ਯਾਦਾਂ ਪਿੰਡ ਘੁਮਿਆਰੇ ਦੀਆਂ।
ਪਿੰਡ ਘੁਮਿਆਰੇ ਵਿਚਲੀ ਸੱਥ ਦੀ ਥੜੀ ਪੱਕੀ ਬਣੀ ਹੋਈ ਸੀ। ਪਿੰਡ ਦੇ ਬਜ਼ੁਰਗ ਬੈਠੇ ਤਾਸ਼ ਖੇਡਦੇ ਰਹਿੰਦੇ। ਕੁਝ ਲੋਕ ਸਣ ਕਢਦੇ ਤੇ ਫਿਰ ਰੱਸੇ ਵੱਟਦੇ। ਕਈ ਸੂਤ ਵੱਟਦੇ। ਤੇ ਕਈ ਡਿੱਗੀ ਨਲਕੇ ਤੋਂ ਪਾਣੀ ਭਰਨ ਜਨਾਨੀਆਂ ਵੱਲ ਟੇਡੀ ਨਜ਼ਰ ਨਾਲ ਦੇਖਦੇ। ਸਥ ਤੋਂ ਥੋੜ੍ਹਾ ਅੱਗੇ ਥਿਆਈ ਸੀ। ਸਾਂਝੀ ਧਰਮਸ਼ਾਲਾ ਜੋ ਕੱਚੀ ਬਣੀ ਹੋਈ ਸੀ। ਪਿੰਡ ਵਿੱਚ ਚਾਰ ਪੰਜ ਘਰ ਮੁਸਲਮਾਨਾਂ ਦੇ ਸਨ। ਜਿੰਨਾ ਨੂੰ 47 ਦੇ ਰੋਲੇ ਵੇਲੇ ਪਿੰਡ ਵਾਲਿਆਂ ਨੇ ਪਨਾਹ ਦਿੱਤੀ ਸੀ। ਉਹ ਮੁਸਲਮਾਨ ਹੁੰਦੇ ਹੋਏ ਵੀ ਭਾਰਤੀ ਸਨ। ਤਾਇਆ ਸ਼ਰੀਫ ਬਹੁਤ ਵਧੀਆ ਲੋਹਾਰ ਸੀ। ਲੱਕੜ ਤੇ ਲੋਹੇ ਦਾ ਕੰਮ ਸੇਪੀ ਤੇ ਕਰਦੇ। ਕਹੀ ਸੱਬਲ ਦਾਤੀ ਹਲ ਜਿੰਦਰੇ ਠੀਕ ਕਰਨ ਦੇ ਨਾਲ ਨਾਲ ਮੰਜੇ ਵੀ ਠੀਕ ਕਰਦੇ। ਮੰਜੇ ਦੀਆਂ ਚੂਲਾਂ ਫੰਨੇ ਪੀੜ੍ਹੀ ਲੋਕ ਠੀਕ ਕਰਵਾਉਂਦੇ। ਬਾਬਾ ਸਾਹਿਬ ਦੀਨ ਬਹੁਤ ਵਧੀਆ ਚਰਖੇ ਬਣਾਉਂਦਾ ਸੀ। ਪਹਿਲਵਾਨ ਮੇਹਰ ਦੀਨ ਦੀ ਭੈਣ ਵੀ ਇਥੇ ਹੀ ਵਿਆਹੀ ਸੀ। ਬਾਬਾ ਰੌਣਕੀ ਜਿਸ ਨੂੰ ਰੌਣਕੀ ਲੋਹਾਰ ਆਖਦੇ ਸਨ ।ਉਹ ਲੰਗ ਮਾਰਦਾ ਸੀ। ਕਹਿੰਦੇ ਪੁਲਸ ਦੀ ਕੁੱਟ ਨੇ ਉਸਨੂੰ ਲੰਗੜਾ ਕਰ ਦਿੱਤਾ ਸੀ। ਸੁਣਿਆ ਉਹ ਦੇਸੀ ਪਿਸਤੌਲ ਬਣਾਉਂਦਾ ਸੀ। ਇੱਕ ਦੋ ਘਰ ਮੁਸਲਮਾਨ ਲੋਹਾਰਾਂ ਦੇ ਹੋਰ ਵੀ ਸਨ। ਉਹ ਪਿੰਡ ਵਾਲਿਆਂ ਨਾਲ ਬਹੁਤ ਪਿਆਰ ਨਾਲ ਰਹਿੰਦੇ। ਬਾਬੇ ਤਾਰੀ ਦੀ ਹੱਟੀ ਤੇ ਸਾਂਝਾ ਨਲਕਾ ਉਧਰ ਹੀ ਸੀ। ਪਿੰਡ ਦਾ ਖੂਹ ਬਹੁਤ ਡੂੰਘਾ ਸੀ। ਮੇਰੀ ਸੂਰਤ ਵਿੱਚ ਉਸਨੂੰ ਚਲਦਾ ਨਹੀਂ ਵੇਖਿਆ। ਇੱਕ ਦੋ ਘਰ ਬਾਜ਼ੀਗਰਾਂ ਦੇ ਵੀ ਸਨ। ਗੁਰਦੁਆਰੇ ਵਾਲੀ ਗੋਲ ਡਿੱਗੀ ਵਿੱਚ ਪਹਿਲੀ ਵਾਰੀ ਮੈਂ ਸੀਂਹ ਵੇਖਿਆ ਜਿਸ ਦੇ ਕੰਢੇ ਬੜੇ ਨੋਕੀਲੇ ਹੁੰਦੇ ਹਨ। ਪਿੰਡ ਵਿੱਚ ਕਈ ਛੱਪੜ ਸਨ ਜਿਵੇਂ ਬਰਾਨੀ ਛੱਪੜ ਸਿਵਿਆਂ ਵਾਲਾ ਛੱਪੜ ਖੂਹ ਵਾਲਾ ਛੱਪੜ ਵੱਡਾ ਛੱਪੜ ਤੇ ਕੱਚੀ ਡਿੱਗੀ। ਕਹਿੰਦੇ ਬਾਬਾ ਸੰਪੂਰਨ ਚੌਧਰੀ ਦੇਵੀ ਲਾਲ ਦਾ ਪਾਗੀ ਸੀ ਤੇ ਉਸਨਾਲ ਕੁਸ਼ਤੀ ਖੇਡਦਾ ਹੁੰਦਾ ਸੀ।
ਓਦੋਂ ਦੀਆਂ ਛੋਟੀਆਂ ਗੱਲਾਂ ਅੱਜ ਵੱਡੀਆਂ ਲਗਦੀਆਂ ਹਨ ਤੇ ਵੱਡੀਆਂ ਗੱਲਾਂ ਬਹੁਤ ਛੋਟੀਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ