ਕਿ ਕਰੀਏ ਫੁਫੜ ਆਲੀ | kii kariye fufad aali

ਸਮਾਜਿਕ ਰਿਸ਼ਤਿਆਂ ਵਿੱਚ ਆਦਮੀ ਨੂੰ ਤਿੰਨ ਤਰੱਕੀਆਂ ਤੋ ਬਾਅਦ ਫੁਫੜ ਦਾ ਦਰਜਾ ਹਾਸਿਲ ਹੁੰਦਾ ਹੈ। ਕਈ ਵਾਰੀ ਸਿੱਧੀ ਭਰਤੀ ਤੇ ਚੰਗੀ ਕਿਸਮਤ ਕਰਕੇ ਬੰਦਾ ਸਿੱਧਾ ਹੀ ਫੁਫੱੜ ਦਾ ਰੁਤਬਾ ਪ੍ਰਾਪਤ ਕਰ ਲੈੱਦਾ ਹੈ। ਆਮ ਤੋਰ ਤੇ ਪਹਿਲਾ ਆਦਮੀ ਜਵਾਈ ਬਣਦਾ ਹੈ । ਇਥੇ ਉਸ ਦਾ ਬਹੁਤ ਅਦਬ ਸਤਕਾਰ ਹੁੰਦਾ ਹੈ ਜਵਾਈ ਮਤਲਬ ਜੰਮ ਜੰਮ ਆਈ ਤੇ ਜੰਮ ਜੰਮ ਖਾਉ। ਖੂਬ ਸੇਵਾ ਹੁੰਦੀ ਹੈ। ਤੇ ਜਵਾਈ ਸਾਹਿਬ ਵੀ ਆਪਣੇ ਆਪ ਨੂੰ ਦੁਨਿਆ ਦਾ ਰਾਜਾ ਸਮਝਦਾ ਹੈ।ਸੱਸ ਸਹੁਰੇ ਦੇ ਰਾਜ ਦੀਆਂ ਐਸ਼ਾਂ ਲੁਟਣ ਤੌ ਬਾਅਦ ਉਸ ਨੂੰ ਜੀਜਾ ਜੀ ਬਨਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਜੀ ਜਾ ਜੀ ਮਤਲਬ ਆਉਂਦਿਆਂ ਨੂੰ ਜੀ ਜੀ ਤੇ ਜਾਂਦਿਆਂ ਨੂੰ ਵੀ ਜੀ ਜੀ।ਫਿਰ ਹੋਲੀ ਹੋਲੀ ਉਸ ਦੀ ਤੀਜੀ ਤਰੱਕੀ ਬਤੋਰ ਫੁਫੱੜ ਹੁੰਦੀ ਹੈ। ਇਸ ਅਹੁਦੇ ਤੇ ਉਸਦੀ ਫੂੰ ਫਾਂ ਉਵੇਂ ਹੀ ਬਰਕਰਾਰ ਹੁੰਦੀ ਹੈ ਪਰ ਉਸਦੀ ਉਹ ਕਦਰ ਨਹੀ ਹੁੰਦੀ ਜੋ ਪਹਿਲਾਂ ਹੁੰਦੀ ਸੀ।
ਕਿਉਕਿ ਫੁੱਫੜ ਘਰ ਦਾ ਵੱਡਾ ਤੇ ਪਹਿਲਾ ਜਵਾਈ ਹੁੰਦਾ ਹੈ।ਪਹਿਲੇ ਜਮਾਨੇ ਵਿੱਚ ਉਸ ਦੀ ਅਹਿਮੀਅਤ ਬਹੁਤ ਜਿਆਦਾ ਹੁੰਦੀ ਸੀ।ਹਰ ਕੰਮ ਵਿੱਚ ਉਸ ਦੀ ਪੁਛ ਗਿੱਛ ਹੁੰਦੀ ਸੀ। ਉਹ ਜਿੱਥੇ ਚਾਹੁੰਦਾ ਪਰਿਵਾਰ ਦੇ ਮੁੰਡੇ ਕੁੜੀਆਂ ਦੇ ਰਿਸ਼ਤੇ ਕਰਵਾ ਸਕਦਾ ਸੀ। ਕੋਈ ਉਸਦਾ ਕਿਹਾ ਨਹੀ ਸੀ ਮੋੜਦਾ । ਬਜੁਰਗ ਤੇ ਬਾਕੀ ਸਾਰੇ ਜੀਅ ਉਸ ਦੇ ਫੈਸਲੇ ਤੇ ਕਿੰਤੂ ਪਰੰਤੂ ਕਰਨ ਦਾ ਹੀਆ ਨਹੀ ਸੀ ਕਰ ਸਕਦੇ। ਆਮ ਤੋਰ ਤੇ ਭੂਆ ਵੀ ਫੁਫੱੜ ਦੇ ਇਸ਼ਾਰਿਆਂ ਨੂੰ ਸਮਝਦੀ ਹੋਈ ਅਕਸਰ ਆਪਣੀਆਂ ਭਤੀਜੀਆਂ ਦੇ ਸਾਕ ਆਪਣੇ ਦਿਉਰਾਂ, ਜੇਠ ਅਤੇ ਨਨਾਣਾਂ ਦੇ ਮੁਡਿਆਂ ਲਈ ਲੈ ਜਾਂਦੀਆਂ ਸਨ।ਹੁਣ ਤਾਂ ਪ੍ਰੇਮ ਵਿਆਹਾਂ ਤੇ ਰਿਸ਼ਤੇ ਕਰਾਉਣ ਵਾਲੀਆਂ ਏਜੰਸੀਆਂ ਦਾ ਜਮਾਨਾ ਹੈ।
ਅਜੋਕੀ ਪੀੜੀ ਵਿੱਚ ਉਹ ਗੱਲਾਂ ਨਹੀ ਹਨ। ਜਿੰਨਾਂ ਚਿਰ ਕਿਸੇ ਦਾ ਸੱਸ ਸਹੁਰਾ ਬੈਠਾ ਹੈ ਜਵਾਈ ਭਾਈ ਦਾ ਪੂਰਾ ਮਾਣ ਸਨਮਾਣ ਹੁੰਦਾ ਹੈ।ਜਦੋ ਵਾਗਡੋਰ ਦੂਜੀ ਪੀੜੀ ਦੇ ਹੱਥ ਆ ਜਾਂਦੀ ਹੈ ਤੇ ਸ਼ਰਮੋ ਸਰਮੀ ਜੀ ਜੀ ਹੁੰਦੀ ਹੈ ਜਵਾਈ ਤੋਂ ਜੀਜਾ ਬਣਿਆ ਆਪਣੀ ਪਹਿਲੇ ਵਾਲੇ ਰੁਤਬੇ ਦੀ ਉਮੀਦ ਕਰਦਾ ਹੈ ਪਰ ਉਹ ਗੱਲ ਨਹੀ ਬਣਦੀ। ਤੇ ਫਿਰ ਤੀਜੀ ਪੀੜੀ ਤਾਂ ਭੂਆ ਨੂੰ ਘਰ ਵਿੱਚ ਬੇਲੋੜੀ ਦਖਲ ਅੰਦਾਜੀ ਕਰਨ ਵਾਲੀ ਬਾਹਰਲੀ ਔਰਤ ਸਮਝਦੀ ਹੈ ਤੇ ਇਸ ਪੀੜੀ ਤੋਂ ਫੁਫੱੜ ਦੇ ਬੇਲੋੜੇ ਨਖਰੇ ਬਰਦਾਸਤ ਨਹੀ ਹੁੰਦੇ। ਪਰ ਫੁਫੱੜ ਸ੍ਰੀ ਵਿੱਚ ਆਪਣੀ ਸੀਨੀਆਰਟੀ ਵਾਲਾ ਭੂਤ ਸਵਾਰ ਹੁੰਦਾ ਹੈ ਤੇ ਉਸ ਦਾ ਰੁਸਣ ਵਾਲਾ ਕੀੜਾ ਥੋੜਾ ਜਿਹਾ ਵੱਧ ਉਤਾਵਲਾ ਹੁੰਦਾ ਹੈ।
ਇਹ ਇੱਕਲੇ ਫੁਫੱੜ ਨਾਲ ਹੀ ਨਹੀ ਹੁੰਦਾ । ਘਰ ਦੇ ਬਜੁਰਗਾਂ ਦੀ ਵੀ ਹੋਲੀ ਹੋਲੀ ਪੁਛ ਪ੍ਰਤੀਤ ਘੱਟਣੀ ਸੁਰੂ ਹੋ ਜਾਂਦੀ ਹੈ। ਉਹਨਾਂ ਦੀ ਰੋਟੀ ਦਾ ਖਰਚਾ ਉਹਨਾ ਨੂੰ ਮਿਲਦੀ ਪੈਨਸ਼ਨ ਤੇ ਸਾਂਝੇ ਮਕਾਨ ਦੇ ਕਿਰਾਏ ਨਾਲ ਪੂਰਾ ਕੀਤਾ ਜਾਂਦਾ ਹੈ। ਸਿਆਣੇ ਬਜੁਰਗ ਅਤੇ ਫੁਫੱਡ ਸਮੇ ਦੀ ਨਜਾਕਤ ਨੂੰ ਸਮਝਦੇ ਹੋਏ ਆਪਣੀ ਦਖਲ ਅੰਦਾਜੀ ਨੂੰ ਬਿਲਕੁਲ ਘੱਟ ਕਰ ਲੈਦੇ ਹਨ। ਤੇ ਆਪਣੇ ਆਪ ਨੂੰ ਬਸ ਰੋਟੀ ਖਾਣ ਤੱਕ ਹੀ ਸੀਮਤ ਕਰ ਲੈੱਦੇ ਹਨ। ਜੋ ਆਪਣੀ ਪੁਰਾਣੀ ਚਾਲ ਢਾਲ ਤੇ ਅੜੇ ਰਹਿੰਦੇ ਹਨ ਉਹ ਦੀ ਹੁੰਦੀ ਦੁਰਦਸਾ ਨੂੰ ਕੋਈ ਟਾਲ ਨਹੀ ਸਕਦਾ।ਬਹੁਤੀਆਂ ਥਾਵਾਂ ਤੇ ਵੇਖਿਆ ਗਿਆ ਹੈ ਕਿ ਫੁਫੱੜ ਆਪਣੀ ਹੈਕੜ ਨਹੀ ਛੱਡਦੇ ਤੇ ਨਵੀ ਪੀੜੀ ਉਹਨਾ ਨੂੰ ਉਹ ਸਨਮਾਣ ਨਹੀ ਦਿੰਦੀ ਜਿਸਦੀ ਉਹ ਉਮੀਦ ਕਰਦੇ ਹਨ ਜਾ ਉਹ ਹੱਕਦਾਰ ਹੁੰਦੇ ਹਨ। ਇੱਥੇ ਆਕੇ ਸਾਰਾ ਮਾਮਲਾ ਗੜਬੜਾ ਜਾਂਦਾ ਹੈ। ਮਾਂ ਪਿਉ (ਦੂਜੀ ਪੀੜੀ) ਵੀ ਆਪਣੇ ਬੱਚਿਆਂ ਦੇ ਹੱਕ ਵਿੱਚ ਨਿਤਰਣ ਲਈ ਮਜਬੂਰ ਹੋ ਜਾਂਦੇ ਹਨ। ਰਿਸ਼ਤਿਆਂ ਚ ਪਣਪੀ ਖਟਾਸ ਹੋਲੀ ਹੋਲੀ ਰਿਸ਼ਿਤਆਂ ਦੇ ਟੁੱਟਣ ਤੱਕ ਪਹੁੰਚ ਜਾਂਦੀ ਹੈ।
ਫਫੱੜ ਸਬਦ ਰੁਸਣ ਦਾ ਦੂਜਾ ਨਾਂ ਬਣ ਚੁਕਿਆ ਹੈ। ਹਰ ਵਿਆਹ ਸ਼ਾਦੀ ਤੇ ਰੁਸਣਾ ਉਹ ਆਪਣੀ ਸ਼ਾਨ ਤੇ ਹੱਕ ਸਮਝਦਾ ਹੈ ਤੇ ਉਹ ਉਮੀਦ ਕਰਦਾ ਹੈ ਕਿ ਮੇਰੀ ਮਿੰਨਤ ਮੁਥਾਜੀ ਵੀ ਜਰੂਰ ਹੋਵੇਗੀ ਤੇ ਇੱਥੇ ਹੀ ਫੁਫੱੜ ਮਾਤ ਖਾ ਜਾਂਦਾ ਹੈ। ਕੋਈ ਫੁਫੱੜ ਦੀ ਬਾਤ ਨਹੀ ਪੁਛਦਾ। ਉਹ ਜਹਿਰੀਲੇ ਸੱਪ ਵਾਂਗੂ ਫੁੰਨਕਾਰੇ ਮਾਰਦਾ ਤੇ ਵਿਉ ਘੋਲਦਾ ਰਹਿੰਦਾ ਹੈ। ਤੀਜੀ ਪੀੜੀ ਦਾ ਕੋਈ ਲੰਡੂ ਜਿਹਾ ਜੁਆਕ ਅਜੇਹੇ ਮੋਕੇ ਤੇ ਮਾਂ ਪਿਉ ਦੀ ਹੱਲਾ ਸ਼ੇਰੀ ਸਦਕਾ ਫੁੱਫੜ ਤੇ ਹੱਥ ਹੋਲਾ ਕਰ ਦਿੰਦਾ ਹੈ। ਇਹੀ ਉਸ ਸਮੇ ਫੁਫੜ ਦੀ ਅਕਲ ਠਿਕਾਣੇ ਲਿਆਉਣ ਦਾ ਆਖਰੀ ਜਰੀਆ ਸਮਝਿਆ ਜਾਂਦਾ ਹੈ।ਕੋਈ ਨਾ ਜੁਆਕ ਸੀ ਜੁਆਕ ਕੋਲੋ ਗਲਤੀ ਹੋ ਗਈ , ਆਖਕੇ ਗੱਲ ਠੰਡੀ ਪਾਉਣ ਦੀ ਨਾਕਾਮ ਕੋਸਿਸ ਕੀਤੀ ਜਾਂਦੀ ਹੈ। ਪਰ ਸਭ ਵਿਅਰਥ। ਮਸਲਾ ਹਲ ਨਹੀ ਹੁੰਦਾ।
ਸਹੁਰਿਆਂ ਹੱਥੋ ਹੋਈ ਫੁਫੱੜ ਦੀ ਇਸ ਆਖਰੀ ਸੇਵਾ ਦਾ ਖਮਿਆਜਾ ਭੂਆ ਨੂੰ ਜਿੰਦਗੀ ਭਰ ਭੁਗਤਣਾ ਪੈਦਾ ਹੈ।ਉਹ ਪੇਕਿਆਂ ਨਾਲੋ ਟੁਟ ਕੇ ਰਹਿ ਜਾਂਦੀ ਹੈ ਤੇ ਕਿਸੇ ਖੁਸ਼ੀ ਗਮੀ ਚ ਸ਼ਰੀਕ ਹੋਣ ਜੋਗੀ ਨਹੀ ਰਹਿੰਦੀ। ਤੇ ਫਿਰ ਜਦੋ ਵੀ ਕੋਈ ਰਿਸ਼ਤੇਦਾਰ ਜਿਆਦਾ ਤਿੰਨ ਪੰਜ ਕਰਦਾ ਹੈ ਤਾਂ ਹੀ ਤਾਂ ਲੋਕ ਅਕਸਰ ਕਹਿੰਦੇ ਹਨ ਸੁਧਰ ਜਾ ਕਿ ਕਰੀਏ ਫੁਫੱੜ ਆਲੀ।

Leave a Reply

Your email address will not be published. Required fields are marked *