ਮੇਰੇ ਪਿਆਰੇ ਅਜਨਬੀ ਜੀ।
ਰਾਮ ਰਾਮ ਜੀ।
ਮੈਨੂੰ ਸਮਝ ਨਹੀਂ ਆਉਂਦੀ ਕਿ ਤੁਹਾਨੂੰ ਪਿਆਰੇ ਭਾਈ ਸਾਹਿਬ ਲਿਖਾਂ ਕਿ ਪਿਆਰੇ ਦੋਸਤ, ਨਾ ਹੀ ਤੁਹਾਨੂੰ ਚੋਰ ਸਾਹਿਬ ਲਿਖ ਸਕਦਾ ਹੈ। ਕਿਉਂਕਿ ਚੋਰ ਨੂੰ ਸਾਹਿਬ ਲਿਖਣਾ ਵੀ ਗਲਤ ਹੈ ਭਾਵੇਂ ਬਹੁਤੇ ਸਾਹਿਬ ਚੋਰ ਹੀ ਹੁੰਦੇ ਹਨ। ਭਾਈ ਸਾਹਿਬ ਲਿਖਕੇ ਮੈਂ ਆਪਣੇ ਆਪ ਨੂੰ ਚੋਰ ਬਿਰਾਦਰੀ ਵਿੱਚ ਸ਼ਾਮਿਲ ਕਰਦਾ ਚੰਗਾ ਨਹੀਂ ਲੱਗਦਾ ਭਾਵੇਂ ਮੈਂ ਵੀ ਕਦੇ ਨਾ ਕਦੇ ਜਰੂਰ ਚੋਰੀ ਕੀਤੀ ਹੋਵੇਗੇ। ਇਸ ਲਈ ਅਜਨਬੀ ਜੀ ਲਿਖਿਆ ਹੈ।
ਕੱਲ੍ਹ ਮੈਂ ਮੇਰੇ ਵੱਡੇ ਭਰਾਵਾਂ ਦੀ ਜਗ੍ਹਾ ਲੱਗਦੇ ਦੋਸਤ ਨੂੰ ਸ਼ਰਧਾਂਜਲੀ ਦੇਣ ਲਈ ਅਗਰਵਾਲ ਧਰਮਸ਼ਾਲਾ ਗਿਆ ਸੀ। ਉੱਥੇ ਧਾਰਮਿਕ ਪੂਜਾ ਪਾਠ ਕੀਰਤਨ ਰੱਖਿਆ ਹੋਇਆ ਸੀ। ਜਿਸ ਲਈ ਅਸੀਂ ਸ਼ਰਧਾ ਵਸ ਆਪਣੇ ਚੱਪਲਾਂ ਬੂਟ ਬਾਹਰ ਹੀ ਉਤਾਰ ਦਿੰਦੇ ਹਾਂ। ਧਰਮ ਦੀ ਮਰਿਆਦਾ ਅਨੁਸਾਰ ਨੰਗੇ ਪੈਰ ਅੰਦਰ ਜਾਂਦੇ ਹਾਂ। ਹਜ਼ਾਰਾਂ ਦੀ ਭੀੜ ਵਾੰਗੂ ਮੈਂ ਵੀ ਆਪਣੀਆਂ ਬਾਟੇ ਦੀਆਂ ਨਵੀਆਂ ਚੱਪਲਾਂ ਬਾਹਰ ਗੇਟ ਕੋਲ੍ਹ ਹੀ ਉਤਾਰ ਦਿੱਤੀਆਂ। ਜੋ ਮੈਂ ਪਿਛਲੇ ਹਫਤੇ ਹੀ ਬਠਿੰਡੇ ਦੇ ਇੱਕ ਵੱਡੇ ਸ਼ੋਅਰੂਮ ਚੋ 499 ਰੁਪਏ ਦੀਆਂ ਖਰੀਦੀਆਂ ਸਨ। ਮੈਨੂੰ ਭੋਰਾ ਵੀ ਇਲਮ ਨਹੀਂ ਸੀ ਕਿ ਅਜਿਹੇ ਦੁਖਦ ਸਮਾਗਮਾਂ ਤੇ ਵੀ ਤੁਹਾਡੀ ਬਿਰਾਦਰੀ ਉਚੇਚੇ ਰੂਪ ਵਿੱਚ ਪਹੁੰਚਦੀ ਹੈ। ਧਾਰਮਿਕ ਸਮਾਗਮਾਂ ਤੇ ਅਸੀਂ ਭਗਵਾਨ ਦਾ ਨਾਮ ਲੈਣ, ਉਸਨੂੰ ਸੱਚੇ ਮਨ ਨਾਲ ਯਾਦ ਕਰਨ ਅਤੇ ਵਿਛੜੀ ਆਤਮਾ ਪ੍ਰਤੀ ਆਪਣਾ ਦੁੱਖ ਜਾਹਿਰ ਕਰਨ ਜਾਂਦੇ ਹਾਂ। ਪਰ ਹਰ ਜਾਣ ਵਾਲੇ ਦੀ ਸੁਤਾ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੀਆਂ ਕਾਰਵਾਈਆਂ ਵਿੱਚ ਪਈ ਰਹਿੰਦੀ ਹੈ। ਪਰ ਮੈਂ ਇਸ ਡਰ ਬਾਰੇ ਯ ਅਜਿਹੀ ਚੋਰੀ ਬਾਰੇ ਸੋਚਿਆ ਵੀ ਨਹੀਂ ਸੀ। ਮੈਂ ਬੇਫਿਕਰ ਹੋਕੇ ਉਥੇ ਹਾਜ਼ਰੀ ਲਵਾਈ ਸਭਨੂੰ ਮਿਲਿਆ। ਆਪਣੇ ਦੁੱਖ ਦਾ ਇਜ਼ਹਾਰ ਕੀਤਾ। ਕੁਝ ਸਮੇਂ ਲਈ ਮੇਰਾ ਮਨ ਵੀ ਗਮਗੀਨ ਸੀ ਤੇ ਮੌਤ ਦਾ ਖੌਫ ਮੇਰੇ ਚੇਹਰੇ ਤੇ ਸੀ। ਸਮਾਪਤੀ ਤੋਂ ਬਾਅਦ ਜਦੋਂ ਮੈਂ ਬਾਹਰ ਆਇਆ ਤਾਂ ਗੇਟ ਕੋਲੇ ਰੱਖੀਆਂ ਮੇਰੀਆਂ ਚੱਪਲਾਂ ਮੈਨੂੰ ਨਹੀਂ ਮਿਲੀਆਂ। ਮੈਂ ਕਾਫੀ ਤਲਾਸ਼ ਕੀਤੀ। ਓਥੇ ਹਾਜਰ ਦੂਸਰੇ ਲੋਕਾਂ ਨੇ ਚੱਪਲਾਂ ਭਾਲਣ ਵਿੱਚ ਮੇਰੀ ਕਾਫੀ ਮਦਦ ਕੀਤੀ। ਪਰ ਸਾਡੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ। ਮੇਰੇ ਨਾਲਦਿਆਂ ਨੇ ਚੱਪਲਾਂ ਦਾ ਚੋਰੀ ਹੋਣਾ ਘੋਸ਼ਿਤ ਕਰ ਦਿੱਤਾ। ਪਰ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ। ਮੈਂ ਉਹਨਾਂ ਨੂੰ ਚੋਰੀ ਹੋਈਆਂ ਨਹੀਂ ਗਵਾਚੀਆਂ ਹੋਈਆਂ ਮੰਨ ਰਿਹਾ ਸੀ। ਖੈਰ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਹੋਏ ਮੇਰੇ ਨਾਲ ਗਿਆ ਮੇਰਾ ਭਤੀਜਾ ਝੱਟ ਹੀ ਮੇਰੇ ਲਈ ਰਿਲੇਕਸੋ ਦੀਆਂ ਨਵੀਆਂ ਚੱਪਲਾਂ ਲ਼ੈ ਆਇਆ। ਕੁਝ ਕੁ ਸਮਝਦਾਰ ਲੋਕ ਮੈਨੂੰ ਅਜਿਹੇ ਸਮਾਗਮਾਂ ਤੇ ਚੱਪਲਾਂ ਰੱਖਣ ਲਾਹੁਣ ਦੇ ਤਰੀਕੇ ਸਮਝਾਉਣ ਲੱਗੇ। ਭਾਵੇਂ ਮੈਂ ਪੀੜਤ ਪਰਿਵਾਰ ਦੇ ਜੋਰ ਪਾਉਣ ਤੇ ਖਾਣਾ ਖਾਣ ਵੀ ਗਿਆ ਪਰ ਮੇਰੀ ਸੋਚ ਵਿੱਚ ਤੁਹਾਡੀ ਕਾਰਵਾਈ ਹੀ ਗੇੜੇ ਖਾ ਰਹੀ ਸੀ। ਉਹਨਾ ਨਵੀਆਂ ਚੱਪਲਾਂ ਦੀ ਤਸਵੀਰ ਮੇਰੀਆਂ ਅੱਖਾਂ ਮੂਹਰੇ ਘੁੰਮ ਰਹੀ ਸੀ। ਮੁਕਦੀ ਗੱਲ ਮੈਨੂੰ ਮੇਰੇ ਖਾਣੇ ਦੀ ਪਲੇਟ ਵਿਚੋਂ ਵੀ ਉਹ ਭੂਰੇ ਰੰਗ ਦੀਆਂ ਚੱਪਲਾਂ ਨਜ਼ਰ ਆ ਰਹੀਆਂ ਹਨ।
ਮੇਰੇ ਮਨ ਵਿਚ ਇਹ ਵੀ ਖਿਆਲ ਆਇਆ ਕਿ ਕੋਈਂ ਜਲਦੀ ਕਰਕੇ ਪਿਸ਼ਾਬ ਕਰਨ ਗਿਆ ਮੇਰੀਆਂ ਚੱਪਲਾਂ ਪਾ ਗਿਆ ਯ ਗਲਤੀ ਨਾਲ ਆਪਣੀਆਂ ਸਮਝਕੇ ਪਾ ਗਿਆ ਪਰ ਨਹੀਂ। ਮੈਨੂੰ ਪਤਾ ਚੱਲਿਆ ਕਿ ਇਕੱਲਾ ਮੈਂ ਹੀ ਤੁਹਾਡਾ ਸ਼ਿਕਾਰ ਨਹੀਂ ਬਣਿਆ ਸਗੋਂ ਕਈ ਹੋਰ ਮਹਿਮਾਨ ਵੀ ਤੁਹਾਡੀ ਕਾਰਵਾਈ ਕਰਕੇ ਬੂਟਾਂ ਜੁੱਤੀਆਂ ਚੱਪਲਾਂ ਤੋਂ ਰਹਿਤ ਹੋ ਗਏ ਸਨ। ਮਤਲਬ ਇਹ ਸਭ ਤੁਹਾਡੀ ਸੋਚੀ ਸਮਝੀ ਸਾਜਿਸ਼ ਸੀ। ਤੁਸੀਂ ਹਰ ਭੋਗ ਤੇ ਬਿਨਾਂ ਬੁਲਾਏ ਮਹਿਮਾਨ ਬਣਦੇ ਹੋ। ਚੰਗਾ ਖਾਂਦੇ ਪੀਂਦੇ ਹੋ। ਵਾਰੀ ਵਾਰੀ ਚਾਹ, ਕੌਫ਼ੀ, ਠੰਡੇ, ਜਲਜੀਰੇ ਨੂੰ ਗੇੜਾ ਦਿੰਦੇ ਹੋ ਤੇ ਜਾਂਦੀ ਵਾਰੀ ਨਵੇਂ ਬੂਟ ਚੱਪਲਾਂ ਵੀ ਲ਼ੈ ਜਾਂਦੇ ਹੋ।
ਮੈਨੂੰ ਸਮਝ ਨਹੀਂ ਆਉਂਦੀ ਕਿ ਰਾਮਬਾਗ ਯ ਕਿਸੇ ਦੀ ਅੰਤਿਮ ਅਰਦਾਸ ਤੇ ਜਾਕੇ ਸਭ ਨੂੰ ਕੁਝ ਪਲ ਲਈ ਮੌਤ ਯਾਦ ਆਉਂਦੀ ਹੈ ਤੇ ਹਰ ਕੋਈਂ ਬੁਰਾ ਕੰਮ ਛੱਡਣ ਤੇ ਰੱਬ ਤੋਂ ਡਰਦਾ ਹੈ ਪਰ ਤੁਸੀਂ ਨਿੱਧੜਕ ਹੋਕੇ ਆਪਣੀ ਕਾਰਵਾਈ ਪਾਉਂਦੇ ਹੋ।
ਇੰਜ ਨਾ ਕਰਿਆ ਕਰੋ ਲੋਕਾਂ ਦਾ ਧਿਆਨ ਸਤਿਸੰਗ ਕੀਰਤਨ ਪਾਠ ਦੀ ਬਜਾਇ ਆਪਣੇ ਬੂਟ ਚੱਪਲਾਂ ਵਿੱਚ ਰਹਿੰਦਾ ਹੈ।
ਮੈਂ ਇਹ ਸੋਚ ਕੇ ਸਬਰ ਕਰ ਰਿਹਾ ਹਾਂ ਖੋਰੇ ਇਹਨਾਂ ਚੱਪਲਾਂ ਦੀ ਤੁਹਾਨੂੰ ਮੇਰੇ ਨਾਲੋਂ ਜਿਆਦਾ ਜਰੂਰਤ ਹੋਵੇਗੀ। ਤੁਹਾਡੇ ਮਾਲੀ ਸਾਧਨ ਨਵੀਆਂ ਚੱਪਲਾਂ ਖਰੀਦਣ ਦੀ ਇਜਾਜ਼ਤ ਨਹੀਂ ਦਿੰਦੇ ਹੋਣਗੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ