ਵੈਸੇ ਜੰਗਲ ਪਾਣੀ ਜਾਣਾ ਜਾ ਰਫ਼ਾ ਹਾਜਤ ਲਈ ਜਾਣਾ, ਮਲ ਤਿਆਗ ਕਰਨਾ ਸਿਰਫ
ਮਨੁੱਖੀ ਕਿਰਿਆ ਹੀ ਨਹੀਂ, ਹਰ ਜੀਵ ਜੰਤੂ ਪਸ਼ੂ ਪੰਛੀ ਲਈ ਜਰੂਰੀ ਕਿਰਿਆ ਹੈ। ਇਸ ਨੂੰ ਨੇਚਰਲ ਕਾਲ ਵੀ ਕਹਿੰਦੇ ਹਨ। ਬਾਕੀ ਜੀਵਾਂ ਦਾ ਕੋਈ ਨਿਸ਼ਚਤ ਸਮਾਂ ਨਹੀਂ ਹੁੰਦਾ ਪਰ ਇਨਸਾਨ ਸਵੇਰੇ ਉੱਠਕੇ ਪਹਿਲਾਂ ਆਹੀ ਕੰਮ ਨਿੱਬੇੜਦਾ ਹੈ। ਹੋਰਨਾਂ ਦਾ ਮਲ ਮੂਤਰ ਬਹੁਤੀ ਵਾਰੀ ਕੰਮ ਵੀ ਆਉਂਦਾ ਹੈ ਹਾਲਾਂਕਿ ਉਹ ਗੰਦ ਮੰਦ ਖਾਂਦੇ ਹਨ ਤੇ ਇਨਸਾਨ ਵਧੀਆ ਖਾਂਦਾ ਹੈ ਪਰ ਇਸਦਾ ਮਲ ਮੂਤਰ ਕਿਸੇ ਕੰਮ ਨਹੀਂ ਆਉਂਦਾ। ਇਸਦੇ ਪੇਟ ਤੋਂ ਬਾਹਰ ਆਉਣ ਤੇ ਮਨੁੱਖ ਹੀ ਇਸਨੂੰ ਸਭ ਤੋਂ ਵੱਧ ਨਫਰਤ ਕਰਦਾ ਹੈ।
ਸ਼ੁਰੂ ਤੋਂ ਹੀ ਆਮ ਮਨੁੱਖ ਇਸ ਨਿਕਾਸੀ ਲਈ ਬਾਹਰ ਖੁੱਲ੍ਹੇ ਵਿੱਚ ਜਾਂਦਾ ਸੀ। ਵੱਡੇ ਰਾਜੇ ਮਹਾਰਾਜੇ ਸ਼ਾਇਦ ਕੋਈ ਸਪੈਸ਼ਲ ਜਗ੍ਹਾ ਜਾਂਦੇ ਹੋਣ। ਹਾਂ ਨਹਾਉਣ ਯ ਇਸ਼ਨਾਨ ਕਰਨ ਲਈ ਮਹਿਲਾਂ ਵਿੱਚ ਵੱਡੇ ਹਮਾਮ ਹੋਣ ਦਾ ਜ਼ਿਕਰ ਆਉਂਦਾ ਹੈ। ਪਰ ਆਮ ਜਨਤਾ ਖੁੱਲ੍ਹੇ ਵਿੱਚ ਜਾ ਕੇ, ਤਲਾਬ ਖੂਹ ਛੱਪੜ ਨਦੀ ਤੇ ਨੁਹਾਉਂਦੀ ਸੀ। ਘਰਾਂ ਵਿਚਲੇ ਮਰਦ ਲੋਕ ਖੁੱਲ੍ਹੇ ਵਿੱਚ ਪੱਟੜਾ ਯ ਫੱਟੀ ਰੱਖਕੇ ਨਹਾਉਂਦੇ ਤੇ ਔਰਤਾਂ ਅਕਸਰ ਮੰਜੀ ਟੇਡੀ ਕਰਕੇ ਜ਼ਰਾ ਓਟ ਵਿੱਚ ਨਹਾਉਂਦੀਆਂ। ਲੋਕ ਪਖਾਨਾ ਬਣਾਉਣ ਨੂੰ ਠੀਕ ਨਹੀਂ ਸਮਝਦੇ ਸੀ। ਫਿਰ ਲੋਕ ਬਾਹਰ ਖੁੱਲ੍ਹੇ ਵਿੱਚ ਕੱਚੀ ਵਲਗਣ ਬਣਾਕੇ ਪਖਾਨੇ ਬਣਾਉਣ ਲੱਗੇ। ਘਰਦੇ ਨੇੜੇ ਪਖਾਨਾ ਬਣਾਉਣ ਨੂੰ ਉਹ ਗਲਤ ਮੰਨਦੇ ਸਨ। ਉਸ ਪਖਾਨੇ ਦੇ ਕੋਈਂ ਗੇਟ ਦਰਵਾਜ਼ਾ ਨਹੀਂ ਸੀ ਲਾਉਂਦੇ। ਉਪਰ ਪਏ ਲੋਟੇ ਤੋਂ ਯ ਖੰਘੂਰੇ ਤੋਂ ਪਖਾਨੇ ਦੇ ਖਾਲੀ ਹੋਣ ਦਾ ਅੰਦਾਜ਼ਾ ਲਾਉਂਦੇ। ਫਿਰ ਘਰਾਂ ਵਿਚ ਪਖਾਨੇ ਬਣਾਉਣ ਦਾ ਚਲਣ ਹੋ ਗਿਆ। ਇਸ ਨੂੰ ਲੋਕ ਟੱਟੀ ਆਖਦੇ। ਤੇ ਨਹਾਉਣ ਵਾਲੀ ਜਗ੍ਹਾ ਨੂੰ ਗੁਸਲਖਾਨਾ ਕਹਿੰਦੇ। ਹੋਲੀ ਹੋਲੀ ਲੋਕਾਂ ਨੂੰ ਇਸ ਦੇ ਉਚਾਰਨ ਤੋਂ ਮੁਸ਼ਕ ਆਉਣ ਲੱਗ ਪਈ। ਇਸਦਾ ਨਾਮ ਲੇਟਰੀਨ ਤੇ ਬਾਥਰੂਮ ਹੋ ਗਿਆ। ਫਿਰ ਲੇਟਰੀਨ ਦੀ ਮੁਸ਼ਕ ਪ੍ਰੇਸ਼ਾਨ ਕਰਨ ਲੱਗੀ ਤਾਂ ਉਹ ਟਾਇਲਟ ਬਣ ਗਈ। ਜਦੋਂ। ਉਹ ਬੈਡਰੂਮ ਦੇ ਨੇੜੇ ਪਹੁੰਚੀ ਤਾਂ ਅਟੈਚਡ ਬਾਥਰੂਮ ਬਣ ਗਈ। ਬਾਥਰੂਮ ਵਾਸ਼ਰੂਮ ਵਿੱਚ ਬਦਲ ਗਿਆ। ਟਾਇਲਟ ਫੱਲਸ਼ ਵਿੱਚ। ਬੱਚਿਆਂ ਦੀ ਟੱਟੀ ਪੋਟੀ ਵਿੱਚ ਬਦਲ ਗਈ। ਹੁਣ ਬਹੁਤ ਵਧੀਆ ਮਹਿੰਗੇ ਤੇ ਚਮਕਦਾਰ ਸੀਟਾਂ ਵਾਲੇ ਬਾਥਰੂਮ ਹਨ ਉਥੇ ਹੱਗਣ ਨੂੰ ਵੀ ਦਿਲ ਨਹੀਂ ਕਰਦਾ।ਆਪਣੇ ਸਵਾਦ ਖਾਣੇ ਦੇ ਨਿਕਾਸ ਮਲ ਮੂਤਰ ਦੀ ਮੁਸ਼ਕ ਤੋਂ ਛੁਟਕਾਰਾ ਪਾਉਂਦਾ ਮਨੁੱਖ ਕਿੱਥੇ ਤੋਂ ਕਿੱਥੇ ਪਹੁੰਚ ਗਿਆ। ਮੇਰੇ ਯਾਦ ਹੈ ਲੋਕਾਂ ਦੇ ਚਾਰ ਗੁਣਾ ਚਾਰ ਫੁੱਟ ਦੇ ਬਾਥਰੂਮ ਯ ਟਾਇਲਟ ਦੇ ਦਰਵਾਜ਼ੇ ਅੰਦਰ ਨੂੰ ਖੁੱਲਦੇ ਸਨ। ਅੰਦਰੋਂ ਕੁੰਡੀ ਲਾਉਣ ਦੀ ਲੋੜ ਨਹੀਂ ਸੀ ਹੁੰਦੀ। ਜਦੋ ਇਹ ਦਰਵਾਜ਼ੇ ਬਾਹਰ ਨੂੰ ਖੁਲ੍ਹਣ ਲੱਗੇ ਤਾਂ ਬਿਨਾਂ ਕੁੰਡੀ ਲਾਈ ਬੈਠੇ ਬੰਦੇ ਦਾ ਪਰਦਾ ਚੱਕ ਹੋਣ ਲੱਗ ਪਿਆ। ਮਨੁੱਖ ਨੂੰ ਆਪਣੇ ਮਲ ਮੂਤਰ ਤੋਂ ਹੀ ਨਹੀਂ ਉਸਦੇ ਨਾਮ ਤੋਂ ਹੀ ਮੁਸ਼ਕ ਆਉਣ ਲੱਗ ਪਈ। ਸ਼ਬਦਾਂ ਨੂੰ ਬਦਲ ਕੇ ਮੁਸ਼ਕ ਤੇ ਗੰਦਗੀ ਤੋਂ ਬਚਣ ਦਾ ਹੀਲਾ ਕਰਦਾ ਆ ਰਿਹਾ ਮਨੁੱਖ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ ਓਹੀ ਮਲ ਮੂਤਰ ਜਿਸ ਨੂੰ ਤਿਆਗਣ ਲਈ ਤੇ ਮੁਸ਼ਕ ਤੋਂ ਬਚਣ ਲਈ ਉਹ ਇੰਨੇ ਉਪਰਾਲੇ ਕਰਦਾ ਹੈ ਪਹਿਲਾ ਉਸਦੇ ਪੇਟ ਵਿੱਚ ਹੀ ਹੁੰਦਾ ਹੈ।
ਕਾਸ਼ ਮਨੁੱਖੀ ਮਲ ਮੂਤਰ ਵੀ ਕਿਸੇ ਕੰਮ ਆ ਸਕਦਾ ਹੁੰਦਾ ਤੇ ਮਨੁੱਖੀ ਨਫਰਤ ਦਾ ਸ਼ਿਕਾਰ ਨਾ ਹੁੰਦਾ। ਪਸ਼ੂਆਂ ਦਾ ਗੋਬਰ ਤੇ ਮੂਤਰ, ਪੰਛੀਆਂ ਤੇ ਚੂਹਿਆਂ ਦੀਆਂ ਬਿੱਠਾਂ ਵੀ ਕੰਮ ਆਉਂਦੀਆਂ ਹਨ। ਗਊ ਮੂਤਰ ਨੂੰ ਮੌਜੂਦਾ ਸਰਕਾਰ ਵੀ ਪ੍ਰਮੋਟ ਕਰ ਰਹੀ ਹੈ।
ਕਹਿੰਦੇ ਜੋ ਇੱਕ ਵਾਰ ਜਾਏ ਉਹ ਯੋਗੀ।
ਜੋ ਦੋ ਵਾਰ ਜਾਏ ਉਹ ਭੋਗੀ।
ਤੇ ਜੋ ਤਿੰਨ ਵਾਰ ਜਾਏ ਯ ਬਾਰ ਬਾਰ ਜਾਏ, ਉਹ ਰੋਗੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ