ਪਾਪਾ ਜੀ ਦਾ ਇੱਕ ਵਿਸ਼ੇਸ਼ ਖੌਫ ਜਿਹਾ ਬਣ ਗਿਆ। ਉਸ ਗਿੱਲ ਪਰਿਵਾਰ ਨੇ ਪਾਪਾ ਜੀ ਨੂੰ ਆਪਣੇ ਵੱਡੇ ਬੇਟੇ ਦੀ ਜਗ੍ਹਾ ਦੇ ਦਿੱਤੀ। ਗਿੱਲ ਸਾਹਿਬ ਦਾ ਵੱਡਾ ਬੇਟਾ ਗੁਜ਼ਰ ਗਿਆ ਸੀ ਤੇ ਬਾਕੀ ਜੀਤ ਸਿੰਘ ਤੇ ਕੇਹਰ ਸਿੰਘ ਛੋਟੇ ਸਨ। ਗਿੱਲ ਸਾਹਿਬ ਦੀਆਂ ਸ਼ਿੰਦੋ ਸਿਮਰੀ ਬਿੰਦਰੀ ਤੇ ਰਾਜ ਨਾਮਕ ਬੇਟੀਆਂ ਸਨ। ਜਿੰਨਾ ਨੂੰ ਅਸੀਂ ਭੂਆਂ ਜੀ ਆਖਦੇ ਸੀ। ਇਹ ਸਾਰੇ ਪਾਪਾ ਜੀ ਨੂੰ ਭਾਜੀ ਆਖਦੇ ਸਨ। ਗਿੱਲ ਸਾਹਿਬ ਦਾ ਪਿੰਡ ਵਿੱਚ ਰਿਸ਼ਤੇਦਾਰੀਆਂ ਤੇ ਪਰਿਵਾਰ ਵਿੱਚ ਕਾਫੀ ਰੋਹਬ ਸੀ। ਗੱਲ ਕੀ ਗਿੱਲ ਸਾਹਿਬ ਉਸਦੇ ਜਵਾਈ ਵੀ ਡਰਦੇ ਸਨ।ਅੱਗੋਂ ਨਹੀਂ ਸੀ ਬੋਲਦੇ। ਗਿੱਲ ਸਾਹਿਬ ਤੋਂ ਬਾਅਦ ਉਹ ਸਾਰੇ ਪਾਪਾ ਜੀ ਤੋਂ ਝਿਫਦੇ ਸਨ। ਅੱਗੋਂ ਕੂ ਨਹੀਂ ਸੀ ਕਰਦੇ। ਪੂਰਾ ਪਰਿਵਾਰ ਪਾਪਾ ਜੀ ਦਾ ਬਹੁਤ ਸਤਿਕਾਰ ਕਰਦਾ ਸੀ। ਘਰ ਦੇ ਹਰ ਵੱਡੇ ਛੋਟੇ ਫੈਸਲੇ ਵਿੱਚ ਪਾਪਾ ਜੀ ਦੀ ਰਾਏ ਲਈ ਜਾਂਦੀ ਸੀ ਤੇ ਕਿਹਾ ਉਲਟਾਇਆ ਨਹੀਂ ਸੀ ਜਾਂਦਾ। ਅਸੀਂ ਵੀ ਓਥੇ ਹਫਤਾ ਹਫਤਾ ਲਾ ਆਉਂਦੇ ਸੀ। ਕਮਾਦ ਘੁਲਾੜਾ ਟਿਊਬ ਵੈੱਲ ਦੇ ਨਜ਼ਾਰੇ ਲੈਂਦੇ। ਉਹ ਪਰਿਵਾਰ ਨਾਲ ਸਾਡਾ 2004 ਤੱਕ ਪੂਰਾ ਆਉਣ ਜਾਣ ਰਿਹਾ। ਫਿਰ ਕਹਿੰਦੇ ਉਹ ਬੀਰਾਂਬੱਧੀ ਵਾਲੀ ਜਮੀਨ ਵੇਚਕੇ ਜ਼ੀਰੇ ਪੰਜਾਬ ਦੇ ਇਲਾਕੇ ਵੱਲ ਚੱਲੇ ਗਏ। ਵੱਡਾ ਜੀਤ ਚਾਚੇ ਨੇ ਤਾਂ ਪਹਿਲਾਂ ਹੀ ਅੰਮ੍ਰਿਤਸਰ ਦੇ ਲਾਗੇ ਵਾਲੀ ਜਮੀਨ ਸੰਭਾਲ ਲਈ ਸੀ। ਪਿੰਡ ਹਾਂਸਪੁਰ ਪਾਪਾ ਜੀ ਦਾ ਬਸੇਰਾ ਹਜ਼ਾਰਾ ਰਾਮ ਲੰਬੜਦਾਰ ਦੇ ਘਰ ਸੀ। ਇਸ ਬਾਰੇ ਚਰਚਾ ਫਿਰ ਕਰਾਂਗਾ। ਰਿਸ਼ਤੇ ਬਣਾਉਣੇ ਤੇ ਸੰਭਾਲਣੇ ਹਰੇਕ ਦੇ ਵੱਸ ਨਹੀਂ ਹੁੰਦਾ। ਇਹ ਵੀ ਕਾਬਲੀਅਤ ਹੁੰਦੀ ਹੈ। ਪਾਪਾ ਜੀ ਵਿੱਚ ਇਹ ਹੁਨਰ ਸੀ। ਉਹ ਜਿੱਥੇ ਵੀ ਰਹੇ ਆਪਣੇ ਕਦਮਾਂ ਦੇ ਨਿਸ਼ਾਨ ਛੱਡਦੇ ਰਹੇ। ਰਿਸ਼ਤੇ ਬਣਾਉਂਦੇ ਰਹੇ ਤੇ ਨਿਭਾਉਂਦੇ ਰਹੇ। ਅੱਜ ਵੀ ਗਿੱਲ ਸਾਹਿਬ ਦੇ ਪਰਿਵਾਰ ਤੇ ਖਾਸਕਰ ਚਾਚੇ ਕੇਹਰ ਸਿੰਘ ਗਿੱਲ ਨੂੰ ਯਾਦ ਕਰਕੇ ਅੱਖਾਂ ਭਰ ਆਉਂਦੀਆਂ ਹਨ। ਉਸ ਪਰਿਵਾਰ ਨਾਲ ਮੋਂਹ ਹੀ ਇੰਨਾ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ