ਵਾਲੀਬਾਲ ਕੋਚ ਪਰਮਜੀਤ | volleyball

ਨੱਬੇ ਦੇ ਦਹਾਕੇ ਦੇ ਨੇੜੇ ਤੇੜੇ ਖੇਡ ਵਿਭਾਗ ਪੰਜਾਬ ਦੀ ਪਰਮਜੀਤ ਕੌਰ ਨਾਮ ਦੀ ਵਾਲੀਬਾਲ ਕੋਚ ਸਾਡੇ ਸਕੂਲ ਵਿਚ ਡੈਪੂਟੇਸ਼ਨ ਤੇ ਆਈ। ਉਸਦਾ ਘਰਵਾਲਾ ਨੇੜੇ ਹੀ ਕਿਸੇ ਸਰਕਾਰੀ ਸਕੂਲ ਵਿਚ ਡੀ ਪੀ ਈ ਲੱਗਾ ਹੋਇਆ ਸੀ। ਕੋਚ ਮੈਡਮ ਨੂੰ ਸਕੂਲ ਵਿੱਚ ਹੀ ਕੁਆਰਟਰ ਮਿਲਿਆ ਹੋਇਆ ਸੀ। ਉਹ ਸਵੇਰੇ ਸ਼ਾਮੀ ਲੜਕੀਆਂ ਨੂੰ ਪ੍ਰੈਕਟਿਸ ਕਰਵਾਉਂਦੀ ਤੇ ਬਾਹਰ ਟੂਰਨਾਮੈਂਟਸ ਤੇ ਵੀ ਜਾਂਦੀ। ਓਹਨਾ ਦਿਨਾਂ ਵਿਚ ਸਰਕਾਰ ਨੇ ਪੀਟੀਂ, ਡੀਪੀ ਦੀਆਂ ਬਹੁਤ ਪੋਸਟਾਂ ਕੱਢੀਆਂ। ਫਿਰੋਜ਼ਪੁਰ, ਫਰੀਦਕੋਟ, ਬਠਿੰਡੇ, ਮਾਨਸਾ ਤੇ ਮੁਕਤਸਰ ਜਿਲਿਆਂ ਦੀਆਂ ਲੜਕੀਆਂ ਆਪਣੇ ਖੇਡਾਂ ਦੇ ਸਰਟੀਫਿਕੇਟ ਕੋਚ ਮੈਡਮ ਕੋਲੋ ਵੇਰੀਫਾਈ ਕਰਾਉਣ ਆਉਂਦੀਆਂ। ਬਾਦਲ ਪਿੰਡ ਆਉਣ ਜਾਣ ਦਾ ਰਸਤਾ ਥੋੜਾ ਟੇਡਾ ਹੈ। ਸਵੇਰ ਦੀਆਂ ਚਲੀਆਂ ਲੜਕੀਆਂ, ਔਰਤਾਂ ਦੁਪਹਿਰ ਤੋਂ ਬਾਅਦ ਹੀ ਬਾਦਲ ਪਿੰਡ ਪਹੁੰਚਦੀਆਂ। ਇਹ੍ਹਨਾਂ ਵਿਚ ਬਹੁਤੀਆਂ ਇਹੋ ਜਿਹੀਆਂ ਹੁੰਦੀਆਂ ਸਨ ਜਿੰਨਾਂ ਨੂੰ ਵਿਆਹੀਆਂ ਨੂੰ ਕਈ ਕਈ ਸਾਲ ਹੋਗੇ ਹੁੰਦੇ। ਉਹ ਨੌਕਰੀ ਦੀ ਉਮੀਦ ਲਾਹ ਚੁੱਕੀਆਂ ਹੁੰਦੀਆਂ ਤੇ ਘਰੇ ਸੰਭਾਲ ਤੇ ਗੋਹਾ ਕੂੜਾ ਕਰਦੀਆਂ ਹੁੰਦੀਆਂ ਸਨ। ਬਹੁਤੇ ਵਾਰੀ ਉਹਨਾਂ ਦੇ ਨਾਲ ਉਹਨਾਂ ਦੇ ਬਜ਼ੁਰਗ ਬਾਪ ਯ ਸੋਹਰੇ ਆਉਂਦੇ। ਮੈਂ ਦੂਰੋਂ ਆਈਆਂ ਹੋਣ ਕਰਕੇ ਚਾਹ ਪਾਣੀ ਜਰੂਰ ਪਿਲਾਉਂਦਾ। ਤੇ ਕੋਸ਼ਿਸ਼ ਕਰਦਾ ਕਿ ਉਹਨਾਂ ਦੀ ਵੈਰੀਫਿਕੇਸ਼ਨ ਜਲਦੀ ਹੋ ਜਾਂਵੇ ਤਾਂਕਿ ਓਹਨਾ ਔਰਤਾਂ ਨੂੰ ਜੋ ਉਮੀਦ ਦਾ ਪੱਲਾ ਛੱਡ ਚੁੱਕੀਆਂ ਹਨ ਨੂੰ ਰੋਜ਼ਗਾਰ ਮਿਲ ਸਕੇ। ਪਰ ਪਰਮਜੀਤ ਮੈਡਮ ਓਹਨਾ ਨੂੰ ਗਰਾਉਂਡ ਵਿੱਚ ਲ਼ੈ ਜਾਂਦੀ ਪੂਰੀ ਤੱਸਲੀ ਕਰਦੀ ਤੇ ਫਿਰ ਉਹ ਦਸਖਤ ਕਰਦੀ। ਮੈਡਮ ਦੀ ਮੋਹਰ ਅਕਸ਼ਰ ਹੀ ਮੇਰੇ ਟੇਬਲ ਦੇ ਦਰਾਜ ਵਿੱਚ ਹੀ ਹੁੰਦੀ ਸੀ। ਮੈਂ ਅਜਿਹੀਆਂ ਫ਼ਾਰਮੈਲਟੀਆਂ ਕਰਨ ਤੋਂ ਮੈਡਮ ਪਰਮਜੀਤ ਨੂੰ ਵਰਜਦਾ। ਪਰ ਓਹ ਆਪਣਾ ਕੰਮ ਆਪਣੇ ਤਰੀਕੇ ਨਾਲ ਹੀ ਕਰਦੀ। ਉਸਨੂੰ ਉਹਨਾਂ ਔਰਤਾਂ ਲੜਕੀਆਂ ਤੇ ਭੋਰਾ ਤਰਸ ਨਾ ਆਉਂਦਾ।
“ਦੇਖੋ ਸੇਠੀ ਜੀ ਜੇ ਮੈਂ ਇਹ ਮਾੜੀ ਮੋਟੀ ਕਾਗਜ਼ੀ ਤੇ ਫੀਲਡ ਦੀ ਫਾਰਮੇਲਟੀ ਨਾ ਕਰਾਂ ਤਾਂ ਇਹ੍ਹਨਾਂ ਨੇ ਸੋਚਣਾ ਹੈ ਕਿ ਦਫਤਰ ਵਾਲਿਆਂ ਨੇ ਵੈਰੀਫਿਕੇਸ਼ਨ ਦੇ ਨਾਮ ਤੇ ਸਾਡੀ ਉਂਜ ਹੀ ਭਕਾਈ ਕਰਵਾਈ ਹੈ। ਸਾਨੂੰ ਸੋ ਡੇਢ ਸੌ ਕਿਲੋਮੀਟਰ ਦਾ ਫਾਲਤੂ ਚੱਕਰ ਕਟਵਾਇਆ ਹੈ। ਹਾਂ ਮੈਂ ਕਿਸੇ ਦਾ ਕਦੇ ਕਲਮ ਨਾਲ ਨੁਕਸਾਨ ਨਹੀਂ ਕਰਦੀ।” ਇੱਕ ਦਿਨ ਅਜਿਹੀ ਵੈਰੀਫਿਕੇਸ਼ਨ ਦੀ ਕਾਰਵਾਈ ਤੋੰ ਬਾਅਦ ਮੈਡਮ ਪਰਮਜੀਤ ਨੇ ਮੈਨੂੰ ਸਮਝਾਇਆ।
ਜਿਵੇਂ ਅੱਜਕੱਲ ਡਾਕਟਰ ਆਪਣਾ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਮਰੀਜ ਦੇ ਕਈ ਟੈਸਟ ਕਰਵਾਉਂਦੇ ਹਨ। ਜੇ ਪਰਮਾਤਮਾ ਦੀ ਮੇਹਰ ਨਾਲ ਸਾਰੇ ਟੈਸਟ ਠੀਕ ਆ ਜਾਣ ਤਾਂ ਲ਼ੋਕ ਕਹਿੰਦੇ ਹਨ ਕਿ ਜਦੋ ਰਿਪੋਰਟ ਸ਼ਹੀ ਆਈ ਹੈ ਤਾਂ ਡਾਕਟਰ ਨੇ ਇੰਨੇ ਟੈਸਟ ਐਵੇਂ ਹੀ ਕਰਵਾਏ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *