ਮੈਂ ਜਦ ਨਵੀਂ – ਨਵੀਂ ਵਿਆਹੀ ਸਹੁਰੇ ਘਰ ਆਈ ਸੀ ਤਾਂ ਉਦੋਂ ਆਹ ਇਨਵੈਟਰ ਵਗੈਰਾ ਨਹੀਂ ਸੀ ਹੁੰਦੇ ਲਾਇਟ ਵਧੇਰੇ ਜਾਇਆ ਕਰਦੀ ਸੀ ਤਾਂ ਸਾਡੇ ਵਿਹੜੇ ਵਿਚ ਧਰੇਕ ਲੱਗੀ ਹੁੰਦੀ ਬਹੁਤ ਹੀ ਸੋਹਣੀ ਛਾਂ ਹੁੰਦੀ ਸੰਘਣੀ ਦਰਵਾਜ਼ੇ ਵਰਗੀ। ਜਦੋਂ ਲਾਇਟ ਚਲੀ ਜਾਂਦੀ ਸਾਰੇ ਆ -ਆ ਕੇ ਉਸ ਦੇ ਥੱਲੇ ਬੇਬੇ ਵਾਲੇ ਮੰਜੇ ਤੇ ਬੈਠੀ ਜਾਂਦੇ। ਨਾਲੇ ਤਾਂ ਇੱਕਠੇ ਬੈਠ ਕੇ ਹੱਸਦੇ ਖੇਡਦੇ ਨਾਲੇ ਉੱਥੇ ਹੀ ਚਾਹ ਪਾਣੀ ਖਾ ਪੀ ਲੈਂਦੇ। ਫਿਰ ਇੱਕ ਦਿਨ ਉਸ ਧਰੇਕ ਦੀ ਜਗ੍ਹਾ ਇਨਵੈਟਰ ਨੇ ਲੈ ਲਈ। ਲਾਇਟ ਗਈ ਦਾ ਪਤਾ ਹੀ ਨਾ ਲੱਗਦਾ ਕੋਈ ਉਸ ਥੱਲੇ ਨਾਂ ਬਹਿੰਦਾ। ਮੇਰੀ ਸੱਸ ਤਾਂ ਮੁੱਕ ਗਈ ਸੀ ਪਰ ਮੇਰੀ ਦਾਦੀ ਸੱਸ ਜਿਉਂਦੇ ਰਹੇ ਕਾਫੀ ਸਾਲ ਜਦੋਂ ਮੈਂ ਸ਼ਾਮ ਨੂੰ ਰੋਟੀ ਟੁੱਕ ਦਾ ਕੰਮ ਕਰਨ ਲੱਗ ਜਾਂਦੀ ਤਾਂ ਸਾਡੀ ਬੇਬੇ ਮੇਰੇ ਕੋਲ ਧਰੇਕ ਥੱਲੇ ਮੰਜਾ ਡਾਹ ਕੇ ਬੈਠ ਜਾਂਦੇ। ਉਹ ਉੱਥੇ ਬੈਠ ਕੇ ਮੈਨੂੰ ਸਬਜ਼ੀ ਵਗੈਰਾ ਕੱਟ ਕੇ ਦੇ ਦਿੰਦੇ। ਹੁਣ ਸਾਰਾ ਦਿਨ ਲਾਇਟ ਨਹੀਂ ਜਾਂਦੀ ਸੀ ਤਾਂ ਕਰਕੇ ਧਰੇਕ ਵੀ ਹੁਣ ਬੁਰੀ ਲੱਗਣ ਲੱਗ ਗਈ ਸੀ। ਮੈਂ ਕਹਿ ਦਿੰਦੀ ਕਿ ਇਸ ਦੇ ਤਾਂ ਛੋਟੇ -ਛੋਟੇ ਪੱਤਿਆਂ ਦਾ ਵਾਲਾ ਹੀ ਕੂੜਾ ਹੁੰਦਾ ਜਿਸ ਦਿਨ ਮੀਂਹ ਹਨੇਰੀ ਆ ਜਾਂਦਾ ਉਸ ਦਿਨ ਤਾਂ ਹਾਲ ਹੀ ਨਹੀਂ ਰਹਿੰਦਾ।ਪਰ ਬੇਬੇ ਜੀ ਮੈਨੂੰ ਕਹਿ ਦਿੰਦੇ ਜਿੰਨਾ ਚਿਰ ਭਾਈ ਮੈਂ ਜਿਉਂਦੀ ਹਾਂ ਉਨ੍ਹਾਂ ਚਿਰ ਨੀ ਪੱਟਣ ਦਿੰਦੀ ਦਰਖ਼ਤ ਨੂੰ ਜਦੋਂ ਮੈਂ ਮਰ ਗਈ ਉਦੋਂ ਪੱਟ ਦਿਓ ਇਸ ਤਰ੍ਹਾਂ ਵਿਚਾਰੀ ਧਰੇਕ ਬੇਬੇ ਜੀ ਦੀ ਉਮਰ ਨਾਲ ਆਪਣੀ ਉਮਰ ਭੁੱਗਤਦੀ ਰਹਿੰਦੀ। ਬੇਬੇ ਸਾਨੂੰ ਉਸ ਦੀ ਛਾਂ ਥੱਲੇ ਬੈਠਣ ਦੇ ਫਾਇਦੇ ਵੀ ਦੱਸਦੇ ਰਹਿੰਦੇ ਪਰ ਮੈਨੂੰ ਤਾਂ ਕੁੜ੍ਹੇ ਤੋਂ ਤਕਲੀਫ ਸੀ। 2017 ਵਿੱਚ ਬੇਬੇ ਜੀ ਦੀ ਮੌਤ ਹੋ ਗਈ ਤਾਂ ਧਰੇਕ ਨੂੰ ਇੱਕ ਮਹੀਨਾ ਵੀ ਨਹੀਂ ਪਿਆ ਪੁੱਟ ਦਿੱਤੀ ਗਈ ਪਰ ਮੇਰੇ ਪਾਪਾ ਜੀ ਮੇਰੇ ਨਾਲ ਬਹੁਤ ਲੜੇ ਕਿ ਵੱਡਾ ਬਜ਼ੁਰਗ ਤੇ ਰੁੱਖ ਤਾਂ ਭਾਈ ਘਰ ਦਾ ਭਾਗ ਹੁੰਦੇ ਨੇ ਜਿਹੜੇ ਘਰ ਵਿੱਚ ਇਹ ਦੋਵੇਂ ਨਾਂ ਹੋਣ ਉਸ ਘਰ ਵਿੱਚ ਰੌਣਕ ਤੇ ਸਿਆਣਪ ਨਹੀਂ ਹੁੰਦੀ। ਸੱਚ ਨਾਲ ਜੋ ਸ਼ਾਂਮ ਨੂੰ ਚਿੜੀਆਂ ਦੀ ਚੀਂ ਚੀਂ ਹੁੰਦੀ ਸੀ ਉਹ ਬੰਦ ਹੋ ਗਈ ਤੇ ਮੇਰੇ ਬੇਬੇ ਦੀ ਗੱਲ ਯਾਦ ਆ ਜਾਂਦੀ ਫੇਰ ਮੈਂ ਸ਼ੌਹ ਖਾ ਲਈ ਕਿ ਹੁਣ ਕੋਈ ਦਰਖ਼ਤ ਨਹੀਂ ਪੁੱਟਾਂਗੇ ਤੇ ਹੁਣ ਸਾਡੇ ਘਰ ਦੇ ਬਾਹਰ 6-7 ਦਰਖ਼ਤ ਲੱਗੇ ਹੋਏ ਨੇ ਪਸ਼ੂ ਆਰਾਮ ਕਰਦੇ ਨੇ ਉਹਨਾਂ ਥੱਲੇ ਤੇ ਧਰੇਕ ਵਾਲੇ ਟੋਏ ਵਿਚ ਅਸੀਂ ਜਾਂਮਣ ਲਾਈ ਹੋਈ ਹੈ ਜੋ ਧਰੇਕ ਦੀ ਕਮੀਂ ਨੂੰ ਪੂਰਾ ਕਰਦੀ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਮਗਰੋਂ ਸਵਾਦ ਦਿੰਦਾ। ਧੰਨਵਾਦ ਜੀ।