ਪਿੰਡ ਦੀ ਮੌਜ਼ | pind di mauj

ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇੱਕ ਪਿੰਡ ਦੀ ਵਸਨੀਕ ਹਾਂ। ਗੱਲ ਪਿੰਡ ਦੀ ਮੌਜ਼ ਦੀ ਹੈ ਤਾਂ ਮੈਂ ਇਹ ਦੱਸਦੀ ਹਾਂ ਕਿ ਮੈਂ ਕਿਸ ਮੌਜ਼ ਦੀ ਗੱਲ ਕਰ ਰਹੀ ਹਾਂ। ਮੇਰਾ ਘਰ ਖੇਤਾਂ ਵਿੱਚ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਸ਼ਾਮ ਸਵੇਰੇ ਦੀ ਸਬਜ਼ੀ ਦੀ ਕੋਈ ਫ਼ਿਕਰ ਨਹੀਂ ਹੁੰਦੀ ਕਿਉਂਕਿ ਜਦੋਂ ਮਰਜ਼ੀ ਖੇਤ ਵਿੱਚੋਂ ਸਬਜ਼ੀ ਤੋੜੋ ਤੇ ਬਣਾਓ। ਨੰਬਰ ਦੋ ਮੈਂ ਸਵੇਰੇ ਜਲਦੀ ਉੱਠਦੀ ਹਾਂ ਤਕਰੀਬਨ ਸਾਢੇ ਚਾਰ ਵਜੇ ਉੱਠਦਿਆਂ ਹੀ ਗੁਰਦੁਆਰਾ ਸਾਹਿਬ ਮੱਥੇ ਲੱਗਦੇ ਹਨ ਨਮਸਕਾਰ ਕਰ ਕੇ ਫੇਰ ਹੀ ਕੰਮ ਲੱਗੀਦਾ ਨਾਲ -ਨਾਲ ਕੰਮ ਕਰਦੇ ਹਾਂ ਤੇ ਨਾਲ -ਨਾਲ ਬਾਬਾ ਜੀ ਤੋਂ ਬਾਣੀ ਸੁਣਦੇ ਹਾਂ। ਸਵੇਰੇ ਸਾਂਝੇ ਉੱਠ ਕੇ ਮੱਝਾਂ ਦਾ ਸੱਜਰਾ ਦੁੱਧ ਕੱਢਣਾ ਕੱਟਰੂਆਂ ਦਾ ਕਾਹਲੀ ਕਰਨਾ ਮੇਰੀ ਕੱਟੀ ਵੀਰਾ ਮੈਨੂੰ ਜਦੋਂ ਵੇਖ ਕੇ ਰਿੰਗਦੀ ਆ ਵੀ ਛੇਤੀ ਦੁੱਧ ਮਿਲੇ ਤਾਂ ਬਹੁਤ ਮੋਹ ਲੈਂਦੀ ਹੈ। ਸਵੇਰੇ ਗੁਰਦੁਆਰਾ ਸਾਹਿਬ ਵਿਚ ਮੋਰ ਬੋਲਣ ਲੱਗ ਜਾਂਦੇ ਨੇ ਜਿੰਨਾ ਦੀ ਬਹੁਤ ਜ਼ਿਆਦਾ ਰੌਣਕ ਹੁੰਦੀ ਹੈ। ਸਵੇਰੇ ਜਲਦੀ ਉੱਠ ਲੋਕ ਗੁਰੂਦਵਾਰਾ ਸਾਹਿਬ ਜਾਂਦੇ ਨੇ ਤਾਂ ਰਸਤੇ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਸੁਣ ਲੈਂਦੇ ਨੇ। ਕਿਸੇ ਦੇ ਘਰ ਖੁਸ਼ੀ ਆ ਚਾਹੇ ਗਮੀ ਆ ਸਾਰਾ ਪਿੰਡ ਇੱਕਠਾ ਹੋ ਜਾਂਦਾ ਹੈ। ਗੁਰਦੁਆਰਾ ਸਾਹਿਬ ਸਪੀਕਰ ਵਿੱਚ ਬੋਲਣ ਤੇ ਹੀ ਜਿਸ ਘਰ ਵਿਚ ਜਿੰਨਾ ਵੀ ਦੁੱਧ ਹੁੰਦਾ ਹੈ ਉਹ ਵਿਆਹ ਸ਼ਾਦੀ ਜਾਂ ਭੋਗ ਵਾਲੇ ਘਰ ਆਪ ਮੁਹਾਰੇ ਹੀ ਫੜਾਉਣ ਚਲੇ ਜਾਂਦੇ ਨੇ। ਜੇਕਰ ਕਿਸੇ ਗਰੀਬ ਦੀ ਧੀ ਦਾ ਵਿਆਹ ਆ ਜਾਵੇ ਪਿੰਡ ਵਿੱਚ ਤਾਂ ਪਿੰਡ ਦੇ ਜਿੰਮੀਦਾਰਾਂ ਦੀਆਂ ਔਰਤਾਂ ਉਸ ਬੱਚੀ ਲਈ ਕੱਪੜੇ ਜਾਂ ਕੋਈ ਹੋਰ ਵਰਤੋਂ ਵਾਲੀ ਚੀਜ਼ ਦੇ ਆਉਂਦੀਆਂ ਨੇ ਜੇਕਰ ਕਿਸੇ ਗਰੀਬ ਦੇ ਘਰ ਮਰਗਤ ਹੋ ਜਾਵੇ ਤਾਂ ਪਿੰਡ ਦੀਆਂ ਬੁੜੀਆਂ ਉੱਨਾ ਦੇ ਦੁੱਖ ਸੁੱਖ ਵੰਡਾਉਣ ਜਾਂਦੀਆਂ ਆਟਾ ਜ਼ਰੂਰ ਲੈ ਕੇ ਜਾਂਦੀਆਂ ਨੇ ਇਸ ਨਾਲ ਗਰੀਬ ਦੀ ਮਦਦ ਹੋ ਜਾਂਦੀ ਹੈ। ਪਿੰਡਾਂ ਵਿੱਚ ਤਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਬਜ਼ੀ ਪਸੰਦ ਨਾ ਆਵੇ ਤਾਂ ਕਿਸੇ ਚਾਚੇ ਤਾਏ ਦਿਓ ਲਿਆ ਕੇ ਖਾ ਲਈ ਜਾਂਦੀ ਹੈ। ਹੁਣ ਤਾਂ ਨਰਮੇ ਹੋਣੋਂ ਹਟ ਗਏ ਪਹਿਲਾਂ ਜਦੋਂ ਨਰਮੇ ਹੁੰਦੇ ਸੀ ਉਦੋਂ ਸਾਰਾ ਸਰੀਕਾ ਕਬੀਲਾ ਇੱਕਠਾ ਹੀ ਵਿੜੀਆ ਤੇ ਨਰਮਾ ਇੱਕਠਾਂ ਕਰ ਲੈਂਦਾ ਸੀ। ਮੈਂ ਤਾਂ ਆਪ ਬਹੁਤ ਨਰਮਾ ਚੁਕਿਆ ਆ ਰੋਜ਼ਾਨਾ ਜਿਦ ਕੇ ਨਰਮਾ ਚੁਗਦੇ ਵੀ ਕੌਣ ਵੱਧ ਚੁੱਗੂ ਇਸ ਨਾਲ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਸੀ।ਜਿਸ ਦਿਨ ਨਰਮਾ ਨਵੇੜ ਕੇ ਆਉਂਦੇ ਉਸ ਦਿਨ ਗੁਲਗਲੇ, ਖੀਰ, ਜਾਂ ਮਿੱਠੇ ਚੌਲ ਬਣਾਉਂਦੇ। ਪਿੰਡਾਂ ਦੇ ਭੋਲੇ ਲੋਕ ਤਾਂ ਜੇਕਰ ਰੱਬ ਮੀਂਹ ਨਾਂ ਪਾਵੇ ਤਾਂ ਗੁੱਡੀ ਫੁੱਕਣ ਲੱਗ ਜਾਂਦੇ ਨੇ ਪਿੰਡ ਦੀਆਂ ਬੁੜੀਆਂ ਕੁੜੀਆਂ ਇਕੱਠੀਆਂ ਹੋ ਕੇ ਇਹ ਕਾਰਜ ਕਰਦੀਆਂ ਨੇ ਸਵੇਰੇ ਜਲਦੀ ਉੱਠ ਕੇ ਪਹਿਲਾਂ ਪਿੰਡ ਵਿੱਚੋਂ ਆਟਾ ਗੁੜ ਤੇ ਤੇਲ ਇੱਕਠਾ ਕੀਤਾ ਜਾਂਦਾ ਹੈ ਤੇ ਫੇਰ ਇੱਕ ਘਰ ਵਿੱਚ ਸਾਰੇ ਪਿੰਡ ਦੀਆਂ ਮਾਈਆਂ ਗੁਲਗਲੇ ਪਕਾਉਂਦੀਆ ਨੇ ਫੇਰ ਇੱਕ ਗੁੱਡੀ ਇੱਕ ਕੁਆਰੀ ਕੁੜੀ ਦੀ ਸ਼ਕਲ ਦੀ ਮੂਰਤ ਬਣਾ ਲੈਂਦੀਆਂ ਨੇ ਫੇਰ ਉਸ ਦੇ ਬਹੁਤ ਸੋਹਣੇ ਕੱਪੜੇ ਪਾ ਕੇ ਉਸ ਦਾ ਹਾਰ ਸ਼ਿੰਗਾਰ ਕਰ ਕੇ ਪੂਰੇ ਰੀਤੀ ਰਿਵਾਜਾਂ ਨਾਲ ਉਸ ਦਾ ਸੰਸਕਾਰ ਕੀਤਾ ਜਾਂਦਾ ਹੈ ਤੇ ਉਸ ਨੂੰ ਰੋਇਆ ਪਿੱਟਿਆ ਜਾਂਦਾ ਹੈ ਤੇ ਉਸ ਨੂੰ ਇਹ ਸੁਨੇਹਾ ਲਾਇਆ ਜਾਂਦਾ ਹੈ ਕਿ ਉਹ ਪਰਮਾਤਮਾ ਕੋਲ ਜਾ ਕੇ ਸਨੇਹਾ ਲਾਵੇ ਕੇ ਪਿੰਡਾਂ ਵਿਚ ਤਾਂ ਮੀਂਹ ਬਿਨਾਂ ਕਾਲ ਪੈ ਗਿਆ ਹੈ ਤੇ ਪਰਮਾਤਮਾ ਲੋਕਾਂ ਦੀ ਪੁਕਾਰ ਸੁਣ ਕੇ ਮੀਂਹ ਪਾ ਦੇਵੇ। ਗੁੱਡੀ ਫੂਕ ਕੇ ਘਰ ਆ ਕੇ ਗੁਲਗੁਲੇ ਸਾਰੇ ਪਿੰਡ ਵਿੱਚ ਵੰਡੇ ਜਾਂਦੇ ਹਨ ਮੈਂ ਤਾਂ ਕਈ ਵਾਰ ਵੇਖਿਆ ਵੀ ਹੈ ਕਿ ਗੁਲਗੁਲੇ ਪੂਰੇ ਵੰਡੇ ਵੀ ਨਹੀਂ ਜਾਂਦੇ ਕਿ ਮੀਂਹ ਆ ਜਾਂਦਾ ਹੈ ਪਤਾ ਨਹੀਂ ਇਹ ਇਤਫ਼ਾਕ ਹੈ ਜਾਂ ਪਰਮਾਤਮਾ ਦਾ ਕਰਿਸ਼ਮਾ। ਮੈਨੂੰ ਪਿੰਡਾਂ ਦੇ ਰੀਤੀ ਰਿਵਾਜ ਬਹੁਤ ਹੀ ਪਸੰਦ ਨੇ ਵਿਆਹਾਂ ਵਿਚ ਜਾਗੋ ਕੱਢਣੀ ਤੇ ਛੱਜ ਤੋੜਨੇ ਨਾਨਕੇ ਦਾਦਕੀਆਂ ਦਾ ਬੋਲੀਆਂ ਵਿੱਚ ਜਿਦਣਾ ਮੈਨੂੰ ਬਹੁਤ ਪਸੰਦ ਆ। ਹੁਣ ਤਾਂ ਪਿੰਡਾਂ ਦੇ ਲੋਕ ਮੌਡਰਨ ਹੋ ਗਏ ਹਨ ਨਾਨਕਿਆਂ ਨੂੰ ਪਿੰਡ ਤੋਂ ਥੋੜ੍ਹੀ ਦੂਰ ਹੀ ਉਤਾਰ ਲਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਉੱਥੋਂ ਢੋਲ ਦੀ ਤਾਲ ਤੇ ਨੱਚਦਿਆਂ ਲਿਆਇਆ ਜਾਂਦਾ ਹੈ। ਬਹੁਤ ਹੀ ਸੋਹਣਾ ਹੈ ਇਹ ਰਿਵਾਜ। ਪਿੰਡਾਂ ਵਿੱਚ ਵਿਆਹਾਂ ਸ਼ਾਦੀਆਂ ਲਈ ਕੱਪੜਾ ਵੀ ਸਾਰਾ ਸਰੀਕਾ ਕਬੀਲਾ ਇੱਕਠਾ ਹੋ ਕੇ ਹੀ ਲੈ ਕੇ ਆਉਂਦਾਂ ਹੈ। ਔਰਤਾਂ ਇੱਕ ਦੂਜੀ ਨੂੰ ਆਪੇ ਹੀ ਮਹਿੰਦੀ ਲਾ ਦਿੰਦੀਆਂ ਨੇ ਤੇ ਵਿਆਹ ਵਾਲੇ ਦਿਨ ਇੱਕ ਦੂਜੀ ਨੂੰ ਆਪੇ ਹੀ ਤਿਆਰ ਕਰ ਦਿੰਦੀਆਂ ਨੇ।ਜੇ ਕਿਸੇ ਨੇ ਵਿਆਹ ਰਿਸਤੇਦਾਰੀ ਵਿਚ ਜਾਣਾ ਹੈ ਤਾਂ ਉਸ ਨੂੰ ਘਰ ਦੀ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ ਹੁੰਦੀ ਘਰ ਸਰੀਕਾ ਕਬੀਲਾ ਸਾਂਭ ਲੈਂਦਾ ਹੈ।ਜੇ ਕਿਸੇ ਦੇ ਘਰ ਮਰਗਤ ਹੋ ਜਾਵੇ ਤਾਂ ਸਾਰਾ ਸਰੀਕਾ ਕਬੀਲਾ ਉਸ ਦੇ ਘਰ ਭੋਗ ਤੱਕ ਰਹਿੰਦਾ ਹੈ ਰਾਤਾਂ ਨੂੰ ਵੀ ਉੱਥੇ ਹੀ ਪਿਆ ਜਾਂਦਾ ਹੈ। ਇੰਨੇ ਨਾਲ ਅਗਲੇ ਦਾ ਦੁੱਖ ਵੀ ਵੰਡਾਇਆ ਜਾਂਦਾ ਹੈ। ਪਿੰਡਾਂ ਦਾ ਇਹ ਏਕਾ ਥਵਾਕ ਮੈਨੂੰ ਬਹੁਤ ਪਸੰਦ ਹੈ। ਪਿੰਡ ਵਿੱਚ ਇੱਕ ਘਰ ਸਾਗ ਬਣਾ ਲਵੇ ਤਾਂ ਕਈ ਘਰਾਂ ਨੂੰ ਉਸ ਦਿਨ ਸਬਜ਼ੀ ਬਣਾਉਣ ਦੀ ਲੋੜ ਨਹੀਂ ਹੁੰਦੀ ਸਾਰੇ ਵੰਡ ਕੇ ਖਾ ਲੈਂਦੇ ਨੇ ਜੇ ਇੱਕ ਹਫ਼ਤੇ ਵਿੱਚ ਇੱਕ ਘਰ ਨੇ ਸਾਗ ਬਣਾ ਲਿਆ ਤਾਂ ਦੂਜੇ ਹਫਤੇ ਦੂਜੇ ਘਰ ਦੀ ਵਾਰੀ ਹੁੰਦੀ ਹੈ।ਇਸ ਤਰ੍ਹਾਂ ਦੀ ਹੁੰਦੀ ਹੈ ਪਿੰਡਾਂ ਦੀ ਰੌਣਕ ਤੁਹਾਨੂੰ ਕਿੱਦਾਂ ਦੀ ਲੱਗੀ ਜ਼ਰੂਰ ਦੱਸਣਾ ਜੀ। ਧੰਨਵਾਦ ਜੀ।

Leave a Reply

Your email address will not be published. Required fields are marked *