ਬਚਪਨ ਵਿਚ ਪਿੰਡ ਘੁਮਿਆਰੇ ਰਹਿੰਦੇ ਅਸੀਂ ਗਰਮੀਆਂ ਵਿੱਚ ਬਰਫ ਦਾ ਗੋਲਾ ਖਾਂਦੇ। ਜਿਸਨੂੰ ਅਸੀਂ ਫੁੱਲ ਆਖਦੇ ਸੀ। ਉਹ ਦੁੱਕੀ ਤਿੱਕੀ ਯ ਪੰਜੀ ਦਾ ਆਉਂਦਾ ਸੀ। ਜਦੋਂ ਵਾਹਵਾ ਰੋਣ ਤੋਂ ਬਾਦ ਪੈਸੇ ਮਿਲਦੇ ਤਾਂ ਝੱਟ ਹੱਟੀ ਵੱਲ ਦੌੜ ਜਾਂਦੇ ਸਿਖਰ ਦੁਪਹਿਰੇ ਬਿਨਾਂ ਗਰਮੀ ਦੀ ਪਰਵਾਹ ਕੀਤੇ। ਉਸ ਸਮੇ ਹੱਟੀ ਵਾਲੇ ਉਸਦੇ ਉਪਰ ਪਾਉਣ ਵਾਲੇ ਹਰੇ ਲਾਲ ਪੀਲੇ ਰੰਗ ਨੂੰ ਮਿੱਠਾ ਕਰਨ ਲਈ ਖੰਡ ਦੀ ਜਗ੍ਹਾ ਸਕਰੀਨ ਦੀ ਵਰਤੋਂ ਕਰਦੇ। ਯ ਫਿਰ ਪਿੰਡਾਂ ਵਿਚ ਖੋਏ ਮਲਾਈ ਆਉਂਦੀ ਸੀ ਜੋ ਮਫਲਰ ਵਰਗੇ ਗਰਮ ਕਪੜੇ ਵਿਚ ਵਲ੍ਹਟੀ ਹੁੰਦੀ ਸੀ ਤੇ ਲੱਕੜ ਦੀ ਬਣੀ ਸੰਦੂਕਚੀ ਵਿੱਚ ਰੱਖੀ ਹੁੰਦੀ ਸੀ। ਫੇਰੀ ਵਾਲਾ ਖੋਏ ਮਲਾਈ ਨੂੰ ਲੋਹੇ ਦੀ ਛੁਰੀ ਨਾਲ ਕੱਟਕੇ ਕਾਗਜ਼ ਤੇ ਰੱਖਕੇ ਦਿੰਦਾ। ਖੋਏ ਮਲਾਈ ਦੇ ਨਾਲ ਨਾਲ ਅਸੀਂ ਕਾਗਜ਼ ਵੀ ਚੱਟਣ ਤੱਕ ਜਾਂਦੇ। ਯ ਅਸੀਂ ਹਰੇ ਲਾਲ ਪੀਲੇ ਰੰਗ ਦੀ ਕੁਲਫੀ ਖਾਂਦੇ ਜੋ ਪੰਜੀ ਦੀ ਇੱਕ ਆਉਂਦੀ ਸੀ।
ਫਿਰ ਇੱਕ ਵਾਰੀ ਅਸੀਂ ਸਰਸੇ ਇੱਕ ਵਿਆਹ ਤੇ ਗਏ। ਮੇਰੇ ਵੱਡੇ ਮਾਸੀ ਜੀ ਵੀ ਨਾਲ ਸਨ। ਉਹਨਾਂ ਨੇ ਸਾਨੂੰ ਕੱਪ ਵਾਲੀ ਆਈਸ ਕਰੀਮ ਖੁਆਈ। ਜੋ ਪੱਚੀ ਪੈਸੇ ਦਾ ਕੱਪ ਸੀ। ਕੱਪ ਨਾਲ ਲੱਕੜ ਵਾਲਾ ਚਮਚ ਜਿਹਾ ਵੀ ਸੀ। ਅਸੀਂ ਉਹ ਕਾਗਜ਼ ਦਾ ਖਾਲੀ ਕੱਪ ਤੇ ਚਮਚ ਰੇਹੜੀ ਵਾਲੇ ਨੂੰ ਵਾਪਿਸ ਕਰਨ ਲੱਗੇ ਕਿ ਇਹ ਦੁਬਾਰਾ ਵਰਤੋਂ ਵਿਚ ਆਉਂਦਾ ਹੋਵੇਗਾ। ਪਰ ਉਸਨੇ ਉਹ ਕੱਪ ਰੇਹੜੀ ਦੇ ਨਾਲ ਰੱਖੀ ਡਸਟਬਿੰਨ ਵਿਚ ਸੁੱਟ ਦਿੱਤਾ। ਫਿਰ ਵਧੀਆ ਬ੍ਰਾਂਡਡ ਆਈਸ ਕ੍ਰੀਮ ਦੇ ਨਵੇਂ ਨਵੇਂ ਫਲੇਵਰ ਆਉਣ ਲੱਗੇ। ਜਿੰਨਾ ਦੇ ਨਾਮ ਤੇ ਸਵਾਦ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸੀ ਹੁੰਦੀ। ਅੱਜ ਵੀ ਇਸ ਪੱਖੋਂ ਕੋਰੇ ਹਾਂ। ਇਸੇ ਤਰਾਂ ਫਿਰ ਇੱਕ ਵਾਰੀ ਅਸੀਂ ਘਰੇ ਚਾਲੀ ਰੁਪਏ ਦੀ ਆਈਸ ਕਰੀਮ ਦੀ ਬ੍ਰਿਕ ਲਿਆਂਦੀ। ਮੇਰੀ ਸ਼ਾਦੀ ਤੋਂ ਕੁਝ ਸਮਾਂ ਬਾਅਦ ਮੈਂ ਪਹਿਲੀ ਵਾਰੀ ਕੋਨ ਵਾਲੀ ਆਈਸ ਕਰੀਮ ਖਾਦੀ। ਜਿਸ ਨੂੰ ਲੋਕ ਸੋਫਟੀ ਵੀ ਕਹਿੰਦੇ ਸਨ। ਪਰ ਮੈਂ ਸੋਫਟੀ ਤੇ ਸੇਫਟੀ ਵਿੱਚ ਕੰਫਿਊਜ ਹੋ ਗਿਆ। ਓਦੋਂ ਹੀ ਮੈਨੂੰ ਪਤਾ ਲੱਗਿਆ ਕਿ ਸੋਫਟੀ ਵਾਲਾ ਕੋਨ ਵੀ ਖਾਣ ਵਾਲੇ ਪਦਾਰਥ ਦਾ ਬਣਿਆ ਹੁੰਦਾ ਹੈ। ਇਹ ਮੇਰੇ ਲਈ ਨਵੀਂ ਗੱਲ ਸੀ। ਉਸ ਤੋਂ ਬਾਦ ਮਹਿੰਗੀ ਤੋਂ ਮਹਿੰਗੀ ਆਈਸ ਕ੍ਰੀਮ ਖਾਣ ਦੇ ਨਾਲ ਨਾਲ ਆਈਸ ਕਰੀਮ ਵਾਲੇ ਕੇਕ ਦਾ ਵੀ ਸਵਾਦ ਚਖਿਆ।
ਦਿੱਲੀ ਦੇ ਇੱਕ ਮਾਲ ਵਿਚ ਇੱਕ ਸੋਫਟੀ ਡੇਢ ਸੌ ਰੁਪਏ ਦੀ ਵੀ ਖਾਧੀ। ਭਾਵੇਂ ਉਹ ਆਮ ਕਿਸਮ ਦੀ ਹੀ ਆਈਸ ਕਰੀਮ ਸੀ ਪਰ ਓਹ ਸਟਾਲ ਵਾਲਾ ਗ੍ਰਾਹਕ ਨੂੰ ਸੋਫਟੀ ਦੇਣ ਵੇਲੇ ਕਾਫੀ ਟ੍ਰਿਕ ਜਿਹੇ ਵਿਖਾਉਂਦਾ ਹੈ। ਲੋਕ ਉਸ ਦੀ ਵੀਡੀਓ ਬਣਾਉਂਦੇ ਹਨ। ਇੱਕ ਸੋਫਟੀ ਪਕੜਾਉਣ ਵਿਚ ਉਹ ਕੋਈ ਪੰਜ ਸੱਤ ਮਿੰਟ ਦਾ ਮਜ਼ਾਕ ਕਰਦਾ ਹੈ।
ਇਸ ਤਰਾਂ ਨਾਲ ਦਿਨ ਬਦਿਨ ਤਰੱਕੀ ਕਰਦੇ ਹੋਏ ਨਵੇਂ ਤਜੁਰਬੇ ਕਰਦੇ ਰਹੇ।
ਹੁਣ ਵੱਡੇ ਸ਼ਹਿਰਾਂ ਵਿੱਚ ਬਰਫ ਦੇ ਗੋਲੇ ਦਾ ਚਲਣ ਫਿਰ ਤੋਂ ਸ਼ੁਰੂ ਹੋ ਗਿਆ ਹੈ। ਹੁਣ ਇਹ ਬਰਫ ਦਾ ਗੋਲਾ ਡਿਸਪੋਜੇਬਲ ਗਿਲਾਸ ਵਿਚ ਦੱਸ ਕੁ ਰੁਪਏ ਦਾ ਮਿਲਦਾ ਹੈ। ਹੁਣ ਬਰਫ ਨੂੰ ਹੱਥ ਨਾਲ ਨਹੀਂ ਰੰਦਿਆ ਜਾਂਦਾ ਸਗੋਂ ਇਸ ਲਈ ਮਸ਼ੀਨ ਦੇ ਵਰਤੋਂ ਕੀਤੀ ਜਾਂਦੀ ਹੈ। ਤੇ ਉਸ ਉਪਰ ਸਕਰੀਨ ਵਾਲੇ ਰੰਗ ਨਹੀਂ ਸਗੋਂ ਗੁਲਾਬ ਸਰਬਤ ਯ ਰੂਅਫ਼ਜਾ ਪਾਇਆ ਜਾਂਦਾ ਹੈ। ਹੁਣ ਇਹ ਗੋਲਾ ਅਮੀਰ ਲੋਕ ਬੜੀ ਸ਼ਾਨ ਨਾਲ ਖਾਂਦੇ ਹਨ। ਮਤਲਬ ਬਰਫ ਦੇ ਗੋਲੇ ਤੋਂ ਚੱਲਿਆ ਸਫ਼ਰ ਬਰਫ ਦੇ ਗੋਲੇ ਤੇ ਹੀ ਆ ਗਿਆ। ਹੁਣ ਤੇ ਮੈਂ ਵੀ ਕਦੇ ਕਦੇ ਕਿਸੇ ਗੁਆਂਢੀ ਬੱਚੇ ਨੂੰ ਭੇਜ ਕੇ ਮੰਗਵਾ ਲੈਂਦਾ ਹਾਂ।
ਰੇਹੜੀ ਤੇ ਖੜ੍ਹਕੇ ਖਾਂਦੇ ਨੂੰ ਤਾਂ ਜਿਵੇਂ ਸੰਗ ਜਿਹੀ ਲਗਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ