1983 ਵਿਚ ਮੇਰੇ ਦੋਸਤ ਸ੍ਰੀ Sham Chugh ਦੀ ਪੋਸਟਿੰਗ ਬੈੰਕ ਆਫ ਬੜੌਦਾ ਵਿਚ ਰਾਜਸਥਾਨ ਦੇ ਜ਼ਿਲ੍ਹਾ ਝੁਣਝੁਣੁ ਦੇ ਮੰਡਾਵਾ ਕਸਬੇ ਵਿਚ ਹੋਈ। ਪਹਿਲੀ ਵਾਰੀ ਮੈਂ ਖੁਦ ਉਸਨੂੰ ਓਥੇ ਛੱਡਣ ਗਿਆ ਸੀ। ਉਸ ਕੋਲ ਤਿੰਨ ਚਾਰ ਦਿਨ ਰੁਕਿਆ ਸੀ। ਉਸ ਤੋਂ ਬਾਅਦ ਜਦੋਂ ਵੀ ਉਹ ਡਿਊਟੀ ਤੇ ਜਾਂਦਾ ਤਾਂ ਸ਼ਾਮ ਚੁੱਘ ਦਾ ਸਾਰਾ ਪਰਿਵਾਰ ਤੇ ਮੈਂ ਸਟੇਸ਼ਨ ਤੇ ਉਸਨੂੰ ਵਿਦਾ ਕਰਨ ਜਾਂਦੇ। ਸ਼ਾਮ ਲਾਲ ਦੇ ਮੰਮੀ, ਵੱਡੀ ਤੇ ਛੋਟੀ ਭੂਆ। ਵੱਡੀ ਭੂਆ ਨੂੰ ਸਾਰੇ ਮਾਤਾ ਆਖਦੇ ਸਨ ਤੇ ਛੋਟੀ ਭੂਆ ਨੂੰ ਮਾਸੀ। ਉਸਦਿਨ ਉਹ ਦੂਸਰੀ ਵਾਰ ਹੀ #ਮੰਡਾਵਾ ਜ਼ਾ ਰਿਹਾ ਸੀ। ਉਸ ਕੋਲ ਕਾਫੀ ਸਮਾਨ ਵੀ ਸੀ ਤੇ ਅਸੀਂ ਸਾਰੇ ਉਸ ਨੂੰ #ਸੀ_ਆਫ ਕਰਨ ਵਾਲੇ ਉਸਦੇ ਨਾਲ ਹੀ ਸੀ। ਗੱਡੀ ਥੋੜੀ ਲੇਟ ਸੀ। ਅਸੀਂ ਹੱਸਦੇ ਰਹੇ ਗੱਲਾਂ ਮਾਰਦੇ ਟਾਈਮ ਪਾਸ ਕਰਦੇ ਰਹੇ। ਜਦੋ ਗੱਡੀ ਆਈ ਤੇ ਸ਼ਾਮ ਲਾਲ ਦੇ ਛੋਟੇ ਭਰਾਵਾਂ ਤੇ ਮੈਂ ਸਮਾਨ ਦੇ ਕਾਫੀ ਨਗ ਅੰਦਰ ਰੱਖ ਦਿੱਤੇ। ਉਸੇ ਵੇਲੇ ਹੀ ਨਾਲ ਆਈਆਂ ਘਰ ਦੀਆਂ ਔਰਤਾਂ ਮਤਲਬ ਮੰਮੀ ਜੀ ਮਾਤਾ ਜੀ ਤੇ ਮਾਸੀ ਜੀ ਨੇ ਅੱਖਾਂ ਭਰ ਲਈਆਂ। ਮਹੌਲ ਇੱਕ ਦਮ ਗਮਗੀਨ ਹੋ ਗਿਆ। ਇਹ ਵੇਖਕੇ ਮੇਰੇ ਦੋਸਤ ਨੂੰ ਥੋੜਾ ਗੁੱਸਾ ਆ ਗਿਆ ਤੇ ਉਹ ਵੀ ਮਹਿਸੂਸ ਕਰ ਗਿਆ। ਉਸ ਨੇ ਜਾਣਾ #ਕੈਂਸਲ ਕਹਿਕੇ ਗੱਡੀ ਵਿਚ ਰੱਖਿਆ ਸਮਾਨ ਉਤਾਰਨਾ ਸ਼ੁਰੂ ਕਰ ਦਿੱਤਾ। ਅਸੀਂ ਸਾਰਿਆ ਨੇ ਉਸਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਓਹ ਨਹੀਂ ਮੰਨਿਆ। ਖੈਰ ਅਸੀਂ ਸਮਾਨ ਲ਼ੈਕੇ ਸਾਰੇ ਵਾਪੀਸ ਘਰ ਆ ਗਏ। ਮੈਂ ਵੀ ਵੱਡਾ ਹੋਣ ਦੇ ਨਾਤੇ ਸ਼ਾਮ ਲਾਲ ਤੇ ਗੁੱਸੇਂ ਹੋਇਆ। ਕਿ ਉਸਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ।
“ਯਾਰ ਜੇ ਮੈਂ ਇਸਵਾਰ ਅਜਿਹਾ ਨਾ ਕਰਦਾ ਤਾਂ ਹਰ ਵਾਰੀ ਇਹ੍ਹਨਾਂ ਨੇ ਰੋ ਕੇ ਮੈਨੂੰ ਪ੍ਰੇਸ਼ਾਨ ਕਰਨਾ ਸੀ। ਇਹ ਤਾਂ ਪੰਦਰਾਂ ਮਿੰਟ ਰੋਕੇ ਚੁੱਪ ਕਰ ਜਾਣ ਗੀਆਂ। ਮੈਨੂੰ ਓਥੇ ਦੋ ਤਿੰਨ ਮਹੀਨੇ ਲੰਘਾਉਣੇ ਔਖੇ ਹੋ ਜਾਂਦੇ ਹਨ।” ਮੇਰੇ ਦੋਸਤ ਸ਼ਾਮ ਲਾਲ ਨੇ ਮੈਨੂੰ ਦਿਲ ਦੀ ਗੱਲ ਦੱਸੀ। ਸੱਚੀ ਉਸਤੋਂ ਬਾਅਦ ਸ਼ਾਮ ਲਾਲ ਨੂੰ ਵਿਦਾ ਕਰਨ ਵੇਲੇ ਕਿਸੇ ਨੇ ਕਦੇ ਵੀ ਅੱਖ ਗਿੱਲੀ ਨਹੀਂ ਕੀਤੀ।
ਸਿਰਫ ਕੁੜੀਆਂ ਤੋਰਨੀਆਂ ਯ ਵਿਦਾ ਕਰਨੀਆਂ ਹੀ ਔਖੀਆਂ ਨਹੀ ਹੁੰਦੀਆਂ ਮੁੰਡੇ ਵਿਦਾ ਕਰਨੇ ਵੀ ਉਸਤੋਂ ਵੱਧ ਔਖੇ ਹਨ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ੦
ਸਾਬਕਾ ਸੁਪਰਡੈਂਟ