ਸ਼ਾਇਦ ਇਕੀਵੀ ਸਦੀ ਦੇ ਪਹਿਲੇ ਸਾਲ ਦੀ ਗੱਲ ਹੈ। ਕਿਸੇ ਦੋਸਤ ਦੀ ਮਿਹਰਬਾਨੀ ਨਾਲ ਮੈਂ ਇੱਕ ਨੋ ਇੰਚ ਦੇ ਚਾਰ ਸੌ ਗ੍ਰਾਮ ਦੇ ਵਜਨੀ ਮੁਬਾਇਲ ਦਾ ਨਵਾਂ ਨਵਾਂ ਮਾਲਿਕ ਬਣਿਆ। ਉਸ ਸਮੇ ਮੋਬਾਇਲ ਦਾ ਫਿਕਸ ਖਰਚਾ 600 ਰੁਪਏ ਸੀ ਕਾਲ ਕਰਨ ਅਤੇ ਸੁਣਨ ਦੇ ਵੱਖਰੇ ਪੈਸੇ ਲਗਦੇ ਸਨ। ਨਾ ਕਿਸੇ ਦੀ ਕਾਲ ਆਉਂਦੀ ਸੀ ਤੇ ਨਾ ਹੀ ਕਰਦਾ ਸੀ। ਕਿਉਂਕਿ ਮੇਰੇ ਕਿਸੇ ਕਰੀਬੀ ਰਿਸ਼ਤੇਦਾਰ ਦੋਸਤ ਯ ਪਹਿਚਾਣ ਵਾਲੇ ਕੋਲ ਮੋਬਾਈਲ ਨਹੀਂ ਸੀ। ਫਿਰ ਵੀ ਬਰਾਏ ਟੋਹਰ ਮੈਂ ਉਹ ਸੈਮਸੰਗ ਦੇ ਰਿਮੋਟ ਵਰਗਾ ਮੋਬਾਈਲ ਹੱਥ ਚ ਰੱਖਦਾ। ਇਸੇ ਟੋਹਰ ਦਾ ਸ਼ਿਕਾਰ ਮੇਰਾ ਛੋਟਾ ਬੇਟਾ ਮੋਬਾਇਲ ਨਿਕਰ ਦੀ ਜੇਬ ਵਿੱਚ ਪਾਕੇ ਸਾਈਕਲ ਤੇ ਬ੍ਰੈਡ ਦਾ ਪੈਕਟ ਲੈਣ ਮੋਹੱਲੇ ਦੀ ਦੁਕਾਨ ਤੇ ਗਿਆ। ਘਰੇ ਆ ਕੇ ਵੇਖਿਆ ਤਾਂ ਜੇਬ ਵਿਚ ਮੋਬਾਈਲ ਨਹੀਂ ਸੀ। ਅਸੀਂ ਸਾਰਾ ਟੱਬਰ ਮੋਬਾਈਲ ਦੀ ਭਾਲ ਵਿੱਚ ਉਸੇ ਦੁਕਾਨ ਤੱਕ ਗਏ। ਖੁੱਲੀ ਸੜ੍ਹਕ ਤੇ ਮੋਬਾਈਲ ਪਿਆ ਸੀ ਪਰ ਆਸੇ ਪਾਸੇ ਛੋਟੇ ਵੱਡੇ ਵੀਹ ਜਣੇ ਘੇਰਾ ਪਾਈ ਖੜੇ ਸਨ। ਕੋਈ ਇਸ ਨੂੰ ਟਾਈਮ ਬੰਬ ਦੱਸ ਰਿਹਾ ਸੀ ਤੇ ਕੋਈ ਵਿਦੇਸ਼ੀ ਯੰਤਰ। ਓਹਨਾ ਵਿਚੋਂ ਕਿਸੇ ਸਿਆਣੇ ਨੇ ਪੁਲਸ ਨੂੰ ਸੂਚਨਾ ਦੇਣ ਦਾ ਮਸਵਰਾ ਦਿੱਤਾ। ਇਸ ਨਾਲ ਬਾਕੀ ਵੀ ਸਹਿਮਤ ਹੋ ਗਏ। ਕੋਈ ਉਸ ਮੋਬਾਇਲ ਦੇ ਹੱਥ ਲਾਉਣ ਯ ਨੇੜੇ ਜਾਣ ਨੂੰ ਤਿਆਰ ਨਹੀਂ ਸੀ। ਮੌਕੇ ਤੇ ਪਹੁੰਚ ਕੇ ਮੇਰੇ ਪਾਪਾ ਜੀ ਨੇ ਉਸ ਸਮੂਹ ਨੂੰ ਦੱਸਿਆ ਕਿ ਇਹ ਮੋਬਾਇਲ ਹੈ। ਇਸ ਤਰਾਂ ਨਾਲ ਭੀੜ ਨੂੰ ਅਸਲੀਅਤ ਦੱਸ ਕੇ ਭੈ ਮੁਕਤ ਕੀਤਾ। ਅੱਜ ਮੇਰੇ 14 ਮਹੀਨਿਆਂ ਦੀ ਪੋਤੀ ਦੋਹਾ ਹੱਥਾਂ ਨਾਲ ਮੋਬਾਈਲ ਦੀ ਰੇਲ ਬਣਾ ਦਿੰਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ