ਜਦੋਂ ਛੋਟੇ ਹੁੰਦੇ ਸੀ ਉਦੋਂ ਕਿੰਨਾ ਚਾਅ ਹੁੰਦਾ ਸੀ ਚੰਦੂਏ ਖਾਣ ਦਾ। ਉਦੋਂ ਨਾਂ ਤਾਂ ਆਹ ਕੁਰਕੁਰੇ ਚਿਪਸ ਹੁੰਦੇ ਸੀ ਬਿਮਾਰੀਆਂ ਦਾ ਘਰ ਬੱਸ ਜੋ ਮਾਂ ਘਰ ਵਿੱਚ ਹੀ ਕੋਈ ਖਾਣ ਨੂੰ ਚੀਜ਼ ਬਣਾ ਕੇ ਦਿੰਦੀ ਉਹ ਸਾਡੇ ਲਈ ਕਿਸੇ ਮਹਿੰਗੀ ਮਠਿਆਈ ਤੋਂ ਘੱਟ ਨਹੀਂ ਸੀ ਹੁੰਦੀ। ਸਾਵਣ ਦਾ ਮਹੀਨਾ ਤਾਂ ਸਾਡੇ ਲਈ ਮਸਾਂ ਆਉਂਦਾ ਸੀ ਸਾਵਣ ਦੇ ਮਹੀਨੇ ਵਿੱਚ ਮਾਂ ਗੁਲਗਲੇ, ਖੀਰ ਪੂੜੇ, ਮੱਠੀਆਂ ਆਦਿ ਬਣਾ ਕੇ ਜਰੂਰ ਖਵਾਉਂਦੀ ਤੇ ਮਾਂ ਹਰ ਸਾਲ ਹੱਥੀਂ ਮਸ਼ੀਨ ਤੇ ਸੇਵੀਆਂ ਵੀ ਵੱਟਦੀ ਮਾਂ ਕਹਿੰਦੀ ਹੁੰਦੀ ਬਈ ਮੂਹਰੇ ਸਿਆਲ਼ ਆਊ ਦੁੱਧ ਹੋਜੂ ਖੁੱਲ੍ਹਾ ਰੋਜ਼ ਸੇਵੀਆਂ ਬਣਾ ਕੇ ਖਾਇਆ ਕਰਾਂਗੇ ਇਹਦੇ ਨਾਲ ਤਾਕਤ ਵੀ ਪੈਂਦੀ ਏ ਸਰੀਰ ਚ। ਮਾਂ ਜਦੋਂ ਸੇਵੀਆਂ ਵੱਟਦੀ ਤਾਂ ਸਾਡਾ ਤਿੰਨੇ ਭੈਣ ਭਰਾਵਾਂ ਦਾ ਧਿਆਨ ਇਸੇ ਗੱਲ ਚ ਹੁੰਦਾ ਕਿ ਸੇਵੀਆਂ ਵਾਲ਼ਾ ਆਟਾ ਬਚ ਰਹੇ ਤਾਂ ਮਾਂ ਤੋਂ ਚੰਦੂਏ ਬਣਾ ਕੇ ਖਾਵਾਂਗੇ ਜਦੋਂ ਆਟਾ ਥੋੜਾ ਜਿਹਾ ਰਹਿ ਜਾਂਦਾ ਤਾਂ ਮਾਂ ਸਾਨੂੰ ਕਹਿੰਦੀ ਕਿ ਇੱਕ ਜਣੀ ਜਾ ਕੇ ਚੁੱਲ੍ਹੇ ਵਿੱਚ ਅੱਗ ਬਾਲ ਦਿਓ।ਅੱਗ ਤਿਆਰ ਹੁੰਦੇ -ਹੁੰਦੇ ਮਾਂ ਸੇਵੀਆਂ ਵੱਟ ਕੇ ਬਾਕੀ ਬਚੇ ਆਟੇ ਦੇ ਛੋਟੇ – ਛੋਟੇ ਪੇੜੇ ਬਣਾ ਕੇ ਉਨ੍ਹਾਂ ਦੇ ਬਹੁਤ ਸੋਹਣੇ ਚੰਦੂਏ ਬਣਾ ਲੈਂਦੇ ਤੇ ਉਨ੍ਹਾਂ ਨੂੰ ਚੁੱਲ੍ਹੇ ਵਿੱਚ ਅੱਗ ਵਿੱਚ ਦੱਬ ਦਿੰਦੇ। ਜਦੋਂ ਉਹ ਪੱਕ ਕੇ ਤਿਆਰ ਹੋ ਜਾਂਦੇ ਤਾਂ ਮਾਂ ਸਾਨੂੰ ਉਹਨਾਂ ਨੂੰ ਖੰਭ ਘਿਓ ਨਾਲ ਭਰ ਕੇ ਦਿੰਦੀ ਇੰਜ ਲੱਗਦਾ ਹੁੰਦਾ ਜਿਵੇਂ ਦੇਸੀ ਘਿਓ ਦੀ ਚੂਰੀ ਦਾ ਸਵਾਦ ਹੋਵੇ ਬਹੁਤ ਸਵਾਦ ਹੁੰਦੇ ਸਨ ਚੰਦੂਏ।ਜੇ ਮੇਰੇ ਵਾਂਗ ਕਿਸੇ ਨੇ ਹੋਰ ਵੀ ਖਾਦੇ ਹਨ ਤਾਂ ਜ਼ਰੂਰ ਦੱਸਣਾ ਜੀ। ਧੰਨਵਾਦ ਜੀ।