ਮਾਰਚ 1975 ਤੱਕ ਮੈਂ ਘੁਮਿਆਰੇ ਪਿੰਡ ਦੀਆਂ ਗਲੀਆਂ ਵਿੱਚ ਖੇਡਿਆ। ਉਹਨਾਂ ਗਲੀਆਂ ਵਿੱਚ ਘੁੰਮਿਆਂ ਜਿੰਨਾ ਦੇ ਨਾਂ ਪਿੰਡ ਵਾਲਿਆਂ ਨੇ ਆਪਣੀ ਸਾਹੂਲੀਅਤ ਨਾਲ ਰੱਖੇ ਸੀ। ਪਿੰਡ ਦੇ ਵੱਡੇ ਬੰਦਿਆ ਦੇ ਨਾਮ ਤੇ ਉਹਨਾਂ ਦੇ ਘਰਾਂ ਨਾਲ ਲਗਦੀਆਂ ਅੱਲਾਂ ਦੇ ਅਨੁਸਾਰ ਰੱਖੇ ਸਨ। ਜੋ ਆਮ ਲੋਕਾਂ ਵਿੱਚ ਪ੍ਰਚਲਿਤ ਸਨ। ਸਭ ਤੋਂ ਪਹਿਲਾਂ ਵੱਡੇ ਘਰਾਂ ਵਾਲੇ ਮਸ਼ਹੂਰ ਸਨ। ਬਾਬਾ ਹਜ਼ੂਰਾ ਬਾਬਾ ਕਪੂਰਾ ।ਉਹਨਾਂ ਦੇ ਘਰ ਦੇ ਵੱਡੇ ਵੱਡੇ ਦਰਵਾਜ਼ੇ ਸਨ।ਕਹਿੰਦੇ ਇੱਕ ਦਰਵਾਜ਼ੇ ਵਿੱਚ ਕਈ ਖੂਨ ਹੋਏ ਸਨ ਤੇ ਇਸੇ ਕਰਕੇ ਉਸਨੂੰ ਖੂਨੀ ਦਰਵਾਜ਼ਾ ਕਹਿੰਦੇ ਸਨ। ਇੱਕ ਬਾਬਾ ਨਰ ਸਿੰਘ ਵੀ ਸੀ। ਉਸਨੂੰ ਨਰ ਸੈਂ ਬੋਣਾ ਆਖਦੇ ਸਨ। ਉਸਦਾ ਕੱਦ ਬਹੁਤ ਛੋਟਾ ਸੀ। ਉਹਨਾਂ ਦੇ ਨੇੜੇ ਹੀ ਸਾਹਿਬ ਸਿਹੁੰ ਨੰਬਰਦਾਰ ਦਾ ਘਰ ਸੀ। ਪਿੰਡ ਦੇ ਬਾਹਰ ਬਾਹਰ ਦੋ ਭਰਾ ਰਹਿੰਦੇ ਸੀ ਵੱਡਾ ਬਾਬਾ ਗਿਆਨਾਂ ਸੀ ਤੇ ਛੋਟੇ ਨੂੰ ਮੱਲਾ ਬੋਲਾ ਆਖਦੇ ਸਨ। ਉਰਲੇ ਪਾਸੇ ਮਸ਼ੀਨ ਆਲਿਆਂ ਦੇ ਘਰ ਸਨ। ਬਾਬਾ ਬਲਵੰਤ, ਸਰਵਣ ਫੌਜ਼ੀ, ਤਾਇਆ ਹਰਬੰਸ ਤੇ ਪਹਿਲੇ ਘਰ ਵਾਲੇ ਬਾਬੇ ਨੂੰ ਜੰਗੀਰ ਅੱਖਾਂ ਮਾਰੂ ਆਖਦੇ ਸਨ। ਪਿੰਡ ਵਿੱਚ ਬਾਬੇ ਬਦਨ ਸਿੰਘ ਦਾ ਪਰਿਵਾਰ ਰਹਿੰਦਾ ਸੀ ਵੱਡੇ ਨੂੰ ਜਗੀਰ ਫੌਜ਼ੀ ਤੇ ਛੋਟੇ ਨੂੰ ਹਾਕਮ ਚੁਬਾਰਾ ਆਖਦੇ ਸੀ। ਇੱਕ ਤਾਇਆ ਮਹਾਂ ਸਿੰਘ ਹੁੰਦਾ ਸੀ ਪਤਾ ਨਹੀਂ ਕਿਉਂ ਉਸਨੂੰ ਮਹਾਂ ਸਿੰਘ ਕਮਲਾ ਆਖਦੇ ਸਨ। ਬਾਬਾ ਬਖਤੌਰ ਸਿੰਘ ਦੇ ਤਿੰਨ ਮੁੰਡੇ ਤਾਇਆ ਜਸਵੰਤ, ਬੰਤ ਸਿੰਘ ਤੇ ਤੀਜੇ ਦਾ ਮੈਨੂੰ ਨਾਮ ਭੁੱਲ ਗਿਆ। ਇੱਕ ਜੱਗਰ ਬਾਗੜੀਆਂ ਨਾਮ ਦਾ ਸਖਸ਼ ਵੀ ਰਹਿੰਦਾ ਸੀ। ਸ਼ਾਇਦ ਉਹ ਪਿੰਡ ਘੁਮਿਆਰੇ ਵਿਆਹਿਆਂ ਸੀ। ਗਲੋਲੂ ਨਾਮ ਦਾ ਬੰਦਾ ਵੀ ਸੀ ਜੋ ਮਜ਼ਦੂਰੀ ਕਰਦਾ ਸੀ। ਬਾਬਾ ਸੁਖਚਰਨ ਸਿੰਘ ਬਾਬਾ ਪ੍ਰੀਤਮ ਤੇ ਉਸ ਦੇ ਤਿੰਨ ਚਾਰ ਭਰਾ ਸਨ। ਜੋ ਸਕੂਲ ਵਾਲੇ ਛੱਪੜ ਕੋਲ੍ਹ ਰਹਿੰਦੇ ਸਨ। ਬਾਬੇ ਪ੍ਰੀਤੇ ਦੇ ਦੋ ਮੁੰਡੇ ਸਨ। ਮਾਸਟਰ ਕਰਤਾਰ ਸਿੰਘ ਤੇ ਗਾਹਵਾ ਸਿੰਘ। ਉਹਨਾਂ ਦਾ ਭਾਣਜਾ ਜਸਵੰਤ ਸਿੰਘ ਵੀ ਪਿੰਡ ਚ ਮਾਸਟਰ ਲਗਿਆ ਹੋਇਆ ਸੀ। ਖੂਹ ਆਲੀ ਗਲ਼ੀ ਵਿੱਚ ਬਾਬਾ ਬਲਵੀਰ ਸਿੰਘ ਤੇ ਬਾਬਾ ਸਰਵਣ ਦੋ ਭਰਾ ਰਹਿੰਦੇ ਸਨ। ਬਾਬੇ ਬਲਵੀਰ ਦਾ ਮੁੰਡਾ ਬਾਬੂ ਸਿੰਘ ਜੋ ਬਾਦ ਵਿੱਚ ਪਿੰਡ ਦਾ ਸਰਪੰਚ ਬਣਿਆ। ਛੋਟੂ ਸਿੰਘ ਤੇ ਠਾਣਾ ਸਿੰਘ ਉਸਦੇ ਭਰਾ ਸਨ। ਉਸੇ ਗਲੀ ਵਿੱਚ ਇੱਕ ਘਰ ਗੁਣੀਏ ਦਾ ਵੀ ਸੀ। ਉਸ ਦੀ ਮਾਂ ਨੂੰ ਅਸੀਂ ਚਾਚੀ ਖੰਡ ਵਾਲੀ ਕਹਿੰਦੇ ਸਨ। ਉਹ ਮੇਰੀ ਮਾਂ ਦੀ ਸਹੇਲੀ ਸੀ। ਪਿੰਡ ਵਿੱਚ ਚਾਰ ਪੰਜ ਘਰ ਮਹਾਜਨਾ ਦੇ ਸਨ ਜੋ ਹੱਟੀਆਂ ਕਰਦੇ ਸਨ। ਮੇਰੇ ਦਾਦਾ ਹਰਗੁਲਾਲ, ਬਾਬਾ ਹਰਬੰਸ ਜਿਸ ਨੂੰ ਹਰਬੰਸ ਮਿੱਡਾ ਆਖਦੇ ਸਨ। ਬਾਬਾ ਤਾਰੀ ਯਾਨੀ ਸੇਠ ਤਾਰਾ ਚੰਦ , ਬਾਬੇ ਸਾਵਨ ਸੇਠ ਦਾ ਪਰਿਵਾਰ ਬਾਬਾ ਆਤਮਾ ਸਿੰਘ ਤੇ ਹਾਕਮ ਸਿੰਘ। ਪਿੰਡ ਦੇ ਬਾਹਰਲੇ ਪਾਸੇ ਬਾਬੇ ਚਰਨ ਸਿੰਘ ਦੀ ਹੱਟੀ ਹੁੰਦੀ ਸੀ। ਭੂਆ ਨੰਦ ਕੁਰ ਕੀ। ਦੋ ਘਰ ਸੁਨਿਆਰਿਆਂ ਦੇ ਵੀ ਸਨ। ਬਾਬੇ ਮਨਸ਼ਾ ਰਾਮ ਕੇ। ਮਿੱਠੂ ਰਾਮ ਤੇ ਮਿਲਖੀ ਰਾਮ। ਸ਼ਰਾਬ ਦਾ ਠੇਕਾ ਬਹੁਤੇ ਸਾਲ ਬੈਜ ਨਾਥ ਦੇ ਨਾਮ ਰਿਹਾ ਹੈ। ਸਬਜ਼ੀ ਵਾਲੇ ਬਾਬੇ ਭਾਨੇ ਨੂੰ ਵੀ ਕਦੇ ਨਹੀਂ ਭੁਲਿਆ ਜਾ ਸਕਦਾ ਤੇ ਨਾ ਖੋਏ ਮਲਾਈ ਵੇਚਣ ਵਾਲੇ ਚਾਚੇ ਬਲਵੀਰੇ ਨੂੰ।
ਹੋਰ ਵੀ ਬਹੁਤ ਲੋਕ ਸਨ।ਜਿੰਨਾ ਦੇ ਨਾਂ ਤੇ ਕੰਮ ਬਹੁਤ ਪਿਆਰੇ ਸਨ।
ਬਹੁਤ ਲੋਕ ਰਹਿ ਵੀ ਗਏ ਹੋਣਗੇ ਜਿੰਨਾ ਦਾ ਜ਼ਿਕਰ ਨਹੀਂ ਕਰ ਸਕਿਆ। ਪਰ ਸਾਰਿਆਂ ਦੇ ਪਿਆਰ ਅੱਗੇ ਮੇਰਾ ਸ਼ੀਸ਼ ਝੁਕਦਾ ਹੈ।
ਪਤਾ ਨਹੀਂ ਹੁਣ ਪਿੰਡਾਂ ਦੇ ਕੀ ਹਾਲਾਤ ਹਨ ਪਰ ਮੇਰੇ ਦਿਲ ਵਿੱਚ ਬਹੁਤ ਵਧੀਆ ਤਸਵੀਰ ਵੱਸੀ ਹੋਈ ਹੈ ਪਿੰਡ ਘੁਮਿਆਰੇ ਦੀ। ਲੜਾਈ ਵੀ ਹੁੰਦੀ ਸੀ ਨਿੱਤ। ਪਰ ਓਹ ਆਰਜੀ ਲੜਾਈ ਹੁੰਦੀ ਸੀ। ਪੱਕਾ ਵੈਰ ਵਿਰੋਧ ਨਹੀਂ ਸੀ ਹੁੰਦਾ। ਪਰ ਪ੍ਰੇਮ ਬਹੁਤ ਹੁੰਦਾ ਸੀ। ਕਈ ਲੋਕਾਂ ਦਾ ਜਿਕਰ ਵਿਚਾਲੇ ਹੀ ਹੈ। ਬਾਬਾ ਜੱਸਾ ਪੰਚ। ਉਸ ਦਾ ਭਰਾ ਲੀਫੂ ਚੜ੍ਹ ਸਿੰਘ, ਮੁਸਲਮਾਨ ਮਿਸਤਰੀਆਂ ਦੇ ਘਰ ਜੋ ਲੋਹਾਰ ਪੁਣਾ ਵੀ ਕਰਦੇ ਸਨ। ਬਲੰਗਲਾਂ ਦਾ ਵੇਹੜਾ, ਚੋਲੂ ਚੁਮਰ, ਹਰਦਿਆਲ ਮੈਂਬਰ, ਮੁਕੰਦ ਸਰਪੰਚ ਨਰ ਸਿੰਘ ਸਰਪੰਚ ਉਹਨਾਂ ਦੇ ਪਿਤਾ ਆਤਮਾ ਸਿੰਘ ਵੈਦ, ਬਾਬਾ ਸੰਪੂਰਨ ਸਿੰਘ, ਕਰਤਾਰ ਸਿੰਘ । ਬਲਬੀਰ ਪਾਠੀ ਗੁਰਦਿਆਲ ਪਾਠੀ ਤੇ ਯੋਧਾ ਦੇ ਜ਼ਿਕਰ ਬਿਨਾਂ ਮੇਰਾ ਲੇਖ ਅਧੂਰਾ ਹੋਵੇਗਾ। ਬਾਦ ਵਿੱਚ ਇੱਕ ਜੋਂਗੇ ਵਾਲਾ ਵੀ ਪਿੰਡ ਦਾ ਸਰਪੰਚ ਬਣਿਆ। ਮੇਰੇ ਦਾਦਾ ਜੀ ਦਾ ਪਾਗੀ ਬਾਬਾ ਘੈਂਸਲੇ ਵਾਲਾ ਵੀ ਵਾਹਵਾ ਮਸ਼ਹੂਰ ਸੀ। ਉਸਦਾ ਪੋਤਾ ਤੇ ਮੇਰਾ ਸਹਿਪਾਠੀ ਰਣਧੀਰ ਸਿੰਘ ਵੀ ਪਿੰਡ ਦਾ ਸਰਪੰਚ ਬਣਿਆ। ਉਂਜ ਇੱਕ ਵਾਰੀ ਮੇਰੇ ਸਹਿਪਾਠੀ ਚਰਨੀ ਨੇ ਵੀ ਸਰਪੰਚੀ ਕੀਤੀ। ਉਸ ਵਾਰੀ ਸਰਪੰਚ ਦਲਿਤ ਕੋਟੇ ਲਈ ਰਾਖਵੀਂ ਸੀ। ਮੰਗਲ ਬੇਰੀਆਂ ਵਾਲਾ, ਤੇ ਕਰਤਾਰ ਲੋਹਾਰੇ ਵਾਲਾ। ਇੱਕ ਕਰਤਾਰ ਲਾਇਲਪੁਰੀਆ ਵੀ ਹੁੰਦਾ ਸੀ ਵਧੀਆ ਮਿਸਤਰੀ ਸੀ। ਚੱਕੀ ਵਾਲਾ ਕੂਤਨ ਨੂੰ ਚੱਕੀ ਕਰਕੇ ਅੱਧਾ ਪਿੰਡ ਜਾਣਦਾ ਸੀ। ਇੱਕ ਬੱਕਰੀਆਂ ਵਾਲੇ ਵੀ ਹੁੰਦੇ ਸਨ। ਝਿਉਰਾਂ ਦਾ ਬੁੜਾ ਤੇ ਉਸਦਾ ਦੋਹਤਾ ਦਰਸ਼ਨ ਮੋਟਾ। ਇੱਕ ਹਰੀਜਨ ਹਰਦਿਆਲ ਮੈਂਬਰ ਹੁੰਦਾ ਸੀ। ਬਲੰਗਣਾ ਦੇ ਵੇਹੜੇ ਬਾਬੇ ਮੋਦੀ ਦੀ ਹੱਟੀ ਵੀ ਵਾਹਵਾ ਚੱਲਦੀ ਹੁੰਦੀ ਸੀ। ਚੰਡੀਗੜ੍ਹ ਵਾਲਿਆ ਦਾ ਘਰ ਵੀ ਹੁੰਦਾ ਸੀ। ਮੁਸਲਮਾਨ ਲੋਹਾਰਾ ਦੇ ਘਰ ਤਾਇਆ ਸ਼ਰੀਫ , ਹਿਸਾਬਦੀਨ, ਰੌਣਕਦੀਨ ਹੁੰਦੇ ਸਨ ਬਾਬਾ ਹਿਸਾਬ ਦੀਨ ਬਹੁਤ ਵਧੀਆ ਚਰਖੇ ਬਣਾਉਂਦੇ ਸੀ। ਨੰਦ ਗਿਆਨੀ ਇੱਕ ਬਾਬਾ ਗੱਪੀ ਹੁੰਦਾ ਸੀ।
ਪਿੰਡ ਵੱਡਾ ਸੀ ਤੇ ਹਰ ਤਰਾਂ ਦੇ ਲੋਕ ਰਹਿੰਦੇ ਸਨ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ